
ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਨਾਲ ਮੁਸਲਮਾਨਾਂ ਵਲੋਂ ਜਬਰੀ ਵਿਆਹ ਕਰਨੇ ਸਮੁੱਚੇ ਸਿੱਖ ਜਗਤ ਲਈ ਚਿੰਤਾ ਦਾ ਵਿਸ਼ਾ : ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 28 ਜੂਨ (ਬਹੋੜੂ): ਜੰਮੂ-ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਿਮ ਬਣਾਏ ਜਾਣ ਵਾਲੀ ਦੁਖਦਾਈ ਘਟਨਾ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਸ਼ਮੀਰ ਦੇ ਵਿਦਿਅਕ ਸਿਸਟਮ ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਅਸਫ਼ਲ ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਇਕ ਸਿੱਖ ਕੁੜੀ ਦਾ ਮੁਸਲਿਮ ਲੜਕੇ ਨਾਲ ਵਿਆਹ ਵੀ ਕਰਵਾ ਉਸ ਨੂੰ ਲਾਪਤਾ ਕਰ ਦਿਤਾ ਗਿਆ ਹੈ । ਇਸ ਵੇਲੇ ਉਹ ਕਿੱਥੇ ਹੈ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਇੰਜ ਘੱਟ-ਗਿਣਤੀਆਂ ਦੀਆਂ ਕੁੜੀਆਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਦਾ ਜਬਰੀ ਧਰਮ ਪ੍ਰੀਵਰਤਨ ਕਰਵਾਉਣ ਦੀਆਂ ਘਟਨਾਵਾਂ ਪਾਕਿਸਤਾਨ ’ਚ ਤਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਭਾਰਤੀ ਕਸ਼ਮੀਰ ਵਿਚ ਅਜਿਹੀ ਘਟਨਾ ਦਾ ਵਾਪਰਨਾ ਸੱਭ ਨੂੰ ਹੈਰਾਨ ਕਰਦਾ ਹੈ। ਉਨ੍ਹਾਂ ਕਿਹਾ ਜੰਮੂ-ਕਸ਼ਮੀਰ ’ਚ ਜਬਰੀ ਧਰਮ ਪ੍ਰੀਵਰਤਨ ਦਾ ਮਾਮਲਾ ਇਸ ਮਹੀਨੇ ਦੀ 26 ਜੂਨ ਨੂੰ ਸਾਹਮਣੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੜਗਾਮ ਜ਼ਿਲ੍ਹੇ ਦੀ 18 ਸਾਲਾ ਸਿੱਖ ਕੁੜੀ ਨੂੰ ਜਬਰੀ ਮੁਸਲਮਾਨ ਬਣਾਇਆ ਗਿਆ ਹੈ ਅਤੇ ਉਸ ਨੂੰ ਵਡੇਰੀ ਉਮਰ ਦੇ ਆਦਮੀ ਨਾਲ ਜਬਰੀ ਵਿਆਹ ਦਿਤਾ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਤੋਂ ਇਸ ਮਾਮਲੇ ’ਚ ਦਖਲ ਦੇਣ ਦੀ ਮੰਗ ਕੀਤੀ ਹੈ।
ਅਗ਼ਵਾ ਦਾ ਦੂਜਾ ਮਾਮਲਾ ਸ੍ਰੀਨਗਰ ਦੇ ਮਹਿਜੂਰ ਨਗਰ ਦਾ ਹੈ, ਉਹ ਵੀ ਹਾਲੇ ਲਾਪਤਾ ਹੈ। ਬੜਗਾਮ ਸਥਿਤ ਸਿੱਖ ਆਗੂਆਂ ਨੇ ਇਸ ਸਾਰੀ ਘਟਨਾ ਬਾਰੇ ਦਸਿਆ ਹੈ ਕਿ ਕੁੜੀ ਮਾਨਸਕ ਤੌਰ ਉਤੇ ਠੀਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਸਿੱਖ ਕੁੜੀ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਐੱਸਪੀ ਨੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਸੀ ਤੇ ਕਿਹਾ ਸੀ ਕਿ ਛੇਤੀ ਹੀ ਉਹ ਕੁੜੀ ਸਿੱਖ ਪ੍ਰਵਾਰ ਕੋਲ ਵਾਪਸ ਪਹੁੰਚਾ ਦਿਤੀ ਜਾਵੇਗੀ।