
ਅਧੀਰ ਰੰਜਨ ਚੌਧਰੀ ਦੀ 'ਰਾਸ਼ਟਰਪਤਨੀ' ਵਾਲੀ ਟਿਪਣੀ 'ਤੇ ਸੰਸਦ ਦੇ ਦੋਹਾਂ ਸਦਨਾਂ ਵਿਚ ਹੋਇਆ ਭਾਰੀ ਹੰਗਾਮਾ
ਸੋਨੀਆ ਗਾਂਧੀ ਅਤੇ ਸ੍ਰਮਿਤੀ ਇਰਾਨੀ ਵਿਚਾਲੇ ਹੋਈ ਤਿੱਖੀ ਬਹਿਸ
ਨਵੀਂ ਦਿੱਲੀ, 28 ਜੁਲਾਈ : ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ 'ਰਾਸ਼ਟਰਪਤਨੀ' ਕਹੇ ਜਾਣ ਤੋਂ ਬਾਅਦ ਮਹਿਲਾ ਭਾਜਪਾ ਸੰਸਦ ਮੈਂਬਰਾਂ ਨੇ ਇਸ ਬਿਆਨ ਨੂੰ ਲੈ ਕੇ ਸਦਨ 'ਚ ਭਾਰੀ ਹੰਗਾਮਾ ਕੀਤਾ | ਉਨ੍ਹਾਂ ਨੇ ਹੱਥਾਂ ਵਿਚ ਸੋਨੀਆ ਗਾਂਧੀ ਦਾ ਪੋਸਟਰ ਲੈ ਕੇ ਨਾਹਰੇਬਾਜ਼ੀ ਕੀਤੀ | ਸਮਿ੍ਤੀ ਇਰਾਨੀ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ ਮੁਆਫ਼ੀ ਮੰਗਣੀ ਪਵੇਗੀ | ਲੋਕ ਸਭਾ ਅਤੇ ਰਾਜ ਸਭਾ ਵਿਚ ਹੰਗਾਮੇ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ | ਸੰਸਦ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕੇਂਦਰੀ ਮੰਤਰੀ ਸਮਿ੍ਤੀ ਇਰਾਨੀ ਵਿਚਾਲੇ ਤਿੱਖੀ ਬਹਿਸ ਹੋ ਗਈ |
ਭਾਜਪਾ ਨੇ ਅਤੇ ਸਰਕਾਰ ਦੇ ਮੰਤਰੀਆਂ ਨੇ ਇਸ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ | ਇਸੇ ਮੁੱਦੇ 'ਤੇ ਲੋਕ ਸਭਾ ਦੀ ਕਾਰਵਾਈ ਜਦੋਂ ਦੁਪਿਹਰ 12 ਵਜੇ ਦੇ ਕੁੱਝ ਦੇਰ ਬਾਅਦ ਜਦੋਂ ਮੁੜ ਮੁਲਤਵੀ ਕੀਤੀ ਗਈ ਤਾਂ ਸੋਨੀਆ ਗਾਂਧੀ ਸੱਤਾਧਿਰ ਦੀਆਂ ਸੀਟਾਂ ਵਲ ਗਈ ਅਤੇ ਉਨ੍ਹਾਂ ਨੇ ਭਾਜਪਾ ਸਾਂਸਦ ਰਮਾ ਦੇਵੀ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਇਸ ਵਿਵਾਦ ਵਿਚ ਉਨ੍ਹਾਂ ਦਾ ਨਾਂ ਕਿਉਂ ਲਿਆ ਜਾ ਰਿਹਾ ਹੈ | ਇਸੇ ਦੌਰਾਨ ਸ੍ਰਮਿਤੀ ਇਰਾਨੀ ਵੀ ਉਥੇ ਪਹੁੰਚ ਗਈ ਅਤੇ ਉਹ ਸੋਨੀਆ ਗਾਂਧੀ ਦੇ ਨੇੜੇ ਪਹੁੰਚ ਕੇ ਚੋਧਰੀ ਦੇ ਬਿਆਨ ਦਾ ਵਿਰੋਧ ਕਰਦੀ ਦਿਸੀ, ਪਰ ਕੁੱਝ ਦੇਰ ਬਾਅਦ ਉਨ੍ਹਾਂ ਨੂੰ ਕੇਂਦਰੀ ਮੰਤਰੀ ਵਲ ਰੁਖ ਕਰ ਕੇ ਨਾਰਾਜ਼ਗੀ ਭਰੇ ਲਫ਼ਜ਼ਾਂ ਵਿਚ ਕੁੱਝ ਕਹਿੰਦੇ ਹੋਏ ਦੇਖਿਆ ਗਿਆ |
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਨੇ ਭਾਜਪਾ ਦੀ ਇਕ ਮੈਂਬਰ ਨਾਲ ਉਨ੍ਹਾਂ ਨਾਲ ਗੱਲ ਨਾ ਕਰਨ ਨੂੰ ਕਿਹਾ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੋਸ਼ ਲਾਇਆ ਕਿ ਸੋਨੀਆ ਨੇ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਧਮਕੀ ਦਿਤੀ ਹੈ |
ਰਮਾ ਦੇਵੀ ਨੇ ਬਾਅਦ ਵਿਚ ਮੀਡੀਆ ਨੂੰ ਕਿਹਾ ਸੋਨੀਆ ਗਾਂਧੀ ਇਹ ਜਾਣਨਾ ਚਾਹੁੰਦੀ ਸੀ ਕਿ ਇਸ ਮੁੱਦੇ 'ਚ ਉਨ੍ਹਾਂ ਦਾ ਨਾਂ ਕਿਉਂ ਲਿਆ ਜਾ ਰਿਹਾ ਹੈ | ਰਮਾ ਦੇਵੀ ਮੁਤਾਬਕ ਸੋਨੀਆ ਨੇ ਉਨ੍ਹਾਂ ਤੋਂ ਪੁਛਿਆ ਮੇਰੀ ਕੀ ਗ਼ਲਤੀ ਹੈ? '' ਰਮਾ ਦੇਵੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਗ਼ਲਤੀ ਇਹ ਹੈ ਕਿ ਤੁਸੀ ਚੌਧਰੀ ਨੂੰ ਲੋਕ ਸਭਾ ਵਿਚ ਕਾਂਗਰਸ ਦਾ ਨੇਤਾ ਚੁਣਿਆ ਹੈ | ਸਦਨ 'ਚ ਸਮਿ੍ਤੀ ਨੇ ਕਿਹਾ ਕਾਂਗਰਸ ਗਰੀਬ ਅਤੇ ਆਦਿਵਾਸੀਆਂ ਵਿਰੋਧੀ ਹੈ | ਸੋਨੀਆ ਗਾਂਧੀ ਨੂੰ ਕਾਂਗਰਸ ਵਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ | ਕਾਂਗਰਸ ਨੇ ਹਰ ਭਾਰਤੀ ਨਾਗਰਿਕ ਦਾ ਅਪਮਾਨ ਕੀਤਾ ਹੈ | ਇਰਾਨੀ ਨੇ ਕਿਹਾ, ''ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਦੇ ਹੀ ਮੁਰਮੂ ਕਾਂਗਰਸ ਦੀ ਨਫ਼ਰਤ ਦਾ ਕੇਂਦਰ ਬਣ ਗਈ | ਕਾਂਗਰਸ ਦੇ ਮਰਦ ਨੇਤਾਵਾਂ ਨੇ ਦ੍ਰੋਪਦੀ ਮੁਰਮੂ ਨੂੰ 'ਕਠਪੁਤਲੀ' ਕਿਹਾ | ਅਤੇ ਕਲ ਸਦਨ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਨੂੰ 'ਰਾਸ਼ਟਰਪਤਨੀ' ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ | ਇਸ 'ਤੇ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਅਧੀਰ ਪਹਿਲਾਂ ਹੀ ਅਪਣੀ ਗ਼ਲਤੀ ਮੰਨ ਚੁੱਕੇ ਹਨ |