
ਨੇੜਲੇ ਪਿੰਡ ਭੈਰੋਂ ਭੱਟੀ ਵਿਖੇ ਪਿੰਡ ਵਾਸੀਆਂ ਵਲੋਂ ਸ਼ਿਕਾਰ ਖੇਡਦਿਆਂ ਅਪਣੀ ਰਾਈਫ਼ਲ ਨਾਲ ਨੀਲ ਗਾਂ (ਰੋਜ਼) ਦੀ ਗੋਲੀ ਮਾਰ ਕੇ ਹਤਿਆ ਕਰ ਦੇਣ ਦੀ ਖ਼ਬਰ ਮਿਲੀ ਹੈ
ਕੋਟਕਪੂਰਾ, 28 ਅਪ੍ਰੈਲ (ਗੁਰਿੰਦਰ ਸਿੰਘ): ਨੇੜਲੇ ਪਿੰਡ ਭੈਰੋਂ ਭੱਟੀ ਵਿਖੇ ਪਿੰਡ ਵਾਸੀਆਂ ਵਲੋਂ ਸ਼ਿਕਾਰ ਖੇਡਦਿਆਂ ਅਪਣੀ ਰਾਈਫ਼ਲ ਨਾਲ ਨੀਲ ਗਾਂ (ਰੋਜ਼) ਦੀ ਗੋਲੀ ਮਾਰ ਕੇ ਹਤਿਆ ਕਰ ਦੇਣ ਦੀ ਖ਼ਬਰ ਮਿਲੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਸੰਕਟ ਕਾਰਨ ਤਾਲਾਬੰਦੀ ਅਤੇ ਕਰਫ਼ਿਊ ਦੇ ਬਾਵਜੂਦ ਗੋਲੀ ਚੱਲਣ ਦੀ ਘਟਨਾ ਨਾਲ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਸਿਰਦਰਦੀ ’ਚ ਵਾਧਾ ਹੋਇਆ ਹੈ, ਉੱਥੇ ਪਿੰਡ ਵਾਸੀਆਂ ਨੂੰ ਸਨਸਨੀ ਦਾ ਮਾਹੌਲ ਪੈਦਾ ਹੋਣਾ ਵੀ ਸੁਭਾਵਕ ਹੈ।
ਪਿੰਡ ਵਾਸੀ ਸੁਖਮੇਲ ਸਿੰਘ ਕਾਲਾ ਸਾਬਕਾ ਮੈਂਬਰ ਬਲਾਕ ਸੰਮਤੀ ਦੇ ਖੇਤਾਂ ’ਚੋਂ ਮ੍ਰਿਤਕ ਹਾਲਤ ’ਚ ਜਾਨਵਰ ਨੂੰ ਲਿਜਾਣ ਮੌਕੇ ਜੰਗਲਾਤ ਵਿਭਾਗ ਦੇ ਰੇਂਜ਼ ਅਫ਼ਸਰ ਸੁਖਦਰਸ਼ਨ ਸਿੰਘ ਬਾਜਖਾਨਾ ਨੂੰ ਸੌਂਪੀ ਸ਼ਿਕਾਇਤ ’ਚ ਸੁਖਮੇਲ ਸਿੰਘ ਦੇ ਭਰਾਵਾਂ ਗੁਰਤੇਜ ਸਿੰਘ ਅਤੇ ਬਲਤੇਜ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਖੇਤ ਦੇ ਗੁਆਂਢੀਆਂ ਚਰਨਜੀਤ ਸਿੰਘ, ਦਰਸ਼ਨਪਾਲ ਸਿੰਘ ਅਤੇ ਉਸ ਦੇ ਪੁੱਤਰ ਬਲਜਿੰਦਰ ਸਿੰਘ ਨੇ ਕਥਿਤ ਤੌਰ ’ਤੇ ਅਪਣੀਆਂ ਰਾਈਫ਼ਲਾਂ ਨਾਲ ਤਿੰਨ ਗੋਲੀਆਂ ਚਲਾਈਆਂ, ਜਿਸ ਕਰ ਕੇ ਇਕ ਜਾਨਵਰ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ।
ਉਨ੍ਹਾਂ ਦਸਿਆ ਕਿ ਮ੍ਰਿਤਕ ਜਾਨਵਰ ਦੀ ਪੋਸਟਮਾਰਟਮ ਰੀਪੋਰਟ ਰਾਹੀਂ ਹੀ ਪਤਾ ਲੱਗੇਗਾ ਕਿ ਜਾਨਵਰ ਦੀ ਮੌਤ ਕਿਸ ਰਾਈਫ਼ਲ ਦੀ ਗੋਲੀ ਨਾਲ ਹੋਈ ਹੈ। ਮੁਲਜ਼ਮਾਂ ਵਜੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਮੁਤਾਬਕ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ। ਸੰਪਰਕ ਕਰਨ ’ਤੇ ਸਥਾਨਕ ਸਦਰ ਥਾਣੇ ਦੇ ਮੁਖੀ ਅਮਰਜੀਤ ਸਿੰਘ ਸੰਧੂ ਨੇ ਦਸਿਆ ਕਿ ਜੰਗਲਾਤ ਅਫ਼ਸਰ ਦੇ ਬਿਆਨਾਂ ਦੇ ਅਧਾਰ ’ਤੇ ਚਰਨਜੀਤ ਸਿੰਘ, ਬਲਜਿੰਦਰ ਸਿੰਘ ਅਤੇ ਦਰਸ਼ਨਪਾਲ ਸਿੰਘ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਮਾਮਲੇ ’ਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।