
ਸੈਂਪਲ ਲੈਣ ਤੋਂ ਪਹਿਲਾਂ ਦੀ ਦਲੀਆ ਸੁੱਟਿਆ
ਮੁਹਾਲੀ - ਮੁਹਾਲੀ ਦੇ ਫੇਜ਼ 9 ਸਥਿਤ ਇਨਡੋਰ ਸਪੋਰਟਸ ਸਟੇਡੀਅਮ ਵਿਚ ਦਲੀਆ ਖਾ ਕੇ ਖਿਡਾਰੀ ਬਿਮਾਰ ਹੋ ਗਏ। ਜਿਸ ਤੋਂ ਬਾਅਦ ਇਹ ਦਲੀਆ ਖਾਣ ਵਾਲੇ ਸਾਰੇ 48 ਖਿਡਾਰੀਆਂ ਨੂੰ ਫੇਜ਼ 6 ਦੇ ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਖਿਡਾਰੀਆਂ ਨੇ ਦੱਸਿਆ ਕਿ ਦਲੀਏ ਵਿਚ ਕਿਰਲੀ ਸੀ। ਜਦੋਂ ਉਹਨਾਂ ਨੇ ਇਹ ਦਲੀਆ ਖਾਧਾ ਤਾਂ ਇੱਕ ਖਿਡਾਰੀ ਨੇ ਇਸ ਵਿਚ ਕਿਰਲੀ ਦੇਖੀ। ਇਸ ਕਾਰਨ ਚਾਰ-ਪੰਜ ਖਿਡਾਰੀਆਂ ਨੇ ਮੌਕੇ 'ਤੇ ਹੀ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੀ ਸੂਚਨਾ ਤੁਰੰਤ ਉਥੇ ਮੌਜੂਦ ਕੋਚ ਨੂੰ ਦਿੱਤੀ ਗਈ।
ਦਲੀਆ ਖਾਣ ਵਾਲੇ ਸਾਰੇ ਖਿਡਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਸਾਰੇ ਖਿਡਾਰੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਓਧਰ ਖੇਡ ਵਿਭਾਗ ਨੇ 3 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਦੀ ਰਿਪੋਰਟ ਮੰਗ ਲਈ ਹੈ। ਦਲੀਏ 'ਚ ਛਿਪਕਲੀ ਹੋਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ ਸੀ ਪਰ ਕਿਹਾ ਜਾ ਰਿਹਾ ਹੈ ਕਿ ਦਲੀਆ ਸੈਂਪਲ ਲੈਣ ਤੋਂ ਪਹਿਲਾਂ ਹੀ ਸੁੱਟ ਦਿੱਤਾ ਗਿਆ ਸੀ ਤੇ ਸੈਂਪਲ ਨਹੀਂ ਲੈ ਹੋਏ। ਜਿਸ ਤੋਂ ਬਾਅਦ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜੇ ਦਲੀਆ ਪਹਿਲਾਂ ਹੀ ਸੁੱਟ ਦਿੱਤਾ ਤਾਂ ਸੈਂਪਲ ਕਿਧਰੋਂ ਆਏ ਤੇ ਹੁਣ ਜੋ ਸਰਕਾਰ ਨੇ ਰਿਪੋਰਟ ਮੰਗੀ ਹੈ ਉਹ ਕਿਸ ਅਧਾਰ 'ਤੇ ਦਿੱਤੀ ਜਾਵੇਗੀ।
ਓਧਰ ਖਿਡਾਰੀਆਂ ਦਾ ਇਲਾਜ ਕਰ ਰਹੇ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਘਰਾਂ ਵਿਚ ਪਾਈਆਂ ਜਾਣ ਵਾਲੀਆਂ ਕਿਰਲੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ। ਛਿਪਕਲੀ ਨੂੰ ਦੇਖ ਕੇ ਘਬਰਾ ਕੇ ਖਿਡਾਰੀਆਂ ਨੇ ਉਲਟੀਆਂ ਕਰ ਦਿੱਤੀਆਂ। ਇਸ ਦਾ ਕਾਰਨ ਸਿਰਫ਼ ਖਿਡਾਰੀਆਂ ਦੇ ਅੰਦਰ ਦਾ ਡਰ ਹੈ। ਸਾਰੇ ਖਿਡਾਰੀਆਂ ਦੀ ਹਾਲਤ ਠੀਕ ਹੈ।