
ਜੋ ਵੈਕਸੀਨ ਲੋਕਾਂ ਦਾ ਅਧਿਕਾਰ, ਉਸ ਲਈ ਕੋਈ ਨਿਜੀ ਹਸਪਤਾਲ 1200 ਰੁਪਏ ਲੈ ਰਿਹਾ ਤਾਂ ਕੋਈ 1500 ਰੁਪਏ : ਮਾਣੂੰਕੇ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਮੇਤ ਦੇਸ ਵਿੱਚ ਕੋਰੋਨਾ ਤੋਂ ਬਚਾਅ ਲਈ ਜਰੂਰੀ ਵੈਕਸੀਨ ਦੇ ਨਾਂਅ 'ਤੇ ਲੁੱਟ ਚੱਲ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਸਰਕਾਰਾਂ ਕੋਲ ਵੈਕਸੀਨ ਨਹੀਂ ਤਾਂ ਨਿਜੀ ਹਸਪਤਾਲਾਂ ਕੋਲ ਕਿਥੋਂ ਆ ਰਹੀ ਹੈ ?
Sarabjit kaur Manuke
ਸਨੀਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਸਰਵਜੀਤ ਕੌਰ ਮਾਣੂੰਕੇ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਆਪਦਾ ਵਿੱਚ ਅਵਸਰ ਦਾ ਹੋਕਾ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ ਘੋਟਾਲਾ ਕਰਨ ਦਾ ਮੌਕਾ ਲੱਭਿਆ ਹੈ। ਮੋਦੀ ਸਰਕਾਰ ਦੀ ਕੰਪਨੀਆਂ ਨਾਲ ਐਸੀ ਕਿਹੜੀ ਸਾਂਠ ਗਾਂਠ ਜੋ ਮਹਾਮਾਰੀ ਦੇ ਦੌਰ 'ਚ ਦੇਸ ਦੇ ਗਰੀਬਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ।
Covid vaccine
ਉਨ੍ਹਾਂ ਦੋਸ ਲਾਇਆ ਕਿ ਕੋਰੋਨਾ ਦੀ ਜੋ ਵੈਕਸੀਨ ਲੋਕਾਂ ਦਾ ਅਧਿਕਾਰ, ਉਸ ਲਈ ਕੋਈ ਨਿਜੀ ਹਸਪਤਾਲ 1200 ਰੁਪਏ ਲੈ ਰਿਹਾ ਤਾਂ ਕੋਈ 1500 ਰੁਪਏ। ਨਿਜੀ ਕੰਪਨੀਆਂ ਦਾ ਮਹਾਮਾਰੀ ਦੌਰਾਨ ਵੀ ਪੈਸੇ ਵੱਲ ਧਿਆਨ ਹੈ ਅਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਵੈਕਸੀਨ ਲਈ ਸੂਬਿਆਂ ਅਤੇ ਲੋਕਾਂ ਦੀ ਆਰਥਿਕ ਲੁੱਟ ਕਰ ਰਹੀਆਂ ਹਨ।
Captain Amarinder Singh
ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਿਜੀ ਹਸਪਤਾਲਾਂ ਅਤੇ ਕੰਪਨੀਆਂ ਦੇ ਸੌਦੇ ਵਿੱਚ ਵਿਚੋਲਾ ਬਣ ਰਹੀ ਹੈ। ਇਸੇ ਲਈ ਕੈਪਟਨ ਸਰਕਾਰ ਨੇ ਨਿਜੀ ਹਸਪਤਾਲਾਂ ਨੂੰ ਖੁੱਲੀ ਲੁੱਟ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਸਰਕਾਰ ਦਾ ਨਿੱਜੀ ਹਸਪਤਾਲਾਂ ਅਤੇ ਵੈਕਸੀਨ 'ਤੇ ਕੰਟਰੋਲ ਕਿਉਂ ਨਹੀਂ ਹੈ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ 'ਚ ਕੋਰੋਨਾ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਹੈ, ਪਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚਿੰਤਾ ਨਹੀਂ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਵੀ ਆਈ ਸੀ ਯੂ ਬੈਡ ਉਪਲਬਧ ਨਹੀਂ ਹਨ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿੱਚ ਵੈਕਸੀਨ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਤਰ੍ਹਾਂ ਸੂਬਾ ਵਾਸੀਆਂ ਨੂੰ ਲਾਵਾਰਸ ਛੱਡਿਆ ਹੋਇਆ ਹੈ, ਜਿਸ ਦਾ ਹਿਸਾਬ ਕਾਂਗਰਸ ਪਾਰਟੀ ਤੋਂ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਵਿੱਚ ਜਰੂਰ ਲੈਣਗੇ।