
ਲੇਹ ਦੌਰੇ 'ਤੇ ਪਹੁੰਚੇ ਰਖਿਆ ਮੰਤਰੀ ਨੇ ਲਾਏ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਦੇ ਜੈਕਾਰੇ
ਨਵੀਂ ਦਿੱਲੀ, 28 ਜੂਨ : ਰਖਿਆ ਮੰਤਰੀ ਰਾਜਨਾਥ ਸਿੰਘ ਇਹਨੀਂ ਦਿਨੀਂ ਤਿੰਨ ਦਿਨਾ ਲੇਹ ਦੌਰੇ 'ਤੇ ਹਨ | ਉਨ੍ਹਾਂ ਦੀ ਯਾਤਰਾ ਦਾ ਮਕਸਦ ਚੀਨ ਨਾਲ ਲੰਮੇ ਸਮੇਂ ਤੋਂ ਚਲੇ ਆ ਰਹੇ ਸਰਹੱਦੀ ਵਿਵਾਦ 'ਚ ਖੇਤਰ 'ਚ ਭਾਰਤੀ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ | ਯਾਤਰਾ ਦੇ ਦੂਜੇ ਦਿਨ ਉਹ ਜਵਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਤਾਂ ਜਵਾਨਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਖ਼ੁਦ ਰਖਿਆ ਮੰਤਰੀ ਨੇ ਜਵਾਨਾਂ ਨਾਲ ਮਿਲ ਕੇ ਜੈਕਾਰੇ ਲਾਉਣੇ ਸ਼ੁਰੂ ਕੀਤੇ ਜਿਸ ਦੀ ਆਵਾਜ਼ ਨਾਲ ਪੂਰਾ ਲੱਦਾਖ ਗੂੰਜ ਉਠਿਆ | ਇਸ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ ਜਦੋਂ ਜਵਾਨਾਂ ਨੇ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਦੇ ਜੈਕਾਰੇ ਲਾਏ ਤਾਂ ਜਵਾਨਾਂ ਦੀ ਆਵਾਜ਼ 'ਚ ਅਪਣੀ ਆਵਾਜ਼ ਮਿਲਾਉਂਦੇ ਹੋਏ ਰਖਿਆ ਮੰਤਰੀ ਨੇ ਵੀ ਜੈਕਾਰੇ ਲਾਉਣੇ ਸ਼ੁਰੂ ਕਰ ਦਿਤੇ | ਰਾਜਨਾਥ ਸਿੰਘ ਨੇ ਪੂਰਬੀ ਲੱਦਾਖ਼ ਤੋਂ ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਭਾਰਤ 'ਗਲਵਾਨ ਦੇ ਵੀਰਾਂ' ਦੇ ਬਲੀਦਾਨ ਨੂੰ ਕਦੀ ਨਹੀਂ ਭੁੱਲੇਗਾ ਤੇ ਦੇਸ਼ ਦੇ ਫ਼ੌਜੀ ਹਰ ਚੁਣੌਤੀ ਦਾ ਮੂੰਹਤੋੜ ਜਵਾਬ ਦੇਣ 'ਚ ਸਮਰੱਥ ਹਨ | (ਏਜੰਸੀ)