
ਬਿਜਲੀ ਦਰਾਂ ਵਿਚ ਕਟੌਤੀ ਕੋਵਿਡ ਦੇ ਚਲਦਿਆਂ ਗ਼ਰੀਬ ਖਪਤਕਾਰਾਂ ਲਈ ਫ਼ਾਇਦੇਮੰਦ : ਕੈਪਟਨ
ਕਿਹਾ, ਦਰਾਂ ਘਟਾਉਣ ਨਾਲ ਸੂਬੇ ਵਿਚ 69 ਲੱਖ ਘਰੇਲੂ ਖਪਤਕਾਰਾਂ ਨੂੰ 682 ਕਰੋੜ ਰੁਪਏ ਦੀ ਰਾਹਤ ਮਿਲੇਗੀ
ਚੰਡੀਗੜ੍ਹ, 28 ਮਈ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਘਰੇਲੂ ਬਿਜਲੀ ਦਰਾਂ ਵਿਚ 50 ਪੈਸੇ ਤੋਂ ਲੈ ਕੇ ਇਕ ਰੁਪਏ ਪ੍ਰਤੀ ਯੂਨਿਟ ਤਕ ਕੀਤੀ ਵੱਡੀ ਕਮੀ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦਿਵਾਏਗੀ, ਖ਼ਾਸ ਕਰ ਕੇ ਗ਼ਰੀਬਾਂ ਨੂੰ ਜਿਹੜੇ ਪਹਿਲਾਂ ਹੀ ਕੋਵਿਡ ਮਹਾਂਮਾਰੀ ਦੇ ਚਲਦਿਆਂ ਵਿੱਤੀ ਔਕੜਾਂ ਦਾ ਸਾਹਮਣਾ ਕਰ ਰਹੇ ਹਨ | ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਸੂਬੇ ਵਿਚ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਘਟਾਈਆਂ ਗਈਆਂ ਹਨ | 2020 ਵਿਚ ਵੀ ਰੈਗੂਲੇਟਰੀ ਵਲੋਂ ਘਰੇਲੂ ਬਿਜਲੀ ਦਰਾਂ 50 ਪੈਸੇ ਪ੍ਰਤੀ ਯੂਨਿਟ ਘਟਾਈਆਂ ਗਈਆਂ ਸਨ |
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਘਰੇਲੂ ਦਰਾਂ ਘਟਾਉਣ ਦੇ ਕੀਤੇ ਫ਼ੈਸਲੇ ਨਾਲ ਸੂਬੇ ਵਿਚ 69 ਲੱਖ ਘਰੇਲੂ ਖਪਤਕਾਰਾਂ ਨੂੰ 682 ਕਰੋੜ ਰੁਪਏ ਦੀ ਰਾਹਤ ਮਿਲੇਗੀ | ਮੁੱਖ ਮੰਤਰੀ ਨੇ ਇਸ ਨਾਲ ਹੀ ਕਮਿਸ਼ਨ ਵਲੋਂ ਕੋਵਿਡ ਮਹਾਂਮਾਰੀ ਦੇ ਚਲਦਿਆਂ ਵਪਾਰਕ ਖਪਤਕਾਰਾਂ ਦੇ ਨਾਲ-ਨਾਲ ਲਘੂ ਤੇ ਮੱਧਮ ਉਦਯੋਗਾਂ ਲਈ ਦਰਾਂ ਨਾ ਵਧਾਉਣ ਦੇ ਫ਼ੈਸਲੇ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਥੋਂ ਤਕ ਕਿ ਉਦਯੋਗਿਕ ਉਪਭੋਗਤਾਵਾਂ ਲਈ ਵੀ ਦਰਾਂ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ | ਇਸ ਨਾਲ ਉਦਯੋਗਾਂ ਨੂੰ ਰਾਹਤ ਮਿਲੇਗੀ ਜਿਹੜੇ ਪਹਿਲਾਂ ਹੀ ਲਾਕਡਾਊਨ ਅਤੇ ਮਹਾਂਮਾਰੀ ਕਾਰਨ ਮੰਗ ਵਿਚ ਆਏ ਸੰਕਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ | ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅਪਣੇ ਚੋਣ ਵਾਅਦੇ 'ਤੇ ਅਮਲ ਕਰਦਿਆਂ ਉਦਯੋਗਾਂ ਨੂੰ ਸਬਸਿਡੀ ਦਰਾਂ ਉਤੇ ਬਿਜਲੀ ਦੇਣ ਦੇ ਫ਼ੈਸਲੇ ਦਾ ਐਲਾਨ ਕੀਤਾ ਸੀ ਅਤੇ ਉਦਯੋਗਾਂ ਨੂੰ ਸੂਬਾ ਸਰਕਾਰ ਵਲੋਂ 2017 ਤੋਂ ਬਿਜਲੀ ਸਬਸਿਡੀ ਮਿਲਦੀ ਹੈ
ਜਦੋਂ ਦਰ ਬਦਲਵੀਂ ਕੀਮਤ 'ਤੇ 5 ਰੁਪਏ ਪ੍ਰਤੀ ਯੂਨਿਟ ਤਕ ਘਟਾ ਦਿਤੀ ਸੀ |
ਸਰਕਾਰ ਨੇ 2017 ਤੋਂ 2021 ਤਕ ਉਦਯੋਗਾਂ ਨੂੰ ਕੁਲ 4911 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿਤੀ ਹੈ ਜਿਸ ਦਾ ਫ਼ਾਇਦਾ 42000 ਦਰਮਿਆਨੇ ਤੇ ਵੱਡੇ ਉਦਯੋਗਿਕ ਖਪਤਕਾਰਾਂ ਦੇ ਨਾਲ 1,04,000 ਛੋਟੇ ਉਦਯੋਗਿਕ ਖਪਤਕਾਰਾਂ ਨੇ ਵੀ ਉਠਾਇਆ ਹੈ | ਸੂਬਾ ਸਰਕਾਰ ਵਲੋਂ 2021-22 ਦੌਰਾਨ ਉਦਯੋਗਾਂ ਨੂੰ ਮੁਹਈਆ ਕਰਵਾਈ ਜਾਣ ਵਾਲੀ ਸਬਸਿਡੀ 1900 ਕਰੋੜ ਰੁਪਏ ਦੀ ਹੋਵੇਗੀ |