
ਪਿੰਡ ਸਤੌਜ ਵਿਖੇ ਪਤਨੀ ਵਲੋਂ ਅਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਤੰਗ ਪ੍ਰੇਸ਼ਾਨ ਕਰਨ ਕਾਰਨ ਪਤੀ ਵਲੋਂ ਖ਼ੁਦਕੁਸ਼ੀ ਕਰ ਲਏ
ਸੰਗਰੂਰ, 28 ਮਈ (ਸ.ਸ.ਸ.): ਪਿੰਡ ਸਤੌਜ ਵਿਖੇ ਪਤਨੀ ਵਲੋਂ ਅਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਤੰਗ ਪ੍ਰੇਸ਼ਾਨ ਕਰਨ ਕਾਰਨ ਪਤੀ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਧਰਮਗੜ੍ਹ 'ਚ ਮ੍ਰਿਤਕ ਲੜਕੇ ਦੇ ਪਿਤਾ ਬਸੰਤ ਸਿੰਘ ਵਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦੇ ਲੜਕੇ ਕੇਵਲ ਸਿੰਘ ਦੀ ਸ਼ਾਦੀ ਅਮਨਦੀਪ ਕੌਰ ਵਾਸੀ ਮਹਾਂ ਸਿੰਘ ਵਾਲਾ ਨਾਲ ਤਕਰੀਬਨ ਅੱਠ ਸਾਲ ਪਹਿਲਾਂ ਹੋਈ ਸੀ ਜਿਸ ਦੇ ਚਾਰ ਸਾਲ ਦੀ ਇਕ ਬੱਚੀ ਵੀ ਹੈ। ਪਿੰਡ ਦਾ ਹੀ ਨੌਜਵਾਨ ਦੁੱਲਾ ਸਿੰਘ ਜੋ ਉਸ ਦੇ ਲੜਕੇ ਕੇਵਲ ਸਿੰਘ ਦਾ ਦੋਸਤ ਸੀ, ਦੇ ਕੋਲ ਘਰ ਆਉਦਾ ਜਾਂਦਾ ਸੀ ਜਿਸ ਦੇ ਕੇਵਲ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸਬੰਧ ਬਣ ਗਏ। ਉਨ੍ਹਾਂ ਨੂੰ ਮ੍ਰਿਤਕ ਕੇਵਲ ਸਿੰਘ ਅਜਿਹਾ ਕਰਨ ਤੋਂ ਰੋਕਦਾ ਸੀ।
File photo
ਉਨ੍ਹਾਂ ਉਸ ਨੂੰ ਅਪਣੇ ਪ੍ਰੇਮ ਸਬੰਧਾਂ ਵਿਚ ਰੋੜਾ ਸਮਝ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦਸਿਆ ਕਿ ਹੁਣ ਕੁੱਝ ਦਿਨ ਪਹਿਲਾਂ ਉਸ ਦੀ ਪਤਨੀ ਇਸੇ ਗੱਲੋਂ ਗੁੱਸੇ ਹੋ ਕੇ ਅਪਣੇ ਪੇਕੇ ਪਿੰਡ ਚਲੀ ਗਈ ਸੀ ਜਿਸ ਦੇ ਜਾਣ ਤੋਂ ਬਾਅਦ ਉਸ ਦਾ ਲੜਕਾ ਹੋਰ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸੇ ਪ੍ਰੇਸ਼ਾਨੀ ਦੌਰਾਨ ਹੀ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਨੂੰ ਤੁਰਤ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਸ ਦੀ ਬਾਅਦ 'ਚ ਮੌਤ ਹੋ ਗਈ ।
ਇਸ ਸਬੰਧੀ ਥਾਣਾ ਮੁਖੀ ਧਰਮਗੜ੍ਹ ਸਬ ਇੰਸਪੈਕਟਰ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਇਸ ਮਾਮਲੇ 'ਚ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਸ ਮੌਕੇ ਸਬ ਇੰਸਪੈਕਟਰ ਰਾਮ ਸਿੰਘ, ਮੁੱਖ ਮੁਨਸ਼ੀ ਸੁਰੇਸ਼ ਕੁਮਾਰ, ਹੌਲਦਾਰ ਸੁਖਵਿੰਦਰ ਸਿੰਘ, ਰਾਜਵਿੰਦਰ ਕੌਰ, ਤਲਵਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ।