
ਭਾਈ ਮੰਡ ਨੇ ਕਿਹਾ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਉਨ੍ਹਾਂ ਨੇ ਜਥੇਦਾਰ ਨੂੰ ਪੰਥਕ ਏਕਤਾ ਦਾ ਮੁੱਢ ਬੰਨ੍ਹਣ ਲਈ ਪੱਤਰ ਲਿਖਿਆ ਸੀ।
ਅੰਮ੍ਰਿਤਸਰ - 2015 ਵਿਚ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਨਾਮਕ ਇਕੱਠ ਵਿਚ ਬਣੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਏਕਤਾ ਲਈ ਇਕ ਵਾਰ ਫਿਰ ਪੱਤਰ ਲਿਖਿਆ ਹੈ। ਭਾਈ ਮੰਡ ਨੇ ਕਿਹਾ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਉਨ੍ਹਾਂ ਨੇ ਜਥੇਦਾਰ ਨੂੰ ਪੰਥਕ ਏਕਤਾ ਦਾ ਮੁੱਢ ਬੰਨ੍ਹਣ ਲਈ ਪੱਤਰ ਲਿਖਿਆ ਸੀ।
ਜਿਸ ਤਹਿਤ ਇਕ ਵਾਰ ਫਿਰ ਪੱਤਰ ਲਿਖਿਆ ਹੈ ਜਿਸ ਵਿਚ ਜਥੇਦਾਰ ਨੂੰ ਲਿਖਿਆ ਹੈ ਕਿ ਪਹਿਲੇ ਪੱਤਰ ਦੀ ਕਾਪੀ ਪੰਜ ਸਿੰਘਾਂ ਰਾਹੀਂ ਆਪ ਨੂੰ ਦਸਤੀ ਭੇਜੀ ਸੀ ਅਤੇ ਫਿਰ ਮੇਰੇ ਵੱਲੋਂ ਪਹਿਲ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਿਲ ਬੈਠਣ ਲਈ 29 ਜੁਲਾਈ ਨੂੰ 11 ਵਜੇ ਤੋਂ 1 ਵਜੇ ਤੱਕ ਸਮਾਂ ਰੱਖਿਆ ਸੀ। ਉਨ੍ਹਾਂ ਕਿਹਾ ਕਿ ਮੈਂ ਮਿਥੇ ਸਮੇਂ ਅਨੁਸਾਰ ਤੁਹਾਡੀ ਉਡੀਕ ਕੀਤੀ ਪਰ ਆਪ ਸ਼ਾਇਦ ਪੰਥਕ ਜਾਂ ਕਿਸੇ ਨਿੱਜੀ ਰੁਝੇਵਿਆਂ ਕਰਕੇ ਸਮਾਂ ਨਹੀਂ ਕੱਢ ਸਕੇ।
ਮੈਂ ਇਸ ਮਹਾਨ ਕਾਰਜ ਦੀ ਅਹਿਮੀਅਤ ਨੂੰ ਸਮਝਦਾ ਹਾਂ ਅਤੇ ਇਸ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਾਂਗਾ। ਇਸ ਲਈ ਆਪ ਨੂੰ ਫਿਰ ਬੇਨਤੀ ਹੈ ਕਿ ਸਿੱਖ ਪੰਥ ਨੂੰ ਖ਼ਾਲਸਾਈ ਨਿਸ਼ਾਨ ਹੇਠ ਇੱਕਤਰ ਕਰਨ ਲਈ ਆਪਾਂ 9 ਅਗਸਤ ਨੂੰ ਮਿਲ ਬੈਠੀਏ। ਮੈਂ 11 ਵਜੇ ਤੋਂ 1 ਵਜੇ ਤੱਕ ਆਪ ਦੀ ਉਡੀਕ ਕਰਾਂਗਾ।