
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿਚ ਹੜ੍ਹ ਰੋਕੋ ਤਿਆਰੀਆਂ ਨੂੰ ਪਹਿਲ
ਚੰਡੀਗੜ੍ਹ, 28 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿਚ ਹੜ੍ਹ ਰੋਕੋ ਤਿਆਰੀਆਂ ਨੂੰ ਪਹਿਲ ਦਿੰਦਿਆਂ ਇਨ੍ਹਾਂ ਦੇ ਪ੍ਰਬੰਧਾਂ ਅਤੇ ਡਰੇਨਾਂ ਦੀ ਸਫਾਈ ਲਈ 55 ਕਰੋੜ ਰੁਪਏ ਮਨਜ਼ੂਰ ਕੀਤੇ। ਇਸ ਦੇ ਨਾਲ ਹੀ ਆਗਾਮੀ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਾਰੇ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿਤੇ। ਸੂਬੇ ਦੇ ਹੜ੍ਹ ਰੋਕੋ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੱਦੀ ਵੀਡੀਉ ਕਾਨਫ਼ਰੰਸਿੰਗ ਮੀਟਿੰਗ ਵਿਚ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਕਿਹਾ ਕਿ ਡਰੇਨਾਂ ਦੀ ਸਫ਼ਾਈ 30 ਜੂਨ ਤੋਂ ਪਹਿਲਾਂ ਕਰਵਾਉਣ ਲਈ 50 ਕਰੋੜ ਰੁਪਏ ਤੁਰਤ ਡਿਪਟੀ ਕਮਿਸ਼ਨਰਾਂ ਨੂੰ ਮੁਹੱਈਆ ਕਰਵਾ ਦਿਤੇ ਜਾਣ ਅਤੇ ਸਾਰੇ ਹੜ੍ਹ ਰੋਕੋ ਕੰਮਾਂ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਤਕ ਮੁਕੰਮਲ ਕਰ ਲਿਆ ਜਾਵੇ।
File photo
ਜਲ ਸਰੋਤ ਵਿਭਾਗ ਲਈ ਵੀ ਐਮਰਜੈਂਸੀ ਕੰਮਾਂ ਵਾਸਤੇ 5 ਕਰੋੜ ਰੁਪਏ ਹੋਰ ਮਨਜ਼ੂਰ ਕਰ ਦਿਤੇ ਹਨ। ਮੀਟਿੰਗ ਵਿਚ ਇਜ਼ਰਾਈਲ ਦੀ ਕੌਮੀ ਜਲ ਕੰਪਨੀ ਮੈਕਰੋਟ ਡਿਵੈਲਪਮੈਂਟ ਐਂਡ ਐਂਟਰਪ੍ਰਾਈਜਜ਼ ਲਿਮਟਿਡ ਵੱਲੋਂ ਸੂਬੇ ਵਿੱਚ ਪਾਣੀ ਦੀ ਸਥਿਤੀ ਅਤੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਖਾਕਾ ਉਲੀਕਣ ਵਾਸਤੇ ਤਿਆਰ ਕੀਤੀਆਂ ਤਿੰਨ ਮੁੱਢਲੀਆਂ ਰਿਪੋਰਟਾਂ ਉਤੇ ਵੀ ਵਿਚਾਰ ਚਰਚਾ ਹੋਈ। ਇਹ ਰਿਪੋਰਟਾਂ 'ਪਾਣੀ ਖੇਤਰ ਦੀ ਮੌਜੂਦਾ ਸਥਿਤੀ ਬਾਰੇ ਅਧਿਐਨ', 'ਜਲ ਸਰੋਤਾਂ ਦੇ ਅਨੁਮਾਨ' ਅਤੇ ਪਾਣੀ ਦੀ ਸ਼ਹਿਰੀ, ਪੇਂਡੂ, ਪਸ਼ੂਧਨ ਤੇ ਸਿੰਜਾਈ ਲਈ ਮੰਗ' ਨਾਲ ਸਬੰਧਤ ਸਨ। ਕਾਬਲੇਗੌਰ ਹੈ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਜੂਨ ਮਹੀਨੇ ਜਲ ਸੰਭਾਲ ਤੇ ਪ੍ਰਬੰਧਨ ਮਾਸਟਰ ਪਲਾਨ ਬਣਾਉਣ ਲਈ ਕੰਪਨੀ ਨਾਲ ਸਮਝੌਤਾ ਕੀਤਾ ਸੀ। ਕੰਪਨੀ ਨੇ ਆਪਣੀਆਂ ਸਿਫਾਰਸ਼ਾਂ 18 ਮਹੀਨੇ ਦੇ ਅੰਦਰ ਦੇਣੀਆਂ ਹਨ ਅਤੇ ਮਾਸਟਰ ਪਲਾਨ ਦੀ ਅੰਤਿਮ ਰਿਪੋਰਟ ਅਕਤੂਬਰ 2020 ਤੱਕ ਸੌਂਪੀ ਜਾਣੀ ਹੈ। ਕੰਪਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।