
ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ 'ਆਪ' ਅਤੇ ਕਾਂਗਰਸ ਦਰਮਿਆਨ ਟਵੀਟ ਵਾਰ
ਪੰਜਾਬ ਭਵਨ ਦੀ ਥਾਂ ਪ੍ਰੈਸ ਕਲੱਬ ਵਿਚ ਕੇਜਰੀਵਾਲ ਕਰਨਗੇ ਪੰਜਾਬ ਲਈ ਵੱਡੇ ਐਲਾਨ
ਚੰਡੀਗੜ੍ਹ, 28 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ 29 ਜੂਨ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ | ਇਸ ਦੌਰਾਨ ਉਹ ਪੰਜਾਬ ਦੇ ਲੋਕਾਂ ਲਈ ਕਈ ਵੱਡੇ ਐਲਾਨ ਕਰ ਸਕਦੇ ਹਨ | ਉਨ੍ਹਾਂ ਦੀ ਇਸ ਫੇਰੀ ਤੋਂ ਪਹਿਲਾਂ ਹੀ 'ਆਪ' ਅਤੇ ਕਾਂਗਰਸੀ ਆਗੂਆਂ ਦਰਮਿਆਨ ਸ਼ਬਦੀ ਤਕਰਾਰਬਾਜ਼ੀ ਹੋਈ | ਅਰਵਿੰਦ ਕੇਜਰੀਵਾਲ ਨੇ ਦੁਪਹਿਰ 12 ਵਜੇ ਤੋਂ ਬਾਅਦ ਟਵੀਟ ਕੀਤਾ ਅਤੇ ਦਸਿਆ ਕਿ ਉਹ 29 ਜੂਨ ਨੂੰ ਚੰਡੀਗੜ੍ਹ ਆ ਰਹੇ ਹਨ ਅਤੇ ਦਿੱਲੀ ਦੀ ਤਰ੍ਹਾਂ ਪੰਜਾਬ ਵਿਚ ਵੀ ਮੁਫਤ ਬਿਜਲੀ ਦੇਣਗੇ | ਇਸ ਟਵੀਟ ਨਾਲ ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼ ਹੋ ਗਈ ਅਤੇ ਇਸ ਮਗਰੋਂ 'ਆਪ' ਦੇ ਸੀਨੀਅਰ ਆਗੂ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਰਾਘਵ ਚੱਢਾ, ਮੀਤ ਹੇਅਰ ਨੇ ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਵਧਾਈਆਂ ਦਿਤੀਆਂ |
ਕੁੱਝ ਦੇਰ ਬਾਅਦ 'ਆਪ' ਆਗੂਆਂ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਕਰਨ ਦੀ ਮਨਜ਼ੂਰੀ ਨਹੀਂ ਦਿਤੀ ਜਾ ਰਹੀ | ਮੀਡੀਆ ਵਿਚ ਕਾਫ਼ੀ ਹੋ-ਹੱਲੇ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਅਤੇ ਉਨ੍ਹਾਂ ਵਿਅੰਗ ਕੱਸਦੇ ਹੋਏ ਲਿਖਿਆ ਕਿ ਅਸੀਂ ਕਿਉਂ ਪ੍ਰੈੱਸ ਕਾਨਫ਼ਰੰਸ ਕਰਨ ਤੋਂ ਰੋਕਾਂਗੇ | ਜੇ ਉਹ ਕਹਿਣਗੇ ਤਾਂ ਅਸੀਂ ਉਨ੍ਹਾਂ ਲਈ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕਰ ਦੇਵਾਂਗੇ | ਇਸ ਮਗਰੋਂ ਖਬਰ ਸਾਹਮਣੇ ਆਈ ਕਿ ਅਰਵਿੰਦ ਕੇਜਰੀਵਾਲ ਪੰਜਾਬ ਭਵਨ 'ਚ ਨਹੀਂ, ਸਗੋਂ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪ੍ਰੈਸ ਕਾਨਫਰੰਸ ਕਰਨਗੇ | ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਮਿਲ ਰਹੀਆਂ ਬੇਅੰਤ ਸੁਵਿਧਾਵਾਂ ਦੀ ਤਰਜ਼ ਤੇ ਪੰਜਾਬ ਦੇ ਲੋਕਾਂ ਲਈ ਵੀ ਸੁਵਿਧਾਵਾਂ ਦਾ ਐਲਾਨ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ 'ਚ ਮੌਜੂਦਾ ਸਮੇਂ 'ਚ ਅਤੇ ਅੰਤ ਮਹਿੰਗੀ ਬਿਜਲੀ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਅਰਵਿੰਦ ਕੇਜਰੀਵਾਲ ਮੁਫਤ ਬਿਜਲੀ ਦੇਣ ਦਾ ਵਾਅਦਾ ਵੀ ਕਰ ਸਕਦੇ ਹਨ |
ਮਾਨ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਮਹਿੰਗਾਈ ਦੀ ਮਾਰ ਨਾਲ ਹਰ ਵਰਗ ਪੀੜਤ ਹੈ ਪਰ ਮਹਿਲਾ ਵਰਗ ਇਸ ਤੋਂ ਸਭ ਤੋਂ ਜਿ?ਆਦਾ ਪੀੜਤ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਵੱਧ ਸਹੂਲਤਾਂ ਦੇ ਕੇ ਉਨ੍ਹਾਂ ਦੀ ਬੱਚਤ ਦੇ ਇੰਤਜ਼ਾਮ ਲਈ ਅਰਵਿੰਦ ਕੇਜਰੀਵਾਲ ਆਪਣਾ ਪਲਾਨ ਜਾਰੀ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ 'ਚ ਫੇਲ੍ਹ ਸਾਬਤ ਹੋਈ ਹੈ ਜਿਸ ਕਾਰਨ ਹਰ ਵਰਗ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਝੋਨੇ ਦੀ ਲੁਆਈ ਦਾ ਕੰਮ ਜੋਰਾਂ ਤੇ ਹੈ ਪਰ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਕਾਰਨ ਉਹ ਆਪਣੇ ਝੋਨੇ ਦੀ ਫਸਲ ਢੰਗ ਨਾਲ ਨਹੀਂ ਬੀਜ ਪਾ ਰਹੇ ਹਨ | ਪੰਜਾਬ 'ਚ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵੀ ਅਰਵਿੰਦ ਕੇਜਰੀਵਾਲ ਆਪਣਾ ਫਾਰਮੂਲਾ ਪੇਸ਼ ਕਰਨਗੇ |