
ਖੇਤੀ ਆਰਡੀਨੈਂਸਾਂ ਵਿਰੁਧ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ
ਚੰਡੀਗੜ੍ਹ, 28 ਜੁਲਾਈ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਗਠਨ ਬਾਅਦ ਹੁਣ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਦਲ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੋਦੀ ਸਰਕਾਰ ਖਤੋ ਕਿਤਾਬਤ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਐਨ.ਡੀ.ਏ. ਗਠਜੋੜ ਵਿਚ ਰਹਿੰਦਿਆਂ ਢੀਂਡਸਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਉੁਚ ਭਾਜਪਾ ਆਗੂਆਂ ਨਾਲ ਵਧੀਆ ਸਬੰਧ ਰਹੇ ਹਨ। ਢੀਂਡਸਾ ਨੇ ਮੋਦੀ ਸਰਕਾਰ ਨਾਲ ਖਤੋ ਖ਼ਿਤਾਬਤ ਦਾ ਸਿਲਸਿਲਾ ਸ਼ੁਰੂ ਕਰਦਿਆਂ ਖੇਤੀ ਨਾਲ ਸਬੰਧਤ 3 ਆਰਡੀਨੈਂਸਾਂ ਵਿਰੁਧ ਚਿੱਠੀ ਲਿਖੀ ਹੇ। ਇਹ ਚਿੱਠੀ ਢੀਂਡਸਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਗਈ ਹੈ। ਇਸ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਐਸ.ਜੀ.ਪੀ.ਸੀ. ਦੀਆਂ ਲੰਬਿਤ ਚੋਣਾਂ ਕਰਵਾਉਣ ਲਈ ਪੱਤਰ ਲਿਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਢੀਂਡਸਾ ਮੋਦੀ ਸਰਕਾਰ ਤੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੀਟਿੰਗਾਂ ਲਈ ਵੀ ਸਮਾਂ ਮੰਗਣਗੇ ਜਿਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਨਗੇ।
Sukhdev Singh Dhindsa
ਢੀਂਡਸਾ ਵਲੋਂ ਪ੍ਰਧਾਨ ਮੰਤਰੀ ਨੂੰ ਕੇਂਦਰ ਸਰਕਾਰ ਦੇ 3 ਖੇਤੀ ਆਰਡੀਨੈਂਸਾਂ ਵਿਰੁਧ ਲਿਖੇ ਪੱਤਰ ਵਿਚ ਇਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਲਈ ਅਤੀ ਮਾਰੂ ਦਸਿਆ ਗਿਆ ਹੈ ਅਤੇ ਇਨ੍ਹਾਂ ਆਰਡੀਨੈਂਸਾਂ ਨੂੰ ਰਾਜਾਂ ਦੇ ਅਧਿਕਾਰ ਖੋਹਣ ਵਾਲੇ ਕਿਹਾ ਗਿਆ ਹੈ। ਢੀਂਡਸਾ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਤ ਹੁੰਦਿਆਂ ਅਪਣੇ ਦਲ ਦੀ ਨੀਤੀ ਬਾਰੇ ਵੀ ਸਪਸ਼ਟ ਕੀਤਾ ਹੈ ਕਿ ਉਹ ਫ਼ੈਡਰਲ ਸਿਸਟਮ ਅਤੇ ਰਾਜਾਂ ਨੂੰ ਵਧੇਰੇ ਅਧਿਕਾਰਾਂ ਦੇ ਹਾਮੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਕਰਜ਼ੇ ਵਿਚ ਫਸੇ ਹੋਣ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ ਅਤੇ ਕੇਂਦਰ ਵਲੋਂ ਜਾਰੀ ਖੇਤੀ ਤੇ ਮੰਡੀ ਸਿਸਟਮ ਨਾਲ ਸਬੰਧਤ ਆਰਡੀਨੈਂਸ ਪੰਜਾਬ ਦੀ ਕਿਸਾਨੀ ਨੂੰ ਬਿਲਕੁਲ ਤਬਾਹ ਕਰ ਦੇਣਗੇ।