ਪੰਜਾਬ ਆਉਣ ਵਾਲੇ ਹਰ ਨਾਗਰਿਕ ਨੂੰ 21 ਦਿਨਾਂ ਲਈ ਰਖਿਆ ਜਾਵੇਗਾ ਏਕਾਂਤਵਾਸ
Published : Apr 29, 2020, 8:50 am IST
Updated : May 4, 2020, 2:06 pm IST
SHARE ARTICLE
File Photo
File Photo

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਉਂਦੇ ਦਿਨਾਂ 'ਚ ਥੋੜੀ ਢਿੱਲ ਦੇਣ ਦੇ ਸੰਕੇਤ

ਚੰਡੀਗੜ੍ਹ, 28 ਅਪਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਵੇਂ ਆਉਂਦੇ ਦਿਨਾਂ ਵਿਚ ਬੰਦਸ਼ਾਂ ਤੇ ਸਾਵਧਾਨੀਆਂ ਨਾਲ ਕੁੱਝ ਛੋਟਾਂ ਦੇਣ ਦੇ ਸੰਕੇਤ ਦਿਤੇ ਗਏ ਪਰ ਨਾਲ ਹੀ ਉਨ੍ਹਾਂ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੋਵਿਡ ਦੇ ਫੈਲਾਅ ਦੀ ਰੋਕਥਾਮ ਲਈ ਹੋਰਨਾਂ ਥਾਵਾਂ ਤੋਂ ਪੰਜਾਬ ਆਉਣ ਵਾਲੇ ਹਰੇਕ ਨਾਗਰਿਕ ਨੂੰ ਲਾਜ਼ਮੀ 21 ਦਿਨਾਂ ਦੇ ਏਕਾਂਤਵਾਸ 'ਤੇ ਭੇਜਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਰਾਜਸਥਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਤੇ ਮਜ਼ਦੂਰਾਂ ਨੂੰ ਸਰਹੱਦ ਉਤੇ ਹੀ ਰੋਕ ਕੇ ਸਰਕਾਰੀ ਏਕਾਂਤਵਾਸ ਕੇਂਦਰਾਂ ਉਤੇ ਭੇਜਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 21 ਦਿਨਾਂ ਲਈ ਉਹ ਦੂਜੇ ਲੋਕਾਂ ਨਾਲ ਘੁਲ-ਮਿਲ ਨਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਸਹਾਇਤਾ ਨਾਲ ਪਿਛਲੇ ਤਿੰਨ ਦਿਨਾਂ ਤੋਂ ਪਰਤ ਰਹੇ ਲੋਕਾਂ ਲਈ ਰਾਧਾ ਸੁਆਮੀ ਸਤਿਸੰਗ ਡੇਰਿਆਂ ਨੂੰ ਵੀ ਏਕਾਂਤਵਾਸ ਸਥਾਨ ਵਜੋਂ ਵਰਤਿਆ ਜਾਵੇਗਾ।

File photoFile photo

ਮੁੱਖ ਮੰਤਰੀ ਨੇ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਉਨ੍ਹਾਂ ਇਹ ਸੰਕੇਤ ਦਿੱਤਾ ਕਿ ਸੂਬੇ ਨੂੰ ਕੋਵਿਡ-19 ਕਰਫਿਊ/ਲਾਕਡਾਊਨ ਦੀ ਸਥਿਤੀ ਵਿਚੋਂ ਬਾਹਰ ਕੱਢਣ ਨੀਤੀ ਘੜਨ ਵਾਸਤੇ ਬਣਾਈ ਮਾਹਿਰਾਂ ਦੀ ਕਮੇਟੀ ਦੀ ਰੀਪੋਰਟ ਦੇ ਆਧਾਰ 'ਤੇ ਸਾਰੀਆਂ ਸਾਵਧਾਨੀਆਂ ਦਾ ਖਿਆਲ ਰਖਦਿਆਂ ਉਨ੍ਹਾਂ ਦੀ ਸਰਕਾਰ ਕੁੱਝ ਢਿੱਲ ਦੇ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਵੀਡੀਉ ਕਾਨਫ਼ਰੰਸ ਰਾਹੀਂ ਸੂਬੇ ਦੇ ਕਾਂਗਰਸੀ ਵਿਧਾਇਕਾਂ ਦੇ ਨਾਲ ਕੋਵਿਡ ਅਤੇ ਲਾਕਡਾਊਨ ਦੀ ਸਥਿਤੀ ਨਾਲ ਸੂਬੇ ਵਿਚ ਚਲ ਰਹੇ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਚਰਚਾ ਕਰ ਰਹੇ ਸਨ।

ਵਿਧਾਇਕਾਂ ਵਿਚ ਵੱਡੇ ਪੱਧਰ 'ਤੇ ਇਸ ਗੱਲ 'ਤੇ ਸਹਿਮਤੀ ਸੀ ਕਿ ਸਿਰਫ ਕੁੱਝ ਖੇਤਰਾਂ ਵਿਚ ਬਹੁਤ ਸੀਮਤ ਛੋਟਾਂ ਦੇ ਨਾਲ ਬੰਦਸ਼ਾਂ ਨੂੰ ਕੁੱਝ ਹੋਰ ਹਫ਼ਤਿਆਂ ਲਈ ਜਾਰੀ ਰਖਿਆ ਜਾਵੇ ਅਤੇ ਸੂਬੇ ਦੀਆਂ ਸਰਹੱਦਾਂ ਦੇ ਨਾਲ ਜ਼ਿਲ੍ਹਿਆਂ ਅਤੇ ਪਿੰਡਾਂ ਦੀਆਂ ਸਰਹੱਦਾਂ ਨੂੰ ਵੀ ਸੀਲ ਰਖਿਆ ਜਾਵੇ। ਉਨ੍ਹਾਂ ਬੰਦਸ਼ਾਂ ਨੂੰ ਹਟਾਉਣ ਵਿਚ ਬੇਹੱਦ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਬਾਹਰੀ ਸੰਪਰਕ ਤੇ ਫੈਲਾਅ ਨੂੰ ਸੀਮਤ ਕਰਨ ਲਈ ਕਿਸੇ ਵੀ ਕੋਵਿਡ ਮਰੀਜ਼ ਦਾ ਇਲਾਜ ਉਸ ਦੇ ਸਬੰਧਤ ਜ਼ਿਲ੍ਹੇ ਵਿਚ ਹੀ ਕਰਨ ਦੀ ਗੱਲ ਕੀਤੀ।

ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਰੇ ਅਹਿਤਿਆਤੀ ਉਪਾਵਾਂ ਦੀ ਪਾਲਣਾ ਕਰ ਕੇ ਲੋਕਾਂ ਲਈ ਉਦਾਹਰਨ ਪੇਸ਼ ਕਰਨ। ਵੀਡੀਉ ਕਾਨਫ਼ਰੰਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਸ੍ਰੀ ਜਾਖੜ ਨੇ ਪੇਂਡੂ ਖੇਤਰਾਂ ਵਿੱਚ ਸਥਿਤ ਸਨਅਤਾਂ ਨੂੰ ਰਾਤ ਸਮੇਂ ਚਲਾਉਣ ਦੀ ਇਜਾਜ਼ਤ ਦੇਣ ਦਾ ਸੁਝਾਅ ਪੇਸ਼ ਕੀਤਾ ਤਾਂ ਕਿ ਵਰਕਰਾਂ ਦਾ ਆਪਸ ਵਿੱਚ ਰਲੇਵਾਂ ਰੋਕਿਆ ਜਾ ਸਕੇ।

ਵੱਖ-ਵੱਖ ਵਿਧਾਇਕਾਂ ਨੇ ਟੈਸਟਿੰਗ ਸੁਵਿਧਾਵਾਂ, ਵੈਂਟੀਲੇਟਰਾਂ, ਰਾਹਤ ਲਈ ਰਾਸ਼ਨ ਕਿੱਟਾਂ ਦੀ ਘਾਟ ਦੇ ਮੁੱਦੇ ਉਠਾਏ ਜਦੋਂ ਕਿ ਪਠਾਨਕੋਟ ਤੋਂ ਵਿਧਾਇਕ ਅਮਿਤ ਵਿੱਜ ਅਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਹੋਰ ਸੈਂਪਲਾਂ ਦਾ ਮਾਮਲਾ ਉਠਾਇਆ। ਉਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਲਈ ਵੀ ਆਖਿਆ ਕਿਉਂ ਜੋ ਸਾਰੇ ਬੱਚੇ ਆਨਲਾਈਨ ਕਲਾਸਾਂ ਦਾ ਹਿੱਸਾ ਨਹੀਂ ਬਣ ਸਕਦੇ ਅਤੇ ਕਈਆਂ ਕੋਲ ਤਾਂ ਸਮਾਰਟ ਫੋਨ ਵੀ ਨਹੀਂ ਹਨ। ਉਨ੍ਹਾਂ ਨੇ ਇਸ ਅਣਕਿਆਸੇ ਸੰਕਟ ਦੌਰਾਨ ਲੋਕਾਂ ਲਈ ਇੰਟਰਨੈੱਟ ਦੀ ਮੁਫਤ ਵਰਤੋਂ ਅਤੇ ਮੁਫਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਆਖਿਆ।
ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਟੈਸਟਿੰਗ ਸੁਵਿਧਾ ਜ਼ਿਲ੍ਹਾ ਪੱਧਰ 'ਤੇ ਮੁਹੱਈਆ ਹੋਣੀ ਚਾਹੀਦੀ ਹੈ

(ਇਸ ਵੇਲੇ ਸੈਂਪਲ ਅੰਮ੍ਰਿਤਸਰ ਵਿਖੇ ਭੇਜੇ ਜਾ ਰਹੇ ਹਨ)। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਟੈਸਟਿੰਗ ਲਈ ਪ੍ਰਵਾਨਗੀ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਨਵੀਆਂ ਰੈਪਿਡ ਟੈਸਟਿੰਗ ਕਿੱਟਾਂ ਦੀ ਉਡੀਕ ਵਿੱਚ ਹੈ ਕਿਉਂਕਿ ਪਹਿਲਾਂ ਕਿੱਟਾਂ ਨੁਕਸਦਾਰ ਪਾਈਆਂ ਗਈਆਂ ਸਨ। ਟੈਸਟਿੰਗ ਵਧਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੋ ਮੋਹਾਲੀ ਤੋਂ ਨੁਮਾਇੰਦਗੀ ਕਰਦੇ ਹਨ, ਨੇ ਕਿਹਾ ਕਿ ਗਰਮੀਆਂ ਵਿੱਚ ਪੀ.ਪੀ.ਈ. ਦੀ ਵਰਤੋਂ ਮੁਸ਼ਕਲ ਹੋ ਗਈ ਹੈ ਅਤੇ ਵਿਭਾਗ ਵੱਲੋਂ ਟੈਸਟਿੰਗ ਲਈ 'ਕਿਓਸਕ' ਬਣਾਉਣ ਦਾ ਬਦਲ ਤਲਾਸ਼ਿਆ ਜਾ ਰਿਹਾ ਹੈ।

File photoFile photo

ਰਾਜ ਕੁਮਾਰ ਵੇਰਕਾ (ਅੰਮ੍ਰਿਤਸਰ) ਗਰੀਬਾਂ ਦੇ ਬਿੱਲਾਂ ਨੂੰ ਮੁਆਫ ਕਰਨ ਅਤੇ ਸਕੂਲਾਂ ਵੱਲੋਂ ਫੀਸਾਂ ਨਾ ਦੇਣ ਦੇ ਹੱਕ ਵਿੱਚ ਸਨ। ਉਹ ਅਤੇ ਰਾਣਾ ਗੁਰਜੀਤ ਸਿੰਘ (ਕਪੂਰਥਲਾ) ਫਰੰਟ ਲਾਈਨ 'ਤੇ ਕੰਮ ਕਰ ਰਹੇ ਮੀਡੀਆ ਕਰਮੀਆਂ ਅਤੇ ਠੇਕੇਦਾਰੀ/ਕੰਟਰੈਕਟ 'ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਲਈ ਸਿਹਤ ਬੀਮਾ ਕਵਰ ਵੀ ਚਾਹੁੰਦੇ ਸਨ। ਰਾਣਾ ਗੁਰਜੀਤ ਸਿੰਘ ਨੇ ਸੁਝਾਅ ਦਿੱਤਾ ਕਿ ਡੇਅਰੀਆਂ ਨਾਲ ਪਏ ਵਾਧੂ ਦੁੱਧ ਨੂੰ ਮੱਧ ਵਰਗ ਅਤੇ ਲੋੜਵੰਦਾਂ ਸਮੇਤ ਜਨਤਕ ਵੰਡ ਪ੍ਰਣਾਲੀ ਅਧੀਨ ਮੁਫਤ ਵੰਡਣ ਲਈ ਸੁੱਕੇ ਦੁੱਧ ਦੇ ਪਾਊਡਰ ਵਿੱਚ ਬਦਲਿਆ ਜਾਣਾ ਚਾਹੀਦਾ ਹੈ।

ਸੁਖਪਾਲ ਸਿੰਘ ਭੁੱਲਰ (ਖੇਮਕਰਨ) ਨੇ ਗਰੀਨ ਪਿੰਡਾਂ ਨੂੰ ਢਿੱਲ ਸਮੇਂ ਵੀ ਸੀਲ ਕਰਨ ਦਾ ਸੁਝਾਅ ਦਿਤਾ ਤੇ ਕਿਹਾ ਕਿ ਲੋਕਾਂ (ਸ਼ਰਧਾਲੂਆਂ ਜਾਂ ਹੋਰਾਂ) ਨੂੰ ਉਨ੍ਹਾਂ ਦੇ ਏਕਾਂਤਵਾਸ ਸਮੇਂ ਨੂੰ ਪੂਰੇ ਹੋਣ ਤੱਕ ਪਿੰਡਾਂ ਵਿਚ ਦਾਖ਼ਲ ਹੋਣ ਦੀ ਆਗਿਆ ਨਾ ਦਿੱਤੀ ਜਾਵੇ। ਨਵਤੇਜ ਸਿੰਘ ਚੀਮਾ (ਸੁਲਤਾਨਪੁਰ ਲੋਧੀ) ਅਤੇ ਭਾਰਤ ਭੂਸ਼ਣ ਆਸ਼ੂ (ਕੈਬਨਿਟ ਮੰਤਰੀ ਅਤੇ ਲੁਧਿਆਣਾ ਪੱਛਮੀ ਵਿਧਾਇਕ) ਨੇ ਸੈਕਟਰ/ਖੇਤਰ ਨੂੰ ਸੀਮਤ ਹੱਦ ਤੱਕ ਛੋਟ ਦੇਣ ਲਈ ਸਖ਼ਤੀ ਦੀ ਹਮਾਇਤ ਕੀਤੀ, ਜਦੋਂ ਕਿ ਦਸੂਆ ਦੇ ਵਿਧਾਇਕ ਅਰੁਣ ਡੋਗਰਾ ਨੇ ਇਕ ਡਰਾਈਵਰ 'ਤੇ ਚਿੰਤਾ ਜ਼ਾਹਰ ਕੀਤੀ ਜੋ ਨਾਂਦੇੜ ਤੋਂ ਸ਼ਰਧਾਲੂਆਂ ਨੂੰ ਮਿਲਿਆ ਤੇ ਅੱਜ ਟੈਸਟਿੰਗ 'ਚ ਪਾਜ਼ੇਟਿਵ ਪਾਇਆ ਗਿਆ।

ਬਲਵਿੰਦਰ ਸਿੰਘ ਲਾਡੀ (ਸ੍ਰੀ ਹਰਗੋਬਿੰਦਪੁਰ) ਨੇ ਮੰਡੀਆਂ ਵਿਚੋਂ ਅਨਾਜ ਦੀ ਚੁਕਾਈ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਜਦੋਂ ਕਿ ਪਰਗਟ ਸਿੰਘ (ਜਲੰਧਰ ਛਾਉਣੀ) ਨੇ ਉਦਯੋਗ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਚਾਨਣਾ ਪਾਇਆ। ਬਾਵਾ ਹੈਨਰੀ (ਜਲੰਧਰ ਉੱਤਰ) ਦੁਆਰਾ ਪੀੜਤ ਮਰੀਜ਼ਾਂ ਲਈ ਘਰ ਦੀ ਇਕੱਲਤਾ ਦਾ ਮੁੱਦਾ ਉਠਾਇਆ ਗਿਆ।

ਸੁਸ਼ੀਲ ਰਿੰਕੂ (ਜਲੰਧਰ ਪੱਛਣੀ) ਨੇ ਇੱਛਾ ਜ਼ਾਹਿਰ ਕੀਤੀ ਕਿ ਮਜਨੂ ਕਾ ਟੀਲਾ ਗੁਰਦੁਆਰੇ ਵਿਚ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਂਦਾ ਜਾਵੇ ਜਿਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮੁੱਦੇ 'ਤੇ ਪਹਿਲਾਂ ਹੀ ਦਿੱਲੀ ਸਰਕਾਰ ਨੂੰ ਲਿਖ ਚੁੱਕੀ ਹੈ। ਦਰਸ਼ਨ ਲਾਲ (ਬਲਾਚੌਰ) ਚਾਹੁੰਦੇ ਸਨ ਕਿ ਦੂਸਰੀਆਂ ਥਾਵਾਂ ਤੋਂ ਆਉਣ ਵਾਲੇ ਪ੍ਰਭਾਵਿਤ ਮਾਮਲਿਆਂ ਨੂੰ ਰੋਕਣ ਲਈ ਰਾਜ ਦੀਆਂ ਸਰਹੱਦਾਂ ਨੂੰ ਸਖ਼ਤੀ ਨਾਲ ਸੀਲ ਕਰ ਦਿੱਤਾ ਜਾਵੇ, ਅਤੇ ਅੰਗਦ ਸਿੰਘ ਸੈਣੀ (ਨਵਾਂ ਸ਼ਹਿਰ) ਨੇ ਕੋਵਿਡ ਵਿਰੁੱਧ ਚੱਲ ਰਹੀ ਲੜਾਈ ਨੂੰ ਲੰਬੀ ਲੜਾਈ ਦੱਸਿਆ।

ਗੁਰਪ੍ਰੀਤ ਸਿੰਘ ਜੀ.ਪੀ. (ਬੱਸੀ ਪਠਾਣਾ) ਨੇ ਮਿਲਕਫੈਡ ਪੰਜਾਬ ਵੱਲੋਂ ਬਸੀ ਪਠਾਣਾ ਵਿਖੇ ਸਥਾਪਤ ਕੀਤੇ ਜਾ ਰਹੇ ਮੈਗਾ ਮਿਲਕ ਪਲਾਂਟ ਦੀ ਸ਼ੁਰੂਆਤ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਛੋਟੇ ਉਤਪਾਦਨ ਅਤੇ ਮਜ਼ਦੂਰਾਂ ਨੂੰ ਸਹਾਇਤਾ ਦਿੱਤੀ ਜਾ ਸਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement