
ਨਾਬਾਲਗ਼ ਲੜਕੀ ਨੇ ਕਈ ਅੰਗ ਪਾੜੇ, ਮਾਮਲਾ ਦਰਜ
ਸੰਗਰੂਰ, 28 ਜੂਨ (ਬਲਵਿੰਦਰ ਸਿੰਘ ਭੁੱਲਰ): ਭਵਾਨੀਗੜ੍ਹ ਤੋਂ ਦੱਖਣ ਦਿਸ਼ਾ ਵਲ ਮਹਿਜ਼ ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਰਾਮਪੁਰਾ ਵਿਖੇ 27 ਜੂਨ ਸਵੇਰੇ ਤਕਰੀਬਨ 7 ਵਜੇ ਗੁਰਦਵਾਰਾ ਸਾਹਿਬ ਦੇ ਦਰਬਾਰ ਹਾਲ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਬੇਅਦਬੀ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਦੀ ਇਕ 12-13 ਸਾਲ ਦੀ ਲੜਕੀ ਜਿਹੜੀ 7ਵੀਂ ਜਮਾਤ ਵਿਚ ਪੜ੍ਹਦੀ ਹੈ। ਪਿੰਡ ਦੀ ਇਕ ਹੋਰ ਔਰਤ ਨਾਲ ਗੁਰੂ ਘਰ ਵਿਖੇ ਝਾੜੂ ਪੋਚਾ ਕਰਵਾਉਂਦੀ ਰਹੀ ਪਰ ਉਸ ਔਰਤ ਦੇ ਗੁਰੂ ਘਰ ਤੋਂ ਵਾਪਸ ਚਲੇ ਜਾਣ ਤੋਂ ਬਾਅਦ ਜਦੋਂ ਇਹ ਲੜਕੀ ਇਕੱਲੀ ਰਹਿ ਗਈ ਤਾਂ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਦੇ ਤਕਰੀਬਨ 7 ਅੰਗ ਪਾੜ ਕੇ ਰੁਮਾਲਾ ਸਾਹਿਬ ਦੇ ਹੇਠਾਂ ਛੁਪਾ ਦਿਤੇ।
ਗੁਰੂ ਘਰ ਦੇ ਗ੍ਰੰਥੀ ਸਿੰਘ ਅਤੇ ਪ੍ਰਬੰਧਕ ਕਮੇਟੀ ਨੂੰ ਜਦੋਂ ਇਸ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਹੋਈ ਤਾਂ ਉਨ੍ਹਾਂ ਦਰਬਾਰ ਹਾਲ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਖੰਗਾਲੀ ਜਿਸ ਤੋਂ ਬਾਅਦ ਇਸ ਘਟਨਾ ਦਾ ਪੂਰਾ ਸੱਚ ਸਾਹਮਣੇ ਆਇਆ। ਪਿੰਡ ਵਾਸੀਆਂ ਨੇ ਦਸਿਆ ਹੈ ਕਿ ਇਹ ਲੜਕੀ ਗੁਰੂ ਘਰ ਵਿਖੇ ਸਿਰਫ਼ 14-15 ਦਿਨ ਪਹਿਲਾਂ ਹੀ ਆਉਣ ਲੱਗੀ ਹੈ ਜਿਸ ਦੇ ਚਲਦਿਆਂ ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਸ਼ਾਇਦ ਕਿਸੇ ਹੋਰ ਸਿੱਖ ਵਿਰੋਧੀ ਤਾਕਤ ਨੇ ਇਸ ਲੜਕੀ ਨੂੰ ਲਾਲਚ ਦੇ ਕੇ ਇਹ ਕੰਮ ਕਰਵਾਇਆ ਹੋਵੇ। ਇਲਾਕੇ ਅੰਦਰ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ ਪਰ ਹਾਲਾਤ ਕਾਬੂ ਹੇਠ ਹਨ।
File Photo
ਖ਼ਬਰ ਲਿਖੇ ਜਾਣ ਤਕ ਪਿੰਡ ਵਿਚ ਆਹਲਾ ਸਿਵਲ ਅਤੇ ਪੁਲਿਸ ਅਧਿਕਾਰੀ ਇਸ ਘਟਨਾ ਵਾਲੇ ਸਥਾਨ ਦਾ ਦੌਰਾ ਕਰ ਚੁੱਕੇ ਹਨ। ਜਦੋਂ ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਐਸ.ਐਚ.ਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਬੇਅਦਬੀ ਕਰਨ ਵਾਲੀ ਲੜਕੀ ਜੋਤੀ ਪੁੱਤਰੀ ਚਮਕੌਰ ਸਿੰਘ ਵਾਸੀ ਰਾਮਪੁਰਾ ਵਿਰੁਧ ਧਾਰਾ 295-ਏ ਤਹਿਤ ਪਰਚਾ ਦਰਜ ਕਰ ਲਿਆ ਹੈ।
ਬੇਅਦਬੀ ਦੀ ਇਸ ਘਟਨਾ ਬਾਰੇ ਗੁਰਦੀਪ ਸਿੰਘ ਕਾਲਾਝਾੜ੍ਹ ਮੈਂਬਰ ਵਰਕਿੰਗ ਕਮੇਟੀ ਦਲ ਖ਼ਾਲਸਾ, ਗੁਰਨੈਬ ਸਿੰਘ ਰਾਮਪੁਰਾ ਮੈਂਬਰ ਪੀ ਏ ਸੀ ਅਤੇ ਸਿੱਖ ਪੰਥ ਦੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੇਕਰ ਨਕੋਦਰ ਤੇ ਬਰਗਾੜੀ ਕਾਂਡ ਦੇ ਬੇਅਦਬੀ ਦੇ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਤੀ ਜਾਂਦੀ ਤਾਂ ਪੰਜਾਬ ਵਿਚ ਮੁੜ ਅਜਿਹੀਆਂ ਘਟਨਾਵਾਂ ਨਾ ਵਾਪਰਦੀਆਂ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਦੀ ਉੱਚ ਪਧਰੀ ਜਾਂਚ ਕਰਵਾਏ ਕਿਉਂਕਿ ਇਸ ਕਾਂਡ ਵਿਚੋਂ ਕਿਸੇ ਗਹਿਰੀ ਸਾਜ਼ਸ਼ ਦੀ ਬੂ ਆਉਂਦੀ ਹੈ।