ਕੁਝ ਜ਼ਿਲ੍ਹਿਆਂ ਵਿੱਚ ਥੋੜ੍ਹੇ-ਥੋੜ੍ਹੇ ਮੀਂਹ ਦੀ ਸੰਭਾਵਨਾ, ਨਮੀ ਵਧੇਗੀ
ਚੰਡੀਗੜ੍ਹ : ਪੰਜਾਬ ਵਿਚ ਮਾਨਸੂਨ ਨੇ ਦਸਤਕ ਦੇ ਦਿਤੀ ਹੈ ਪਰ ਪੰਜਾਬ ਵਿਚ ਪਹੁੰਚਣ ਤੱਕ ਮਾਨਸੂਨ ਸੁਸਤ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਿਰਫ਼ ਗੁਰਦਾਸਪੁਰ ਵਿਚ ਹੀ ਮੀਂਹ ਰਿਕਾਰਡ ਹੋਇਆ ਹੈ। ਜਦਕਿ ਪੂਰੇ ਸੂਬੇ 'ਚ ਗਰਮ ਅਤੇ ਹੁੰਮਸ ਭਰਿਆ ਮਾਹੌਲ ਰਿਹਾ।
ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਗਲੇ 5 ਦਿਨਾਂ ਤੱਕ ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਪਰ ਸੂਰਜ ਅਤੇ ਬੱਦਲਾਂ ਵਿਚਕਾਰ ਟਕਰਾਅ ਜਾਰੀ ਰਹੇਗਾ ਅਤੇ ਨਮੀ ਵਧੇਗੀ। ਜਾਰੀ ਸੈਟੇਲਾਈਟ ਤਸਵੀਰਾਂ ਵਿਚ ਵੀ ਪੰਜਾਬ ਉੱਤੇ ਕੋਈ ਖਾਸ ਬੱਦਲ ਮੰਡਰਾਉਂਦੇ ਨਜ਼ਰ ਨਹੀਂ ਆ ਰਹੇ ਹਨ। ਜਿਸ ਤੋਂ ਬਾਅਦ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ।
ਹਾਲਾਂਕਿ ਮਾਨਸੂਨ ਦੇ ਸ਼ੁਰੂ ਹੋਣ ਦੇ ਨਾਲ ਹੀ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਨਮੀ ਵਧਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਰਹੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਗੁਰਦਾਸਪੁਰ ਵਿਚ 12 ਐਮਐਮ, ਫਰੀਦਕੋਟ ਵਿਚ 0.80 ਐਮਐਮ, ਫਿਰੋਜ਼ਪੁਰ ਵਿਚ 0.5 ਅਤੇ ਮੁਹਾਲੀ ਵਿਚ 1 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕਿਤੇ ਵੀ ਮੀਂਹ ਨਹੀਂ ਪਿਆ।
ਮੌਸਮ ਵਿਭਾਗ ਵਲੋਂ ਸਵੇਰੇ ਜਾਰੀ ਕੀਤੇ ਗਏ ਘੱਟੋ-ਘੱਟ ਤਾਪਮਾਨ ਵਿਚ ਪੰਜਾਬ ਵਿਚ ਪਿਛਲੇ ਦਿਨ ਨਾਲੋਂ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦਕਿ 1.8 ਡਿਗਰੀ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 33 ਤੋਂ 35 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਕਈ ਵਾਰ ਬੱਦਲ ਛਾਏ ਰਹਿਣਗੇ, ਪਰ ਜ਼ਿਆਦਾਤਰ ਸਮਾਂ ਧੁੱਪ ਰਹੇਗੀ।