
ਪੰਜਾਬ ਵਿਚ 18 ਸਾਲਾਂ 'ਚ 1805 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ : ਤੋਮਰ
ਪੀਏਯੂ ਮੁਤਾਬਕ ਪੰਜਾਬ 'ਚ 9291 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ
ਨਵੀਂ ਦਿੱਲੀ, 28 ਜੁਲਾਈ : ਪੰਜਾਬ ਵਿਚ ਕਿਸਾਨ ਖ਼ੁਦਕੁਸ਼ੀਆਂ ਨੂੰ ਲੈ ਕੇ ਕੇਂਦਰ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ | ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦਾ ਲੋਕ ਸਭਾ 'ਚ ਕਾਂਗਰਸ ਦੇ ਸੰਸਦ ਮੈਂਬਰ ਸੁਰੇਸ਼ ਨਾਰਾਇਣ ਧਨੋਰਕਰ ਦੇ ਸਵਾਲ ਦਾ ਜਵਾਬ ਦਿੰਦਿਆ ਦਸਿਆ ਕਿ ਪੰਜਾਬ ਵਿਚ 18 ਸਾਲਾਂ 'ਚ 1805 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ | ਉਨ੍ਹਾਂ ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਬੀ) ਦੇ 2000 ਤੋਂ 2018 ਦੇ ਅੰਕੜਿਆਂ ਦਾ ਹਵਾਲਾ ਦਿਤਾ | ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ(ਪੀਏਯੂ) ਦੀ ਸਟੱਡੀ ਮੁਤਾਬਕ 9291 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ |
ਕਾਂਗਰਸ ਦੇ ਸੰਸਦ ਮੈਂਬਰ ਸੁਰੇਸ਼ ਨਰਾਇਣ ਧਨੋਰਕਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਅਧਿਐਨ ਦੇ ਆਧਾਰ 'ਤੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ ਵਿਚ ਇਹ ਸਵਾਲ ਚੁਕਿਆ ਸੀ, ਜਿਸ ਮੁਤਾਬਕ 2000 ਤੋਂ 2018 ਦਰਮਿਆਨ 9,291 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ | ਤੋਮਰ ਨੇ ਜਵਾਬ ਦਿਤਾ ਕਿ ਐਨਸੀਆਰਬੀ ਦੀ ਰਿਪੋਰਟ ਅਨੁਸਾਰ 2000-2018 ਦੌਰਾਨ ਪੰਜਾਬ ਵਿਚ 1,805 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ | ਐਨਸੀਆਬੀ ਸਿਰਫ਼ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਬੰਧ ਵਿਚ ਲਿੰਗ-ਅਧਾਰਿਤ ਅੰਕੜੇ ਰਖਦਾ ਹੈ | ਕਾਂਗਰਸੀ ਸੰਸਦ ਮੈਂਬਰ ਨੇ ਪੁਛਿਆ ਕਿ ਕੀ ਕੁਲ ਮੌਤਾਂ ਵਿਚ ਸੀਮਾਂਤ ਅਤੇ ਛੋਟੇ
ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ | ਕੀ ਖ਼ੁਦਕੁਸੀਆਂ ਕਰ ਕੇ ਮਰਨ ਵਾਲੇ 75 ਫ਼ੀ ਸਦੀ ਕਿਸਾਨ 19-35 ਸਾਲ ਦੀ ਉਮਰ ਦੇ ਸਨ?
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਕੋਕਰੀਕਲਾਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਸੂਬੇ ਵਿਚ ਕਿਸਾਨ ਵਰਗ ਦੀ ਮਾੜੀ ਹਾਲਤ ਨੂੰ ਦੂਰ ਕਰਨ ਲਈ ਯਤਨਸੀਲ ਹੈ | ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਪੇਸ ਕੀਤੇ ਗਏ ਅੰਕੜਿਆਂ ਵਿਚ ਹੇਰਾਫੇਰੀ ਕੀਤੀ ਗਈ ਹੈ | ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਕੜਿਆਂ ਨੂੰ ਭਰੋਸੇਮੰਦ ਮੰਨਿਆ ਹੈ | ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਕੋਈ ਐਕਸ਼ਨ ਪਲਾਨ ਬਣਾਉਣ ਤੋਂ ਪਹਿਲਾਂ ਕਿਸਾਨ ਖੁਦਕੁਸੀਆਂ ਦੀ ਵਿਆਪਕ ਤਸਵੀਰ ਲਵੇਗੀ |
ਪੀਏਯੂ ਨੇ ਅਪਣੇ ਅਧਿਐਨ ਲਈ ਸੰਗਰੂਰ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ ਅਤੇ ਬਰਨਾਲਾ ਜ਼ਿਲਿ੍ਹਆਂ ਦਾ ਸਰਵੇਖਣ ਕੀਤਾ, ਜੋ ਕਿ ਅਰਥ ਸਾਸਤਰ ਅਤੇ ਸਮਾਜ ਸਾਸਤਰ ਵਿਭਾਗ ਦੇ ਪ੍ਰੋਫੈਸਰ ਸੁਖਪਾਲ ਸਿੰਘ, ਡਾ: ਮਨਜੀਤ ਕੌਰ ਅਤੇ ਡਾ: ਐਚ.ਐਸ. ਕਿੰਗਰਾ ਦੁਆਰਾ ਕਰਵਾਇਆ ਗਿਆ | ਇਹ ਪਾਇਆ ਗਿਆ ਕਿ ਖ਼ੁਦਕੁਸੀ ਕਰਨ ਵਾਲੇ ਘੱਟੋ-ਘੱਟ 77 ਫ਼ੀ ਸਦੀ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਸੀ | (ਏਜੰਸੀ)