
2-3 ਮਹੀਨੇ ਤਕ ਔਰਤਾਂ ਨੂੰ 1000-1000 ਰੁਪਏ ਦੇਣ ਦੀ ਗਰੰਟੀ ਵੀ ਪੂਰੀ ਕੀਤੀ ਜਾਵੇਗੀ : ਡਾ. ਬਲਜੀਤ ਕੌਰ
ਜੂਨ ਵਿਚ ਪੇਸ਼ ਹੋਣ ਵਾਲੇ 'ਆਪ' ਸਰਕਾਰ ਦੇ ਪਹਿਲੇ ਬਜਟ ਵਿਚ ਯੋਜਨਾ ਸ਼ਾਮਲ ਕਰਨ ਦਾ ਸੰਕੇਤ
ਚੰਡੀਗੜ੍ਹ, 28 ਅਪ੍ਰੈਲ (ਭੁੱਲਰ): ਭਗਵੰਤ ਮਾਨ ਸਰਕਾਰ ਵਿਚ ਸ਼ਾਮਲ ਇਕੋ ਇਕ ਮਹਿਲਾ ਮੰਤਰੀ ਡਾ. ਬਲਜੀਤ ਕੌਰ ਨੇ ਚੋਣਾਂ ਸਮੇਂ ਪਾਰਟੀ ਵਲੋਂ ਔਰਤਾਂ ਨੂੰ ਦਿਤੀ ਗਰੰਟੀ ਬਾਰੇ ਅੱਜ ਅਹਿਮ ਬਿਆਨ ਦਿਤਾ ਹੈ | ਉਨ੍ਹਾਂ ਕਿਹਾ ਹੈ ਕਿ ਪਾਰਟੀ ਵਲੋਂ ਦਿਤੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿਤੇ ਜਾਣ ਦੀ ਗਰੰਟੀ ਛੇਤੀ ਹੀ ਪੂਰੀ ਕੀਤੀ ਜਾਵੇਗੀ |
ਜ਼ਿਕਰਯੋਗ ਹੈ ਕਿ ਇਸ ਗਰੰਟੀ ਨੂੰ ਲੈ ਕੇ ਇਹਨੀਂ ਦਿਨੀਂ ਵਿਰੋਧੀ ਪਾਰਟੀਆਂ ਵਲੋਂ 'ਆਪ' ਸਰਕਾਰ 'ਤੇ ਵਾਰ ਵਾਰ ਸਵਾਲ ਚੁਕੇ ਜਾ ਰਹੇ ਹਨ ਅਤੇ ਡਾ. ਬਲਜੀਤ ਕੌਰ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਕੇ ਮਾਮਲੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ 2-3 ਮਹੀਨੇ ਅੰਦਰ ਐਲਾਨੀ ਗਈ ਗਰੰਟੀ ਤਹਿਤ ਯੋਜਨਾ ਲਾਗੂ ਕਰ ਕੇ 18 ਸਾਲ ਤੋਂ ਉਪਰ ਦੀ ਉਮਰ ਵਾਲੀ ਔਰਤ ਦੇ ਖਾਤੇ ਵਿਚ 1000-1000 ਰੁਪਏ ਰਾਸ਼ੀ ਪਾਉਣੀ ਸ਼ੁਰੂ ਕਰ ਦਿਤੀ ਜਾਵੇਗੀ |
ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਨਵੇਂ ਬਜਟ ਵਿਚ ਇਸ ਸਕੀਮ ਲਈ ਪੈਸਾ ਰੱਖ ਕੇ ਔਰਤਾਂ ਨੂੰ ਇਹ ਰਾਸ਼ੀ ਦੇਣ ਦਾ ਐਲਾਨ ਕੀਤਾ ਜਾਵੇਗਾ | 'ਆਪ' ਸਰਕਾਰ ਦਾ ਪਹਿਲਾ ਬਜਟ ਜੂਨ ਮਹੀਨੇ ਦੌਰਾਨ ਹੋਣਾ ਹੈ | ਬਿਜਲੀ ਦੇ 300 ਯੂਨਿਟ ਮੁਫ਼ਤ ਦੇਣ ਦੀ ਸਕੀਮ ਵੀ ਜੁਲਾਈ ਮਹੀਨੇ ਤੋਂ ਲਾਗੂ ਕਰਨ ਦਾ ਐਲਾਨ ਹੈ ਅਤੇ ਇਸ ਤਰ੍ਹਾਂ ਕਈ ਅਹਿਮ ਗਰੰਟੀਆਂ ਲਾਗੂ ਕਰਨ ਬਾਰੇ ਐਲਾਨ ਨਵੇਂ ਬਜਟ ਵਿਚ ਹੀ ਰਾਸ਼ੀ ਦਾ ਪ੍ਰਬੰਧ ਕਰ ਕੇ ਕੀਤੇ ਜਾਣਗੇ |