
ਯੂਥ ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਕੀਤਾ ਘਿਰਾਉ
ਯੂਥ ਅਕਾਲੀ ਦਲ ਨੇ ਪੁਲਿਸ ਵਲੋਂ ਲਗਾਏ ਬੈਰੀਕੇਡ ਤੋੜੇ, ਪੁਲਿਸ ਨਾਲ ਹੋਈ ਝੜਪਾਂ ਤੋਂ ਬਾਅਦ ਦਿਤੀਆਂ
ਅੰਮਿ੍ਤਸਰ, 28 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਥ ਅਕਾਲੀ ਦਲ ਨੇ ਅੱਜ ਸਾਬਕਾ ਆਈ ਜੀ ਤੇ ਆਮ ਆਦਮੀ ਪਾਰਟੀ ਦੇ ਆਗੂ ਬਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਦਾ ਘਿਰਾਉ ਕੀਤਾ ਤੇ ਮੰਗ ਕੀਤੀ ਕਿ 15 ਕਰੋੜ ਰੁਪਏ ਦੇ ਮੈਡੀਕਲ ਨਸ਼ਾ ਤਸਕਰੀ ਕੇਸ ਦੀ ਪੁਸ਼ਤ ਪਨਾਹੀ ਵਾਸਤੇ ਉਸ ਵਿਰੁਧ ਕੇਸ ਦਰਜ ਕੀਤਾ ਜਾਵੇ | ਪਾਰਟੀ ਨੇ ਕਿਹਾ ਕਿ ਇਹ ਨਸ਼ਾ ਤਸਕਰੀ ਆਪ ਦੇ ਅੰਮਿ੍ਤਸਰ ਪਛਮੀ ਦੇ ਇੰਚਾਰਜ ਵਲੋਂ ਕੀਤੀ ਜਾ ਰਹੀ ਸੀ |
ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ ਵਲ ਪੁਲਿਸ ਵਲੋਂ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਸੀ ਪਰ ਯੂਥ ਅਕਾਲੀ ਦਲ ਨੇ ਬੈਰੀਕੇਡ ਤੋੜ ਕੇ ਸਾਬਕਾ ਆਈ ਜੀ ਦੇ ਘਰ ਵਲ ਮਾਰਚ ਕੀਤਾ ਅਤੇ ਗਿ੍ਫ਼ਤਾਰੀਆਂ ਦੇਣ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ ਦੇ ਸਾਹਮਣੇ ਰੋਸ ਮੁਜ਼ਾਹਰਾ | ਆਗੂਆਂ ਨੇ ਮੰਗ ਕੀਤੀ ਕਿ ਜੇਕਰ ਮੁੱਖ ਮੰਤਰੀ ਨੇ ਨਸ਼ਾ ਤਸਕਰੀ ਘਪਲੇ ਦੀ ਪੁਸ਼ਤ ਪਨਾਹੀ ਕਰਨ 'ਤੇ ਕੁੰਵਰ ਵਿਜੇ ਪ੍ਰਤਾਪ ਵਿਰੁਧ ਕੇਸ ਦਰਜ ਨਾ ਕੀਤਾ ਅਤੇ ਇਹ ਮਾਮਲਾ ਜਾਂਚ ਲਈ ਐਨ ਸੀ ਬੀ ਜਾਂ ਸੀ ਬੀ ਆਈ ਹਵਾਲੇ ਨਾ ਕੀਤਾ ਤਾਂ ਫਿਰ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰਾਜੀਵ ਭਗਤ ਵਲੋਂ ਨਸ਼ਾ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਆਈ ਜੀ ਦੀ ਦੋ ਸਟਾਰ ਵਾਲੀ ਪੁਲਿਸ ਗੱਡੀ ਦੀ ਵਰਤੋਂ ਕਰਨ ਦਾ ਪ੍ਰਗਟਾਵਾ ਕਰਨ ਤੋਂ ਬਾਅਦ ਵੀ ਪੁਲਿਸ ਨੇ ਹਾਲੇ ਤਕ ਸਾਬਕਾ ਆਈ ਜੀ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ | ਰਾਜੀਵ ਭਗਤ ਨੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 1 ਕਰੋੜ ਰੁਪਏ ਅਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੂੰ 15 ਲੱਖ ਰੁਪਏ ਦਿਤੇ ਸਨ ਤੇ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਕੀ ਇਹ ਰਾਸ਼ੀ ਦੁਆਉਣ ਵਿਚ ਕੁੰਵਰ ਵਿਜੇ ਪ੍ਰਤਾਪ ਦੀ ਕੀ ਭੂਮਿਕਾ ਹੈ? ਮਾਮਲੇ ਵਿਚ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਣਦੀ ਹੈ, ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਉਹ 'ਆਪ' ਨਾਲ ਹੋਏ ਸਮਝੌਤੇ ਜਿਸ ਤਹਿਤ ਉਹ ਕਾਂਗਰਸ ਪਾਰਟੀ ਦੀ ਟੀਮ ਵਜੋਂ ਕੰਮ ਕਰ ਰਹੀ ਹੈ, ਦੇ ਤਹਿਤ ਹੀ ਸਾਬਕਾ ਆਈ ਜੀ ਦਾ ਬਚਾਅ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਰਾਜੀਵ ਭਗਤ ਤੇ ਕੁੰਵਰ ਵਿਜੇ ਪ੍ਰਤਾਪ ਵਿਚਾਲੇ ਹੋਈ ਗੱਲਬਾਤ ਦੀ ਕਾਲ ਡਿਟੇਲ ਕਢਵਾਈ ਜਾਵੇ ਜਿਸ ਤੋਂ ਨਸ਼ਾ ਫੜੇ ਜਾਣ ਤੇ 'ਆਪ' ਦੇ ਰਿਸ਼ਵਤ ਕੇਸਾਂ ਦੀ ਸੱਚਾਈ ਸਾਹਮਣੇ ਆ ਜਾਵੇਗੀ | ਇਸ ਮੌਕੇ ਯੂਥ ਆਗੂਆਂ ਗੁਰਪ੍ਰਤਾਪ ਸਿੰਘ ਟਿੱਕਾ, ਜੋਧ ਸਿੰਘ ਸਮਰਾ, ਗੁਰਿੰਦਰਪਾਲ ਸਿੰਘ ਲਾਲੀ, ਗੌਰਵ ਵਲਟੋਹਾ, ਰਾਣਾ ਰਣਬੀਰ ਸਿੰਘ ਲੋਪੋਕੇ, ਸੰਦੀਪ ਸਿੰਘ ਏ ਆਰ, ਹਰਜੀਤ ਸਿੰਘ ਮੀਆਂਵਿੰਡ ਅਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ |
ਕੈਪਸ਼ਨ—ਏ ਐਸ ਆਰ ਬਹੋੜੂ— 28— 1— ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ 'ਤੇ ਯੂਥ ਅਕਾਲੀ ਦਲ ਰੋਸ ਮੁਜ਼ਾਹਰਾ ਕਰਦੇ ਹੋਏ ਤੇ ਹੋਰ ਤਸਵੀਰਾਂ |