
ਸਿੱਧੂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਕੇ ਹਾਈਕਮਾਨ ਸੁਣਾਏਗਾ ਅਪਣਾ ਫ਼ੈਸਲਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਆਖ਼ਰ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦੇ ਹੱਲ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਗਠਤ ਖੜਗੇ ਕਮੇਟੀ ਅਤੇ ਰਾਹੁਲ ਗਾਂਧੀ ਵਲੋਂ ਸੂਬੇ ਦੇ ਸਾਰੇ ਪੁਰਾਣੇ ਤੇ ਨਵੇਂ ਪ੍ਰਮੁੱਖ ਕਾਂਗਰਸ ਆਗੂਆਂ ਨਾਲ ਲੰਬੇ ਵਿਚਾਰ ਵਟਾਂਦਰੇ ਬਾਅਦ ਕਾਂਗਰਸ ਹਾਈਕਮਾਨ ਨੇ ਅਪਣਾ ਫ਼ੈਸਲਾ ਸੁਣਾਉਣ ਦੀ ਤਿਆਰੀ ਕਰ ਲਈ ਹੈ। ਕਾਂਗਰਸ ਹਾਈਕਮਾਨ ਨੇ29 ਜੂਨ ਯਾਨੀ ਅੱਜ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਬੁਲਾਇਆ ਹੈ। ਮਿਲੇ ਸੱਦੇ ਮੁਤਾਬਕ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਖ਼ੁਦ ਨਵਜੋਤ ਸਿੱਧੂ ਨਾਲ ਗੱਲਬਾਤ ਕਰਨਗੇ ਅਤੇ ਇਸ ਨੂੰ ਆਖ਼ਰੀ ਮੀਟਿੰਗ ਮੰਨਿਆ ਜਾ ਰਿਹਾ ਹੈ।
Captain Amarinder Singh, Rahul Gandhi
ਇਸ ਵਿਚ ਕਿਸੇ ਫ਼ਾਰਮੂਲੇ ’ਤੇ ਸਿੱਧੂ ਨੂੰ ਰਾਜ਼ੀ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਪਣਾ ਫ਼ੈਸਲਾ ਸੁਣਾ ਦੇਣਗੇ ਜਿਸ ਤਰ੍ਹਾਂ ਪਹਿਲਾਂ ਹੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਜੁਲਾਈ ਦੇ ਸ਼ੁਰੂ ਵਿਚ ਮਸਲੇ ਦਾ ਹੱਲ ਹੋ ਜਾਣ ਦੀ ਗੱਲ ਆਖੀ ਸੀ।
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਸਿੱਧੂ ਨੂੰ ਦਿੱਲੀ ਤੋਂ ਹਾਈਕਮਾਨ ਦਾ ਬੁਲਾਵਾ ਉਸ ਸਮੇਂ ਆਇਆ ਹੈ ਜਦੋਂ ‘ਆਪ’ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਦਾ 29 ਜੂਨ ਨੂੰ ਹੀ ਚੰਡੀਗੜ੍ਹ ਆਉਣ ਦਾ ਐਲਾਨ ਹੋਇਆ ਹੈ।
Arvind Kejriwalਕੇਜਰੀਵਾਲ ਵਲੋਂ ਕੀਤੇ ਜਾਣ ਵਾਲੇ ਵੱਡੇ ਐਲਾਨਾਂ ਨੂੰ ਬੇਅਸਰ ਕਰਨ ਲਈ ਕਾਂਗਰਸ ਹਾਈਕਮਾਨ ਵੀ ਸਿੱਧੂ ਤੇ ਕੈਪਟਨ ਨਾਲ ਗੱਲ ਤੋਂ ਬਾਅਦ ਅਹਿਮ ਐਲਾਨ ਕਰੇਗੀ। ਇਹ ਵੀ ਚਰਚਾ ਹੈ ਕਿ ਸਿੱਧੂ ਨੂੰ ਮੁੱਖ ਮੰਤਰੀ ਬਰਾਬਰ ਕੋਈ ਵੱਡੀ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੈ। ਪਰ ਇਸ ਬਾਰੇ ਹਾਲੇ ਭੇਦ ਹੀ ਬਣਿਆ ਹੈ ਕਿ ਮੁੱਖ ਮੰਤਰੀ ਬਰਾਬਰ ਅਜਿਹੀ ਕਿਹੜੀ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੈ। ਇਸ ਵਿਚ ਪਾਰਟੀ ਪ੍ਰਧਾਨ ਜਾਂ ਚੋਣ ਮੁਹਿੰਮ ਕਮੇਟੀ ਦੇ ਮੁਖੀ ਦੇ ਅਹੁਦੇ ਹੀ ਹੋ ਸਕਦੇ ਹਨ।
Captain Amarinder Singh and Navjot Singh Sidhu
ਇਸ ਤਰ੍ਹਾਂ ਹੁਣ ਸੱਭ ਕਾਂਗਰਸੀਆਂ ਤੋਂ ਇਲਾਵਾ ਸੂਬੇ ਦੇ ਹੋਰ ਪ੍ਰਮੁੱਖ ਸਿਆਸੀ ਦਲਾਂ ਦੀਆਂ ਨਜ਼ਰਾਂ ਵੀ ਰਾਹੁਲ ਤੇ ਪ੍ਰਿਯੰਕਾ ਨਾਲ ਨਵਜੋਤ ਸਿੱਧੂ ਦੀ ਮੀਟਿੰਗ ਵੱਲ ਲੱਗ ਜਾਣਗੀਆਂ ਕਿ ਇਸ ਦਾ ਕੀ ਨਤੀਜਾ ਆਉਂਦਾ ਹੈ। ਇਸ ਨਾਲ ਸੂਬੇ ਦੇ ਸਿਆਸੀ ਸਮੀਕਰਨ ਬਦਲ ਸਕਦੇਹਨ। ਮਸਲੇ ਦੇ ਹੱਲ ਲਈ ਪਾਰਟੀ ਸੰਗਠਨ ਤੇ ਕੈਬਨਿਟ ਵਿਚ ਵੱਡੇ ਫੇਰਬਦਲ ਦੇ ਚਰਚੇ ਲਗਾਤਾਰ ਚਲ ਰਹੇ ਹਨ।