
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਘੇਰਿਆ ਡਾਇਰੈਕਟਰ ਦਫ਼ਤਰ
ਚੰਡੀਗੜ੍ਹ , 28 ਜੂਨ (ਭੁੱਲਰ) : ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਅੱਜ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹਜ਼ਾਰਾਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਚੰਡੀਗੜ੍ਹ ਵਿਖੇ ਸਮਾਜਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਦਫ਼ਤਰ ਨੂੰ ਘੇਰਿਆ ਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ |
ਸੂਬੇ ਭਰ ਤੋਂ ਆਈਆਂ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਜੋ ਮੰਗਾਂ ਡਾਇਰੈਕਟਰ ਦੇ ਦਫ਼ਤਰ ਨਾਲ ਸਬੰਧਤ ਹਨ, ਉਨ੍ਹਾਂ ਨੂੰ ਲੈ ਕੇ ਇਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਬਾਰੇ ਜਥੇਬੰਦੀ ਵਲੋਂ ਵੱਖਰਾ ਸੰਘਰਸ਼ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਬੰਧਤ ਵਿਭਾਗ ਦੇ ਉੱਚ ਅਧਿਕਾਰੀ ਪਿਛਲੇ ਲੰਮੇ ਸਮੇਂ ਤੋਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਟਾਲ-ਮਟੋਲ ਦੀ ਨੀਤੀ ਅਪਣਾ ਰਹੇ ਹਨ | ਜਦਕਿ ਜਥੇਬੰਦੀ ਵਲੋਂ ਵਾਰ-ਵਾਰ ਇਹ ਮਾਮਲੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੇ ਗਏ ਹਨ ਤੇ ਕਈ ਵਾਰ ਡਾਇਰੈਕਟਰ ਨੂੰ ਮਿਲ ਕੇ ਮੰਗ ਪੱਤਰ ਦਿਤੇ ਗਏ ਹਨ | ਪਰ ਇਸ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ | ਜਿਸ ਕਰ ਕੇ ਜਥੇਬੰਦੀ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ | ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ, ਸਤਵੰਤ ਕੌਰ ਜਲੰਧਰ, ਜਸਵੀਰ ਕੌਰ ਦਸੂਹਾ, ਛਿੰਦਰਪਾਲ ਕੌਰ ਭੂੰਗਾ, ਬਲਵੀਰ ਕੌਰ ਮਾਨਸਾ, ਦਲਜੀਤ ਕੌਰ ਬਰਨਾਲਾ, ਰੀਮਾ ਰਾਣੀ ਰੋਪੜ, ਬਲਜੀਤ ਕੌਰ ਕੁਰਾਲੀ, ਪੂਨਾ ਰਾਣੀ ਨਵਾਂਸ਼ਹਿਰ, ਗੁਰਮੀਤ ਕੌਰ ਗੋਨੇਆਣਾ, ਰੇਸ਼ਮਾ ਰਾਣੀ ਫ਼ਾਜ਼ਿਲਕਾ, ਪਰਮਜੀਤ ਕੌਰ ਚੁਗਾਵਾਂ ਆਦਿ ਨੇ ਅਗਵਾਈ ਕੀਤੀ |