
ਪ੍ਰਧਾਨ ਮੰਤਰੀ ਨੇ 'ਯਾਸ' ਤੂਫ਼ਾਨ ਨਾਲ ਪ੍ਰਭਾਵਤ ਹੋਏ ਸੂਬਿਆਂ ਲਈ 1000 ਕਰੋੜ ਰੁਪਏ ਦੀ ਰਾਹਤ ਦਾ ਕੀਤਾ ਐਲਾਨ
ਪਛਮੀ ਬੰਗਾਲ ਦੇ ਪ੍ਰਭਾਵਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
ਨਵੀਂ ਦਿੱਲੀ, 28 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਚੱਕਰਵਾਤ 'ਯਾਸ' ਨਾਲ ਪ੍ਰਭਾਵਤ ਹੋਏ ਇਲਾਕਿਆਂ ਵਿਚ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਰਾਹਤ ਕਾਰਜਾਂ ਲਈ ਇਕ ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਤੁਰਤ ਜਾਰੀ ਕਰਨ ਦਾ ਐਲਾਨ ਕੀਤਾ ਹੈ | ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ |
ਮੋਦੀ ਨੇ ਪਛਮੀ ਬੰਗਾਲ ਦੇ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ ਹੈ | ਇਸ ਮੌਕੇ ਉਨ੍ਹਾਂ ਪੀੜਤਾਂ ਨਾਲ ਇਕਜੁਟਤਾ ਦਾ ਪ੍ਰਦਰਸ਼ਨ ਵੀ ਕੀਤਾ | ਕੇਂਦਰ ਸਰਕਾਰ ਇੱਕ ਅੰਤਰ-ਮੰਤਰਾਲਾ ਸਮੂਹ ਵੀ ਸਥਾਪਤ ਕਰੇਗੀ, ਜੋ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰੇਗਾ ਅਤੇ ਨੁਕਸਾਨ ਦਾ ਪੂਰਾ ਜਾਇਜ਼ਾ ਲਵੇਗਾ | ਕੇਂਦਰ ਸਰਕਾਰ ਨੇ ਪ੍ਰਭਾਵਤ ਇਲਾਕਿਆਂ ਵਿਚ ਬੁਨਿਆਦੀ ਸੜਕ-ਪੁੱਲ ਜਿਹੇ ਬੁਨਿਆਦੀ ਢਾਂਚੇ ਦੀ ਸੁਚੱਜੀ ਮੁਰੰਮਤ ਲਈ ਪੂਰੀ ਸਹਾਇਤਾ ਦਾ ਭਰੋਸਾ ਵੀ ਦਿਤਾ ਹੈ |
ਤੂਫ਼ਾਨ ਕਾਰਨ ਮਾਰੇ ਗਏ ਵਿਅਕਤੀ ਦੇ ਪ੍ਰਵਾਰ ਨੂੰ ਦੋ ਲੱਖ ਰੁਪਏ ਮੁਆਵਜ਼ਾ ਦਿਤਾ ਜਾਵੇਗਾ | ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ | ਪ੍ਰਧਾਨ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ 500 ਕਰੋੜ ਰੁਪਏ ਤੁਰੰਤ ਪ੍ਰਭਾਵ ਨਾਲ ਉੜੀਸਾ ਨੂੰ ਜਾਰੀ ਕੀਤੇ ਜਾਣਗੇ | ਜਦਕਿ ਪਛਮੀ ਬੰਗਾਲ ਅਤੇ ਝਾਰਖੰਡ ਨੂੰ ਘਾਟੇ ਦੇ ਅਨੁਸਾਰ ਬਾਕੀ 500 ਕਰੋੜ ਰੁਪਏ ਅਲਾਟ ਕੀਤੇ ਜਾਣਗੇ | ਉੜੀਸਾ ਵਿਚ ਸਮੀਖਿਆ ਬੈਠਕ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਯਾਸ ਤੋਂ ਪ੍ਰਭਾਵਤ ਪਛਮੀ ਬੰਗਾਲ ਪਹੁੰਚੇ | (ਏਜੰਸੀ)