
ਪ੍ਰਧਾਨ ਬਣਨ ਦੇ ਬਾਅਦ ਹਾਈਕਮਾਨ ਨੂੰ ਮਿਲਣ ਦਿੱਲੀ ਪਹੁੰਚੇ ਨਵਜੋਤ ਸਿੱਧੂ
ਚੰਡੀਗੜ੍ਹ, 28 ਜੁਲਾਈ (ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਪਹਿਲੀ ਵਾਰ ਦਿੱਲੀ 'ਚ ਹਾਈ ਕਮਾਨ ਨੂੰ ਮਿਲਣ ਪਹੁੰਚੇ ਹਨ | ਇਸ ਤੋਂ ਮਹਿਜ਼ ਇਸ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੀਟਿੰਗ ਕੀਤੀ ਗਈ ਸੀ | ਇਸ ਮੀਟਿੰਗ ਦੌਰਾਨ ਸਿੱਧੂ ਨੇ ਮੁੱਖ ਮੰਤਰੀ ਹਾਈਕਮਾਨ ਵਲੋਂ ਦਿਤੇ 18 ਏਜੰਡਿਆਂ 'ਚੋਂ 5 ਏਜੰਡੇ ਸਾਂਝੇ ਕੀਤੇ ਸਨ ਅਤੇ ਫ਼ੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ | ਸੂਤਰਾਂ ਮੁਤਾਬਕ ਨਵਜੋਤ ਸਿੱਧੂ 18 ਏਜੰਡਿਆਂ 'ਤੇ ਚਰਚਾ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਵਰਕਰਾਂ ਦੀ ਫ਼ੀਡਬੈਕ ਵੀ ਹਾਈਕਮਾਨ ਨਾਲ ਸਾਂਝੀ ਕਰ ਸਕਦੇ ਹਨ | ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਜਿਥੇ ਪੰਜਾਬ ਭਰ ਦੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਹੋਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ | ਇਸ ਦੌਰਾਨ ਸਿੱਧੂ ਨੇ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਰਗਰਮੀਆਂ ਤੇਜ਼ ਕਰਦੇ ਹੋਏ ਬੀਤੇ ਦਿਨੀਂ ਪੰਜਾਬ ਕਾਂਗਰਸ ਦੀਆਂ ਸਾਰੀਆਂ ਮੋਹਰੀ ਸੰਸਥਾਵਾਂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਰੇ 35 ਵਿਭਾਗਾਂ ਤੇ ਸੈੱਲਾਂ ਨਾਲ ਮੀਟਿੰਗਾਂ ਕੀਤੀਆਂ | ਇਸ ਦੌਰਾਨ ਉਨ੍ਹਾਂ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ਦੇ ਦਫਤਰੀ ਸਟਾਫ਼ ਨਾਲ ਵੀ ਗੱਲਬਾਤ ਕੀਤੀ | ਇਸ ਦੌਰਾਨ ਨਵਜੋਤ ਸਿੱਧੂ ਨੇ ਵਰਕਰਾਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿਤਾ | ਸੰਭਾਵਨਾ ਹੈ ਕਿ ਹਾਈਕਮਾਨ ਨਾਲ ਸਿੱਧੂ ਵਰਕਰਾਂ ਦੀ ਫ਼ੀਡਬੈਕ ਵੀ ਸਾਂਝੀ ਕਰ ਸਕਦੇ ਹਨ |