ਬਾਬੇ ਨਾਨਕ ਦੀ ਸਿੱਖੀ ਨੂੰ ਪੁਜਾਰੀਆਂ ਨੇ ਖ਼ਤਮ ਕੀਤਾ : ਜੋਗਿੰਦਰ ਸਿੰਘ
Published : Aug 29, 2020, 9:45 pm IST
Updated : Aug 29, 2020, 9:45 pm IST
SHARE ARTICLE
S. Joginder Singh Ji
S. Joginder Singh Ji

ਜਥੇਦਾਰੀ ਪ੍ਰਥਾ ਬਾਰੇ ਕੀਤੀਆਂ ਬੇਬਾਕ ਟਿੱਪਣੀਆਂ

ਚੰਡੀਗੜ੍ਹ : ਪੁਜਾਰੀ ਸ਼੍ਰੇਣੀ ਹਮੇਸ਼ਾ ਹੀ ਨਵੀਨਤਾ ਦੀ ਵਿਰੋਧੀ ਰਹੀ ਹੈ। ਬੀਤੇ ਸਮੇਂ ਦੌਰਾਨ ਜਦੋਂ ਵੀ ਕਿਸੇ ਵਿਗਿਆਨੀ, ਵਿਦਵਾਨ ਜਾਂ ਅਗਾਂਹਵਧੂ ਸੋਚ ਵਾਲੀ ਸ਼ਖ਼ਸੀਅਤ ਨੇ ਨਵੀਨਤਾ ਤੇ ਤਰਕ ਦੀ ਗੱਲ ਕੀਤੀ ਹੈ, ਪੁਜਾਰੀ ਸ਼੍ਰੇਣੀ ਨੇ ਹਮੇਸ਼ਾ ਇਸ ਦਾ ਵਿਰੋਧ ਕੀਤਾ ਹੈ। ਨਵੀਨਤਾ ਦਾ ਦਾਅਵਾ ਕਰਨ ਵਾਲੇ ਸਿੱਖ ਧਰਮ ਅੰਦਰ ਵੀ ਪੁਜਾਰੀ ਸ਼੍ਰੇਣੀ ਦੀ ਬਦੌਲਤ ਅਨੇਕਾ ਕੁਰੀਤੀਆਂ ਪ੍ਰਵੇਸ਼ ਕਰ ਚੁੱਕੀਆਂ ਹਨ। ਇਨ੍ਹਾਂ ਕੁਰੀਤੀਆਂ ਅਤੇ ਪੁਜਾਰੀਵਾਦ ਦੇ ਗਲਬੇ ਖਿਲਾਫ਼ ਜਦੋਂ ਵੀ ਕਿਸੇ ਵਿਦਵਾਨ ਜਾਂ ਅਗਾਂਹਵਧੂ ਸੋਚ ਵਾਲੀ ਸ਼ਖਸ਼ੀਅਤ ਵਲੋਂ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਨੂੰ ਪੰਥ 'ਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿਤਾ ਜਾਂਦਾ ਰਿਹਾ ਹੈ। ਇਸੇ ਰਵਾਇਤ ਤਹਿਤ ਹੀ ਜਥੇਦਾਰਾਂ ਵਲੋਂ ਉਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਵੀ ਫੁਰਮਾਨ ਜਾਰੀ ਹੋਇਆ ਹੈ। ਫੁਰਮਾਨ ਮੁਤਾਬਕ ਸਿੱਖ ਸੰਗਤਾਂ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ 'ਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ। ਇਹੋ ਜਿਹਾ ਫੁਰਮਾਨ ਹੀ ਕਾਫ਼ੀ ਸਾਲ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਐਡੀਟਰ ਤੇ ਸਰਪ੍ਰਸਤ ਸ. ਜੋਗਿੰਦਰ ਸਿੰਘ ਖਿਲਾਫ਼ ਵੀ ਜਾਰੀ ਹੋਇਆ ਸੀ। ਇਸੇ ਤਰ੍ਹਾਂ ਉਘੇ ਸਿੱਖ ਵਿਦਵਾਨ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਅਤੇ ਪ੍ਰੋ. ਦਰਸ਼ਨ ਸਿੰਘ ਨੂੰ 'ਜਥੇਦਾਰਾਂ' ਨੇ ਪੰਥ 'ਚੋਂ ਛੇਕ ਦਿਤਾ ਸੀ। ਉਪਰੋਕਤ ਸਿੱਖ ਵਿਦਵਾਨਾਂ ਨਾਲ ਸੰਗਤ ਨੂੰ ਰੋਟੀ-ਬੇਟੀ ਦੀ ਸਾਝ ਰੱਖਣ ਤੋਂ ਵਰਜ ਦਿਤਾ ਗਿਆ ਸੀ। ਇਹੋ ਜਿਹੇ ਫੁਰਮਾਨ ਮੰਨੇ ਜਾਣੇ ਚਾਹੀਦੇ ਹਨ ਜਾਂ ਨਹੀਂ, ਇਸ ਤੋਂ ਬਾਅਦ ਕੀ ਹੋਣਾ ਚਾਹੀਦੈ, ਇਨ੍ਹਾਂ ਤਿੰਨਾਂ ਸਿੱਖ ਵਿਦਵਾਨਾਂ ਨੇ ਕੀ ਕੀਤਾ ਤੇ ਇਸ ਦਾ ਅੱਜ ਸਿੱਖ ਧਰਮ 'ਤੇ ਕੀ ਅਸਰ ਪੈ ਰਿਹੈ, ਇਸ ਬਾਰੇ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਮੈਡਮ ਨਿਮਰਤ ਕੌਰ ਵਲੋਂ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਜੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਖਾਸ ਅੰਸ਼ :

InterviewInterview

ਸਵਾਲ: ਸਰ, ਤੁਹਾਡਾ ਟੀਵੀ 'ਤੇ ਆਉਣ ਲਈ ਧੰਨਵਾਦ, ਤੁਸੀਂ ਕਲਮ ਬੜੀ ਤਾਕਤਵਰ ਰੱਖਦੇ ਹੋ ਪਰ ਤੁਸੀਂ ਟੀਵੀ ਸਾਹਮਣੇ ਆਉਣ ਤੋਂ ਕਤਰਾਉਂਦੇ ਹੋ, ਭਾਵੇਂ ਇਹ ਸਪੋਕਸਮੈਨ ਟੀਵੀ ਵੀ ਤੁਹਾਡੀਆਂ ਲਿਖਤਾਂ ਤੋਂ ਹੀ ਜਨਮਿਆ ਹੈ?
ਜਵਾਬ : ਠੀਕ ਹੈ, ਜੋ ਵਾਹਿਗੁਰੂ ਨੇ ਮੇਨੂੰ ਸੇਵਾ ਲਾਈ, ਮੈਂ ਉਹੀ ਕਰੀ ਜਾਂਦਾ ਹਾਂ, ਜੋ ਤੁਸੀਂ ਕਰ ਰਹੇ ਹੋ, ਉਹ ਵੀ ਬਹੁਤ ਜ਼ਰੂਰੀ ਹੈ, ਸਾਨੂੰ ਪੁਰਾਣੇ ਰਹਿਣ ਦਿਓ, ਤੁਸੀਂ ਨਵਾਂ ਮੋਰਚਾ ਸੰਭਾਲ ਲਿਐ, ਮੁਬਾਰਕਾਂ।
ਸਵਾਲ : ਅੱਜ ਜੋ ਨਵਾਂ ਵਿਵਾਦ ਛਿੜਿਆ ਹੈ, ਤੁਸੀਂ ਆਪ ਇਸ ਦਾ ਸੇਕ ਹੰਢਾਇਆ ਹੈ, ਤੁਹਾਡੀਆਂ ਲਿਖਤਾਂ 'ਚ ਕੋਈ ਇਹੋ ਜਿਹੀ ਬਗਾਵਤ ਨਹੀਂ ਸੀ, ਤੁਸੀਂ ਸਿਰਫ਼ ਕਾਲਾ ਅਫ਼ਗਾਨਾ ਦੇ ਹੱਕ 'ਚ ਖੜ੍ਹੇ ਸੀ, ਉਸ ਵਕਤ ਜੋ ਕੁੱਝ ਤੁਹਾਡੇ 'ਤੇ ਬੀਤਿਆ, ਸ. ਕਾਲਾ ਅਫਗਾਨਾ ਅਪਣੇ ਨਾਮ ਨਾਲ ਤਨਖਾਹੀਆ ਦਾ ਨਾਮ ਲੈ ਕੇ ਚਲੇ ਗਏ ਨੇ, ਇਹ ਜਿਹੜੇ 15 ਸਾਲ ਨੇ, ਇਸ ਦਾ ਤੁਹਾਡੇ 'ਤੇ ਕੀ ਅਸਰ ਹੋਇਐ ਹੈ?
ਜਵਾਬ : ਮੈਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਕਿ ਉਨ੍ਹਾਂ ਦਾ ਮੇਰੇ 'ਤੇ ਕੀ ਅਸਰ ਹੋਇਐ, ਕਿਉਂਕਿ ਮੇਰਾ ਧਿਆਨ ਇਸੇ ਗੱਲ 'ਤੇ ਰਹਿੰਦੈ ਕਿ ਬਾਬੇ ਨਾਨਕ ਦੀ ਸਿੱਖੀ 'ਤੇ ਕੀ ਅਸਰ ਹੋ ਰਿਹੈ। ਬਾਬੇ ਨਾਨਕ ਦੀ ਸਿੱਖੀ ਦਾ ਮਲੀਆਮੇਟ ਕਰ ਦਿਤਾ ਇਨ੍ਹਾਂ ਅਕਾਲ ਤਖ਼ਤ ਵਾਲਿਆਂ ਨੇ, ਇਨ੍ਹਾਂ ਜਥੇਦਾਰਾਂ ਨੇ, ਇਨ੍ਹਾਂ ਪੁਜਾਰੀਆਂ ਨੇ, ਇਹ ਗੱਲ ਸਾਡੇ ਵਿਚ ਤਾਂ ਭਾਵੇਂ ਹੁਣ ਸ਼ੁਰੂ ਹੋਈ ਹੈ ਪਰ ਬਾਬੇ ਨਾਨਕ ਦੇ ਟਾਈਮ ਦੇ ਨੇੜੇ ਤੇੜੇ ਹੀ, ਇਸਾਈ ਧਰਮ 'ਚ ਇਹ ਗੱਲ ਹੋ ਚੁੱਕੀ ਸੀ, ਇਸਾਈ ਧਰਮ 'ਚ ਮਾਰਟ ਲੂਥਰ ਨੇ, ਇਹੀ ਕੰਮ ਵੇਖ ਕੇ ਕਿਹਾ ਸੀ ਕਿ ਪੋਪ ਸਾਹਿਬ, ਇਹ ਕੰਮ ਬੰਦ ਕਰ ਦਿਓ, ਇਸ ਨਾਲ ਈਸਾਈਅਤ ਮਰ ਜਾਵੇਗੀ, ਅਗਰ ਤੁਸੀਂ ਇਹ ਬੰਦ ਨਾ ਕੀਤਾ। ਹਿੰਮਤ ਨਹੀਂ ਸੀ, ਕਿਉਂਕਿ ਪੋਪ ਕੋਲ ਪਾਵਰਾਂ ਬਹੁਤ ਜ਼ਿਆਦਾ ਸੀ, ਬਹੁਤ ਸਾਰੇ ਰਾਜੇ ਉਹਦੇ ਅੰਡਰ ਸਨ। ਇਸ ਕਰ ਕੇ ਮਾਰਟ ਲੂਥਰ ਨੇ 16 ਸਫ਼ੇ ਦੇ ਇਕ ਕਾਗ਼ਜ਼ ਹੱਥ ਨਾਲ ਲਿਖ ਕੇ ਪੋਪ ਦੇ ਦਰਵਾਜ਼ੇ 'ਤੇ ਚਿਪਕਾ ਦਿੱਤਾ ਸੀ। ਪੋਪ ਨਾਲ ਜਾ ਕੇ ਗੱਲ ਕਰਨ ਦੀ ਉਸ 'ਚ ਹਿੰਮਤ ਨਹੀਂ ਸੀ।
ਪੋਪ ਨੇ ਸਵੇਰੇ ਉਸ ਨੂੰ ਪੜ੍ਹਿਆ, ਉਸ ਵਿਚ ਉਸ ਨੇ 16 ਡਿਮਾਂਡਾਂ ਲਿਖੀਆਂ ਹੋਈਆ ਸੀ ਕਿ ਈਸਾਈਅਤ ਵਿਚ ਤੁਸੀਂ ਜੋ ਕੁੱਝ ਕਰ ਰਹੇ ਹੋ, ਗ਼ਲਤ ਕਰ ਰਹੇ ਹੋ।'' ਪੋਪ ਤਾਂ ਇੱਥੋਂ ਤਕ ਵੀ ਕਰ ਦਿੰਦਾ ਸੀ ਕਿ ਤੁਸੀਂ 5 ਪੌਡ ਦਿਓ ਤੇ ਉਹ ਲਿਖ ਦਿੰਦਾ ਸੀ ਕਿ ਸਵਰਗ ਵਿਚ ਤੇਰੀ ਸੀਟ ਬੁੱਕ ਹੋ ਗਈ ਹੈ। ਉਹ ਤਾਂ ਕਿਸੇ ਮਹਾਂ ਬਦਮਾਸ਼ ਨੂੰ ਵੀ 10, 20 ਪੌਡ ਲੈ ਕੇ ਲਿਖ ਦਿੰਦਾ ਸੀ ਕਿ ਇਹ ਬਹੁਤ ਵਧੀਆ ਈਸਾਈ ਹੈ। ਉਹ ਇਸ ਹੱਦ ਤਕ ਚਲੇ ਗਿਆ ਸੀ। ਉਸ ਨੇ ਕਿਹਾ ਕਿ ਤੁਸੀਂ ਇਹ ਨਾ ਕਰੋ, ਈਸਾਈ ਧਰਮ ਵਿਚ ਇਹੋ ਜਿਹੀ ਕੋਈ ਗੱਲ ਨਹੀਂ, ਜਿਹੋ ਜਿਹੀਆਂ ਤਾਕਤਾਂ ਤੁਸੀਂ ਵਰਤ ਰਹੇ ਹੋ। ਉਸ ਨੂੰ ਛੇਕ ਦਿਤਾ ਗਿਆ। ਉਸ ਦੇ ਖਿਲਾਫ਼ ਵਾਰੰਟ ਕੱਢ ਦਿਤੇ ਗਏ ਕਿ ਇਸ ਨੂੰ ਫੜ ਕੇ ਲਿਆਉ। ਉਸ ਦੇ ਦੋਸਤਾਂ ਨੇ ਉਸ ਨੂੰ ਛੁਪਾ ਲਿਆ ਤੇ ਇਕ ਪਿੰਡ ਵਿਚ ਰੱਖੀ ਰੱਖਿਆ। ਇਹ ਕੰਮ ਬੜੀ ਦੇਰ ਚੱਲਦਾ ਰਿਹਾ, ਲੇਕਿਨ ਉਸ ਦੇ ਦੋਸਤਾਂ ਨੇ ਲੋਕਾਂ 'ਚ ਜਾਗ੍ਰਤੀ ਫ਼ੈਲਾਉਣੀ ਸ਼ੁਰੂ ਕਰ ਦਿਤੀ।

InterviewInterview

ਅਖ਼ੀਰ ਉਸ ਲੜਾਈ ਦੀ ਹਾਲਤ ਇੱਥੋਂ ਤਕ ਪਹੁੰਚੀ ਕਿ ਬਾਦਸ਼ਾਹ ਲੋਕ ਵੀ ਉਸ ਖਿਲਾਫ਼ ਖੜ੍ਹੇ ਹੋ ਗਏ, ਅਤੇ ਪਬਲਿਕ ਵੀ ਖੜ੍ਹੀ ਹੋ ਗਈ। ਅੱਜ ਦਾ ਪੋਪ ਜੋ ਹੈ, ਉਹ ਸਿਰਫ਼ ਇਕ ਵਿਖਾਵੇ ਦੀ ਚੀਜ਼ ਰਹਿ ਗਿਐ, ਤਾਕਤ ਉਸ ਕੋਲ ਕੋਈ ਨਹੀਂ ਹੈ। ਨਾ ਉਹ ਕਿਸੇ ਨੂੰ ਬੁਲਾ ਸਕਦੈ ਤੇ ਨਾ ਹੀ ਛੇਕ ਸਕਦਾ ਹੈ। ਇਹ ਗੱਲ 500 ਸਾਲ ਪਹਿਲਾਂ ਈਸਾਈ ਧਰਮ ਨੇ ਸਾਨੂੰ ਸਮਝਾ ਦਿਤੀ ਸੀ ਕਿ ਵਕਤ ਉਹ ਆ ਰਿਹੈ, ਜਿੱਥੇ ਇਨ੍ਹਾਂ ਲੋਕਾਂ ਦੀ ਕੋਈ ਤਾਕਤ ਨਹੀਂ ਹੋਣੀ ਚਾਹੀਦੀ, ਇਨ੍ਹਾਂ ਨੂੰ ਜਿੰਨੀ ਤਾਕਤ ਦਿਓਗੇ, ਇਹ ਤੁਹਾਡੇ ਧਰਮ ਨੂੰ ਤਬਾਹ ਕਰਨਗੇ।  ਮੈਂ ਵੀ ਇਹੀ ਗੱਲ ਮਹਿਸੂਸ ਕੀਤੀ, ਕਿ ਜਿਸ ਤਰ੍ਹਾਂ ਇਹ ਸਿੱਖਾਂ ਨਾਲ ਕਰ ਰਹੇ ਨੇ, ਇਹ ਸਿੱਖ ਧਰਮ ਨੂੰ ਮਰਵਾ ਦੇਣਗੇ, ਬੈਕਵਰਡ ਬਣਾ ਦੇਣਗੇ, ਉਹੀ ਹੋਇਐ। ਪਹਿਲਾਂ ਸਾਡੇ ਪਾਠਕਾਂ ਨੇ ਵੀ ਗੁੱਸਾ ਕੀਤਾ ਸੀ ਕਿ ਤੁਸੀਂ ਜਥੇਦਾਰਾਂ ਖਿਲਾਫ਼ ਬੋਲਦੇ ਹੋ, ਸਾਨੂੰ ਵੀ ਚਿੱਠੀਆਂ ਆਉਂਦੀਆਂ ਸਨ, ਸਾਡਾ ਸਪੋਕਸਮੈਨ ਬੰਦ ਕਰ ਦਿਓ, ਅਸੀਂ ਨਹੀਂ ਪੜ੍ਹਨਾ। ਪਰ ਅਸੀਂ ਹੋਲੀ ਹੋਲੀ ਡਟੇ ਰਹੇ, ਲੋਕਾਂ 'ਚ ਜਾਗ੍ਰਤੀ ਆਉਂਦੀ ਗਈ, ਫਿਰ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਲੱਖਾਂ ਲੋਕ ਸਾਡੇ ਨਾਲ ਖੜ੍ਹੇ ਹੋ ਗਏ। ਜੋ ਹੁਣ ਭਾਈ ਢੱਡਰੀਆਂ ਵਾਲਿਆਂ ਬਾਰੇ ਹੁਕਮਨਾਮਾ ਆਇਆ ਹੈ, ਇਹੀ ਜਥੇਦਾਰਾਂ ਨੇ,  ਇਹੀ ਅਕਾਲ ਤਖ਼ਤ ਸਾਹਿਬ ਵਾਲਿਆਂ ਨੇ, ਇਹੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਪਹਿਲਾਂ ਸਿੱਖ ਮੂਵਮੈਂਟ ਦੇ ਬਾਨੀ ਗਿਆਨੀ ਦਿੱਤ ਸਿੰਘ ਅਤੇ ਗਿਆਨੀ ਗੁਰਮੁਖ ਖਿਲਾਫ਼ ਵੀ ਕੀਤਾ ਸੀ। ਫਿਰ 100 ਸਾਲ ਬਾਅਦ ਇਨ੍ਹਾਂ ਨੂੰ ਥੁੱਕ ਕੇ ਚੱਟਣਾ ਪਿਆ, ਉਨ੍ਹਾਂ ਨੂੰ ਮੁਆਫ਼ੀ ਦੇਣੀ ਪਈ, ਉਨ੍ਹਾਂ ਦੀ ਡੈਥ ਤੋਂ ਬਾਅਦ, ਗੁਰਚਰਨ ਸਿੰਘ ਟੌਹੜਾ ਦੇ ਵੇਲੇ, ਇਹ ਗੱਲ ਇਨ੍ਹਾਂ ਨੂੰ ਅਜੇ ਤਕ ਸਮਝ ਨਹੀਂ ਆਈ।

InterviewInterview

ਉਸ ਤੋਂ ਬਾਅਦ ਇਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਨੂੰ ਛੇਕਿਆ, ਲੱਖਾਂ ਲੋਕ ਉਨ੍ਹਾਂ ਦਾ ਕੀਰਤਨ ਸੁਣਨ ਨੂੰ ਜਾਂਦੇ ਹਨ, ਇਨ੍ਹਾਂ ਨੂੰ ਰੋਕਣਾ ਪੈਂਦੈ ਕਿ ਨਾ ਜਾਓ, ਉਥੇ ਧੱਕਾ-ਮੁੱਕੀ ਕਰਨੀ ਪੈਂਦੀ ਹੈ ਕਿ ਨਾ ਸੁਣੋ ਇਹਨੂੰ, ਇਹੀ ਹਾਲ ਕਾਲਾ ਅਫ਼ਗਾਨਾ ਦਾ ਸੀ, ਇਹੀ ਹਾਲ ਸਪੋਕਸਮੈਨ ਦਾ ਸੀ, ਲੱਖਾਂ ਲੋਕਾਂ ਦਾ ਇਕੱਠ ਅਸੀਂ ਥਾਂ-ਥਾਂ ਕਰ ਕੇ ਵਿਖਾਇਆ ਇਨ੍ਹਾਂ ਨੂੰ, ਇਨ੍ਹਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਵਕਤ ਦੀ ਗੱਲ ਨਹੀਂ, ਬਾਬੇ ਨਾਨਕ ਦੇ ਧਰਮ ਵਿਚ ਪਹਿਲੇ ਦਿਨ ਤੋਂ ਨਹੀਂ ਸੀ, ਜੇ ਇਹ ਆ ਗਈ ਹੈ, ਅੰਗਰੇਜ਼ਾਂ ਨੇ ਦਾਖ਼ਲ ਕੀਤੀ ਹੈ, ਹੁਣ ਇਸ ਨੂੰ ਬੰਦ ਕਰ ਕਰੋ, ਜੇਕਰ ਨਹੀਂ ਬੰਦ ਕਰੋਗੇ, ਹੋਣਾ ਕੁੱਝ ਨਹੀਂ, ਸਿੱਖੀ 'ਤੇ ਲੇਬਲ ਲੱਗ ਗਿਐ ਕਿ ਇਹ ਬੈਕਵਰਡ ਧਰਮ ਹੈ, ਜੇਕਰ ਪੁਜਾਰੀ ਹੱਥ ਸਾਡਾ ਜੂੜਾ ਰਹਿਣੈ, ਇਹਦਾ ਮਤਲਬ ਇਹ ਬੈਕਵਰਡ ਧਰਮ ਹੈ, ਕਿਸੇ ਵੀ ਧਰਮ ਵਿਚ, ਅੱਜ ਇਹ ਸਿੱਖਾਂ ਦੀ ਗੱਲ ਨਹੀਂ ਰਹਿ ਗਈ, ਕਿਸੇ ਵੀ ਧਰਮ ਵਿਚ, ਕਿਸੇ ਨੂੰ ਰੋਕਣ ਦੀ ਗੱਲ, ਬੋਲਣ ਦੀ ਆਜ਼ਾਦੀ 'ਤੇ ਪਾਬੰਦੀ ਨਹੀਂ ਰਹਿ ਗਈ। ਹੁਣ ਅਦਾਲਤਾਂ ਕਾਹਦੇ ਵਾਸਤੇ ਬਣਾ ਲਈਆਂ ਹਨ। ਇਹ ਉਸ ਵੇਲੇ ਹੁੰਦਾ ਸੀ, ਜਦੋਂ ਅਦਾਲਤ ਨਹੀਂ ਸੀ ਹੁੰਦੀਆਂ। ਹੁਣ ਅਦਾਲਤਾਂ ਵਿਚ ਜਾਣਾ ਪੈਂਦੇ ਜੇਕਰ ਕੋਈ ਗੱਲ ਹੋ ਜਾਵੇ, ਇਹ ਵੀ ਜਾਂਦੇ ਨੇ, ਹੁਣ ਕਿਉਂ ਜਾ ਰਹੇ ਨੇ ਚੀਫ਼ ਸੈਕਟਰੀ ਦੇ ਖਿਲਾਫ਼ ਅਦਾਲਤ ਵਿਚ, ਕੇਸ ਕਰ ਰਹੇ ਨੇ, ਕਿਉਂ ਕਰ ਰਹੇ ਨੇ। ਫਿਰ ਜਥੇਦਾਰ ਕਰ ਲਵੇ ਉਥੇ ਜੋ ਕਰਨੈ ਉਹਨੇ।  ਲੇਕਿਨ ਨਹੀਂ, ਅੱਜ ਦਾ ਜ਼ਮਾਨਾ ਇਹ ਹੈ ਕਿ ਅਦਾਲਤਾਂ ਕੋਲ ਜਾ ਕੇ ਫ਼ੈਸਲੇ ਕਰਵਾ ਲਓ।

InterviewInterview

ਸਵਾਲ : ਜਿਹੜੇ ਇਹ ਹੁਕਮਨਾਮੇ ਜਾਰੀ ਕਰਦੇ ਨੇ, ਉਹਦੀ ਮਾਨਤਾ ਹੈ ਕਿ ਲੋਕ ਮੰਨਦੇ ਨੇ, ਸੋ ਲੋਕਾਂ ਵਿਚ ਇਹ ਜਾਗਰਤੀ ਕਦੋਂ ਆਵੇਗੀ, ਕਿਉਂਕਿ ਤੁਸੀਂ ਜੋ ਗੱਲਾਂ ਕਹਿੰਦੇ ਹੋ, ਉਹ ਗੁਰਬਾਣੀ ਵਿਚ ਸਪੱਸ਼ਟ ਦਿਤੀਆਂ ਹੋਈਆਂ ਹਨ। ਲੋਕ ਭੇਡ ਚਾਲ ਵਿਚ ਕਿਉਂ ਆਉਂਦੇ ਨੇ। ਉਹ ਜੋ ਕੁੱਝ ਵੇਖਦੇ, ਸੁਣਦੇ ਹਨ, ਉਸ 'ਚੋਂ ਸਹੀ ਤੇ ਗ਼ਲਤ ਦਾ ਫ਼ੈਸਲਾ ਕਿਉਂ ਨਹੀਂ ਕਰ ਪਾਉਂਦੇ? ਜਦੋਂ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਗਿਆ ਸੀ ਤਾਂ ਉੱਥੇ ਕਈ ਸਿੱਖ ਧਰਮ ਦੇ ਲੋਕ ਵੀ ਬੈਠੇ ਸਨ। ਜੇ ਉਹ ਮੁੱਦਾ ਰੋਜ਼ਾਨਾ ਸਪੋਕਸਮੈਨ ਨਾ ਚੁੱਕਦਾ ਤਾਂ ਸ਼ਾਇਦ ਇਹ ਮੁੱਦਾ ਦੱਬ ਜਾਂਦਾ। ਉਸ 'ਤੇ ਬਲਾਤਕਾਰ ਦੇ ਕੇਸਾਂ ਨੂੰ ਜੇਕਰ ਤੁਸੀਂ ਅਖ਼ਬਾਰ ਵਿਚ ਜਗ੍ਹਾ ਨਾ ਦਿੰਦੇ ਤਾਂ ਸ਼ਾਇਦ ਉਹ ਦੱਬ ਜਾਂਦੇ, ਸੋ ਲੋਕਾਂ ਵਿਚ ਇਹ ਸਮਝ ਕਿਸ ਤਰ੍ਹਾਂ ਆਵੇਗੀ?
ਜਵਾਬ : ਬਾਬਾ ਨਾਨਕ ਨੇ ਲਿਖਿਆ ਸੀ, ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ£ ਜਿਹੜੀ ਬਹੁਤੀ ਖਲਕਤ ਹੁੰਦੀ ਹੈ, ਜਦ ਤਕ ਉਹਨੂੰ ਦਸਿਆ ਨਾ ਜਾਵੇ, ਗਿਆਨ ਨਾ ਦਿਤਾ ਜਾਵੇ, ਉਹ ਅੰਨ੍ਹੀ ਹੁੰਦੀ ਹੈ। ਉਸ ਦਾ ਫ਼ਾਇਦਾ ਇਹ ਲੋਕ ਉਠਾਉਂਦੇ ਨੇ। ਸਾਰੇ ਉਠਾਉਂਦੇ ਨੇ, ਹਾਕਮ ਵੀ ਉਠਾਉਂਦਾ ਹੈ, ਹਾਕਮ ਵੀ ਜਦੋਂ ਜ਼ੁਲਮ ਕਰਦੈ ਤਾਂ ਅੰਧੀ ਰਯਤਿ ਉਹਦੇ ਨਾਲ ਹੁੰਦੀ ਹੈ। ਇਹ ਵੀ ਜਦੋਂ ਗ਼ਲਤੀ ਕਰਦੇ ਹਨ ਤਾਂ ਅੱਧੇ ਲੋਕ ਜੋ ਪੁਰਾਣੇ ਇਨ੍ਹਾਂ ਦੇ ਨਾਲ ਚੱਲੇ ਆ ਰਹੇ ਹੁੰਦੇ ਹਨ, ਇਨ੍ਹਾਂ ਦੇ ਨਾਲ ਹੁੰਦੇ ਹਨ। ਇਹ ਇਸ ਗੱਲ ਦਾ ਫ਼ਾਇਦਾ ਉਠਾਉਂਦੇ ਨੇ, ਇਸ ਵਾਸਤੇ ਕੁੱਝ ਲੋਕਾਂ ਨੂੰ ਕੁਰਬਾਨੀ ਦੇਣੀ ਪੈਂਦੀ ਹੈ। ਅਸੀਂ ਅੱਗੇ ਆਉਂਦੇ ਹਾਂ, ਅਸੀਂ ਮਾਰ ਖਾਂਦੇ ਹਾਂ, ਅਸੀਂ ਛੇਕੇ ਜਾਣ ਨੂੰ ਵੀ ਤਿਆਰ ਹਾਂ, ਲੇਕਿਨ ਅਸੀਂ ਸੱਚ ਬੋਲਾਂਗੇ, ਉਸ ਤੋਂ ਬਾਅਦ ਲੋਕੀਂ ਹੋਲੀ ਹੋਲੀ ਸਮਝਦੇ ਨੇ ਤੇ ਹੋਲੀ ਹੋਲੀ ਵਾਪਸ ਆ ਜਾਂਦੇ ਨੇ। ਇਹ ਉਸ ਸੈਕਸ਼ਨ 'ਤੇ ਨਿਰਭਰ ਕਰਦੈ ਜਿਹੜੀ ਇਨ੍ਹਾਂ 'ਤੇ ਨਿਰਭਰ ਹੈ, ਇਨ੍ਹਾਂ ਕੋਲੋਂ ਪੈਸੇ ਲੈਂਦੀ ਹੈ, ਇਨ੍ਹਾਂ ਕੋਲੋਂ ਕਈ ਤਰ੍ਹਾਂ ਦੇ ਫ਼ਾਇਦੇ ਉਠਾਉਂਦੀ ਹੈ। ਸ਼੍ਰੋਮਣੀ ਕਮੇਟੀ ਲੱਖਾਂ ਬੰਦਿਆਂ ਦੀ ਮਦਦ ਕਰਦੀ ਹੈ, ਹਮੇਸ਼ਾ ਉਹਦੇ ਨਾਲ ਰਹਿਣਗੇ, ਲੇਕਿਨ ਆਮ ਪਬਲਿਕ, ਮੈਂ ਕਹਿਨਾ, ਜਿਹੜਾ ਸਿਆਣਾ ਸਿੱਖ ਹੈ, ਉਹ ਇਨ੍ਹਾਂ ਨਾਲੋਂ ਟੁੱਟ ਚੁੱਕਾ ਹੈ। ਇਹ ਸਾਰੇ ਰਲ ਕੇ ਸਿੱਖੀ ਨੂੰ ਅਜਿਹਾ ਨੁਕਸਾਨ ਪਹੁੰਚਾ ਰਹੇ ਨੇ, ਜਿਹੜਾ ਦੁਸ਼ਮਣ ਨੇ ਵੀ ਨਹੀਂ ਸੀ ਪਹੁੰਚਾਇਆ। ਸਾਨੂੰ ਸਾਡੇ ਹਿੰਦੂ ਦੋਸਤ ਕਹਿੰਦੇ ਨੇ, ਤੁਹਾਡਾ ਧਰਮ ਕਿੱਥੋਂ ਦਾ, ਤੁਸੀਂ ਤਾਂ ਸਭ ਤੋਂ ਬੈਕਵਰਡ ਹੋ, 500 ਸਾਲ ਪਹਿਲਾਂ ਜਿਸ ਨੂੰ ਈਸਾਈ ਧਰਮ ਨੇ ਖ਼ਤਮ ਕਰ ਦਿਤਾ ਸੀ, 200 ਸਾਲ ਪਹਿਲਾਂ ਹਿੰਦੂ ਧਰਮ ਨੇ ਖ਼ਤਮ ਕਰ ਦਿਤਾ ਸੀ, ਉਹੀ ਤੁਹਾਡੇ 'ਤੇ ਰਾਜ ਕਰ  ਰਿਹੈ, ਤੁਹਾਡੇ 'ਤੇ ਹੁਕਮ ਚਲਾ ਰਿਹੈ ਕਿ ਤੁਸੀਂ ਸਿੱਖ ਹੈਗੇ ਹੋ ਕਿ ਨਹੀਂ।

InterviewInterview

ਸਵਾਲ : ਜਦੋਂ ਪੁਜਾਰੀਵਾਦ ਦੀ ਗੱਲ ਆਉਂਦੀ ਹੈ, ਤਾਂ ਇਹ ਆਮ ਕਿਹਾ ਜਾਂਦਾ ਹੈ ਕਿ ਅਕਾਲ ਤਖ਼ਤ ਸਾਹਿਬ 'ਤੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਬੁਲਾਇਆ ਗਿਆ ਸੀ, ਤੇ ਉਹ ਹਾਜ਼ਰ ਹੋਏ ਸਨ?
ਜਵਾਬ : ਇਹ ਬਿਲਕੁਲ ਝੂਠ ਹੈ। ਮਹਾਰਾਜਾ ਰਣਜੀਤ ਸਿੰੰਘ ਵੇਲੇ ਕੋਈ ਜਥੇਦਾਰੀ ਸਿਸਟਮ ਹੁੰਦਾ ਹੀ ਨਹੀਂ ਸੀ। ਇਹ ਸਿਸਟਮ ਅਕਾਲੀ ਲਹਿਰ ਤੋਂ ਬਾਅਦ ਆਇਆ ਹੈ। ਮਹਾਰਾਜਾ ਰਣਜੀਤ ਨੇ, ਕਿਉਂਕਿ ਉਸ ਵੇਲੇ ਦਰਬਾਰ ਸਾਹਿਬ ਇਕ ਐੋਸੀ ਥਾਂ 'ਤੇ ਸੀ, ਜਿੱਥੇ ਕੋਈ ਵੀ ਹਮਲਾਵਰ ਆ ਕੇ ਹਮਲਾ ਕਰ ਸਕਦਾ ਸੀ। ਆਸੇ-ਪਾਸੇ ਆਬਾਦੀ ਬਹੁਤ ਥੋੜ੍ਹੀ ਹੁੰਦੀ ਸੀ। ਜਿਵੇਂ ਅੱਜ ਤੋਂ 50 ਸਾਲ ਪਹਿਲਾਂ ਚੰਡੀਗੜ੍ਹ ਦੀ ਹਾਲਤ ਸੀ, ਉਸ ਤੋਂ ਵੀ ਮਾੜੀ ਹਾਲਤ ਹੁੰਦੀ ਸੀ। ਸੋ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀ ਛਾਊਣੀ ਲਗਾ ਦਿਤੀ ਸੀ ਉਥੇ, ਨਿਹੰਗਾ ਦੀ। ਉਸ ਦਾ ਜਥੇਦਾਰ ਸੀ ਅਕਾਲੀ ਫੂਲਾ ਸਿੰਘ, ਅਕਾਲ ਤਖ਼ਤ ਦਾ ਜਥੇਦਾਰ ਨਹੀਂ ਸੀ। ਉਨ੍ਹਾਂ ਦੀ ਅਪਣੀ ਰਵਾਇਤ ਹੁੰਦੀ ਸੀ, ਜੇ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ, ਉਸ ਮੁਤਾਬਕ ਦਿੰਦੇ ਸੀ। ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਨਾਲ ਸਬੰਧ ਰੱਖੇ ਤਾਂ ਅਕਾਲੀ ਫੂਲਾ ਸਿੰਘ ਨੇ ਨਿਹੰਗ ਰਵਾਇਤ ਮੁਤਾਬਕ ਉਹਨੂੰ ਬੁਲਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦਾ ਗੁੱਸਾ ਵੀ ਕੀਤਾ ਸੀ, ਪਰ ਕੁੱਝ ਸਿਆਣਿਆਂ ਨੇ ਕਿਹਾ ਕਿ ਅਜੇ ਇਸ ਤਰ੍ਹਾਂ ਨਾ ਕਰੋ, ਹੋ ਸਕਦੈ, ਲੋਕ ਉਹਦੇ ਨਾਲ ਹੋ ਜਾਣ, ਤੇ ਇਸ ਕਰ ਕੇ ਅਜੇ ਤਾਂ ਚਲ ਪਵੋ, ਪਰ ਬਾਅਦ 'ਚ ਇਸ ਨਾਲ ਨਿਬੜ ਲਵਾਂਗੇ। ਸੋ ਉਸ ਵੇਲੇ ਰਣਜੀਤ ਸਿੰਘ ਆ ਗਿਆ ਸੀ ਤੇ ਲੇਕਿਨ ਬਾਅਦ ਵਿਚ ਸਾਰੀ ਉਮਰ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਅੰਮ੍ਰਿਤਸਰ 'ਚ ਨਹੀਂ ਸੀ ਵੜਣ ਦਿਤਾ। ਉਹਨੂੰ ਦੂਰ ਦੂਰ ਤਕ ਸੁਟਿਆ ਹੋਇਆ ਸੀ ਤੇ ਬੜਾ ਤੰਗ ਕੀਤਾ ਸੀ। ਇਸ ਵਾਸਤੇ ਉਸ ਜਥੇਦਾਰੀ ਦੀ ਗੱਲ ਛੱਡੋ ਤੁਸੀਂ, ਜਥੇਦਾਰੀ ਤਾਂ ਸ਼ੁਰੂ ਹੋਈ ਹੈ, ਅਕਾਲੀ ਲਹਿਰ ਤੋਂ ਬਾਅਦ, ਇਹ ਉਸ ਵੇਲੇ ਦੀ ਕਿਹੜੀ ਗੱਲ ਕਰਦੇ ਨੇ, ਇਹ ਪੁਰਾਣੀਆਂ ਗੱਲਾਂ ਐਵੇਂ ਹੀ ਜੋੜ ਲੈਂਦੇ ਹਨ, ਜਿਨ੍ਹਾਂ ਦਾ ਕੋਈ ਮਕਸਦ ਹੀ ਨਹੀਂ, ਹਿਸਟਰੀ ਹੀ ਨਹੀਂ, ਇਤਿਹਾਸ ਨਾਲ ਕੋਈ ਸਬੰਧ ਨਹੀਂ ਹੈ। ਇਹ ਅਪਣੀ ਗੱਲ ਕਰਨ, ਇਨ੍ਹਾਂ 'ਚੋਂ ਕਿਹੜਾ ਜਥੇਦਾਰ ਏ, ਜਿਹੜਾ ਸਹੀ ਸਾਬਤ ਹੋਇਆ ਹੈ, ਮੈਂ ਤੇ ਸਪੋਕਸਮੈਨ ਵਿਚ ਵੀ ਲਿਖਿਆ ਹੈ, ਸਾਰੇ ਜਥੇਦਾਰਾਂ ਬਾਰੇ ਕਿ 47 ਤੋਂ ਬਾਅਦ ਜਿੰਨੇ ਜਥੇਦਾਰ ਆਏ ਨੇ, ਉਨ੍ਹਾਂ ਦਾ ਇਹ ਕਰੈਕਟਰ ਸੀ, ਇਹ-ਇਹ ਉਨ੍ਹਾਂ ਨੇ ਕੀਤਾ, ਕਿਸੇ ਨੇ ਪੈਸੇ ਲੈ ਕੇ ਹੁਕਮਨਾਮੇ ਜਾਰੀ ਕੀਤੇ, ਕਿਸੇ ਨੇ ਉਸ ਬਾਬੇ ਨੂੰ ਮੁਆਫ਼ ਕੀਤਾ, ਜਿਸ 'ਤੇ ਕੁੜੀਆਂ ਨਾਲ ਵਿਭਚਾਰ ਕਰਨ ਦਾ ਦੋਸ਼ ਸੀ, ਉਹਨੂੰ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਪਰ ਇਨ੍ਹਾਂ ਨੇ ਮੁਆਫ਼ ਕਰ ਦਿਤਾ ਸੀ। ਇਨ੍ਹਾਂ ਨੇ ਕਿਸੇ ਪੋਲੀਟੀਸ਼ਨ ਨੂੰ ਪਿਛਲੇ ਦਰਵਾਜਿਉਂ ਲਿਆ ਕੇ ਮੁਆਫ਼ ਕਰ ਦਿਤਾ, ਕਿਸੇ ਨੂੰ ਪਤਾ ਹੀ ਨਹੀਂ ਚਲਿਆ, ਉਹ ਕਦੋਂ ਪੇਸ਼ ਹੋਇਆ। ਇਨ੍ਹਾਂ ਦਾ ਤਾਂ ਕੋਈ ਕਰੈਕਟਰ ਹੈ ਹੀ ਨਹੀਂ, ਸਾਡੇ ਜਥੇਦਾਰਾਂ ਦਾ, ਇਹ ਦੂਜੇ ਕਿਸੇ ਨੂੰ ਕਿਵੇਂ ਰੋਕ ਸਕਦੇ ਨੇ।

InterviewInterview

ਸਵਾਲ : ਕੌਣ ਡੀਸਾਈਡ ਕਰੇਗਾ ਕੀਹਦਾ ਕਿਰਦਾਰ ਚੰਗਾ ਹੈ, ਕੀਹਦਾ ਮਾੜਾ ਹੈ। ਅਸੀਂ ਕਹਿੰਦੇ ਤਾਂ ਹਾਂ ਕਿ ਸਾਡੇ ਕੋਲ ਇਕੋ ਗੁਰੂ ਹੈ, ਪਰ ਕੀ ਇਹ ਮੰਨਿਆ ਜਾਂਦਾ ਹੈ ਅਸਲ ਵਿਚ?
ਜਵਾਬ : ਅਸਲ ਵਿਚ ਗੱਲ ਇਹ ਹੈ ਕਿ ਜਿਹੜੀ ਸਾਡੀ ਗੁਰੂ ਦੀ ਗੱਲ ਹੈ, ਉਹ ਸਾਡੀ ਆਤਮਾ ਦੀ ਗੱਲ ਹੁੰਦੀ ਹੈ। ਜੋ ਗੁਰੂ ਕੋਲੋਂ ਅਸੀਂ ਸਿਖਣੈ, ਸਾਡੀ ਆਤਮਾ ਨੇ ਸਿੱਖਣੈ, ਸਰੀਰ ਨੇ ਨਹੀਂ ਸਿਖਣਾ ਹੁੰਦਾ। ਇਹ ਸਰੀਰਾਂ ਦੇ ਪ੍ਰਬੰਧ ਹੋ ਰਹੇ ਨੇ ਜਿਹੜੇ ਇਹ ਕਰਦੇ ਨੇ। ਆਤਮਾ ਇਨ੍ਹਾਂ ਦੀ ਵੀ ਜਾਣਦੀ ਹੈ ਕਿ ਇਹ ਗ਼ਲਤ ਕਰ ਰਹੇ ਨੇ। ਆਤਮਾ ਲੋਕਾਂ ਦੀ ਜਿਹੜੇ ਇਨ੍ਹਾਂ ਦੀ ਹਮਾਇਤ ਕਰਦੇ ਨੇ, ਉਨ੍ਹਾਂ ਦੀ ਵੀ ਜਾਣਦੀ ਹੈ ਕਿ ਇਹ ਗ਼ਲਤ ਕਰ ਰਹੇ ਹਨ। ਉਹ ਜਿਹੜੀ ਆਤਮਾ ਵਾਲੀ ਗੱਲ ਹੈ, ਉਸ ਦਾ ਫ਼ੈਸਲਾ ਬਾਅਦ 'ਚ ਹੀ ਹੁੰਦਾ ਹੈ, ਇਹ ਨਹੀਂ ਕਰ ਸਕਦੇ। ਇਹ ਸਰੀਰਾਂ ਦਾ ਕਰ ਸਕਦੇ ਨੇ, ਮੈਂ ਐਕਸ਼ਨ ਕੀ ਕੀਤਾ, ਮੈਂ ਅੰਦਰੋਂ ਕਿੰਨਾ ਸੱਚਾ ਹਾਂ, ਉਹ ਨਹੀਂ ਵੇਖ ਸਕਦੇ, ਅੰਦਰੋਂ ਕਿੰਨਾ ਝੂਠਾ ਹਾਂ, ਉਹ ਵੀ ਨਹੀਂ ਵੇਖ ਸਕਦੇ। ਇਹ ਵੇਖ ਸਕਦੇ ਨੇ ਕਿ ਇਹ ਸਾਡਾ ਹਮਾਇਤੀ ਕਿੰਨਾ ਕੁ ਹੈ, ਇਹ ਸਾਡੀ ਚਮਚਾਗਿਰੀ ਕਿੰਨੀ ਕਰ ਸਕਦੈ, ਇਹ ਇਹੀ ਕੁੱਝ ਵੇਖ ਸਕਦੇ ਨੇ, ਇਹ ਰੋਕਣ ਦੀ ਕੋਸ਼ਿਸ਼ ਕਰਦੇ ਨੇ ਸਰੀਰ ਨੂੰ, ਆਤਮਾ ਨੂੰ ਨਹੀਂ ਰੋਕ ਸਕਦੇ, ਇਸੇ ਵਾਸਤੇ ਲਹਿਰਾਂ ਕਾਮਯਾਬ ਹੁੰਦੀਆਂ ਨੇ ਕਿ ਆਤਮਾ ਵਾਲੇ ਸਿਰਫ਼ ਆਪਣੀ ਆਤਮਾ ਦੀ ਗੱਲ ਸੁਣਦੇ ਨੇ। ਜਦਕਿ ਇਹ ਕਹਿੰਦੇ ਨੇ ਆਤਮਾ ਨੂੰ ਭੁਲਾ ਦਿਓ, ਆਤਮਾ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਬੰਦਿਆਂ ਪੈਸੇ ਲੈ ਲੈ, ਜਦੋਂ ਪੈਸੇ ਲੈਂਦੇ, ਸਰੀਰ ਲੈਂਦੇ, ਮਰ ਆਤਮਾ ਜਾਂਦੀ ਹੈ।
ਸਵਾਲ : ਕੀ ਇਨ੍ਹਾਂ ਨੂੰ ਭਾਸ਼ਾ ਹੀ ਪੈਸੇ ਸਮਝ ਆਉਂਦੀ ਹੈ, ਸਪੋਕਸਮੈਨ 'ਤੇ ਜਦੋਂ ਵਾਰ ਕੀਤਾ, ਇਸ਼ਤਿਹਾਰ ਬੰਦ ਕਰਵਾ ਦਿਤੇ, ਸਰਕੂਲੇਸ਼ਨ ਬੰਦ ਕਰਵਾ ਦਿਤੀ, ਅੱਜ ਭਾਈ ਰਣਜੀਤ ਸਿੰਘ ਨਾਲ ਵੀ ਉਹੀ ਕੁੱਝ ਕਰ ਰਹੇ ਨੇ। ਉਨ੍ਹਾਂ ਕੋਲ ਕੋਈ ਨਹੀਂ ਜਾਵੇਗਾ, ਮੱਥਾ ਨਹੀਂ ਟੇਕੇਗਾ, ਤਾਂ ਪੈਸੇ ਨਹੀਂ ਆਉਣਗੇ, ਜਿਸ ਨਾਲ ਉਨ੍ਹਾਂ ਦਾ ਜਿਹੜਾ ਸਿਸਟਮ ਬਣਿਐ, ਉਸ ਨੂੰ ਤੋੜ ਦੇਣਗੇ। ਕੀ ਭਾਸ਼ਾ ਸਿਰਫ਼ ਪੈਸੇ ਦੀ ਹੀ ਚਲਦੀ ਹੈ?
ਜਵਾਬ : ਹਾਂ, ਇਹ ਸਾਰੇ ਇਹੀ ਹਥਿਆਰ ਵਰਤਦੇ ਹਨ, ਪੋਪ ਵੀ ਇਹੀਓ ਵਰਤਦਾ ਸੀ, ਹਿੰਦੂ ਪੁਜਾਰੀ ਵੀ ਇਹੋ ਵਰਤਦੇ ਸਨ।  ਇਹ ਹਰ ਹਥਕੰਡਾ ਵਰਤਦੇ ਹਨ। ਜਿੱਥੇ ਪੈਸਾ ਵਰਤਣੈ, ਪੈਸਾ ਵਰਤਦੇ ਹਨ, ਜਿੱਥੇ ਹੋਰ ਤਰੀਕੇ ਵਰਤਣਾ ਹੈ, ਉਹ ਵੀ ਵਰਤਦੇ ਹਨ। ਹੁਣ ਸਾਡੇ ਜਿਹੜੇ ਸਿੰਘ ਸਭਾ ਲਹਿਰ ਦੇ ਬਾਨੀ ਸਨ ਦਿੱਤ ਸਿੰਘ ਤੇ ਗਿਆਨੀ ਗੁਰਮੁਖ ਸਿੰਘ, ਉਨ੍ਹਾਂ ਬਾਰੇ ਪੜ੍ਹੋ ਤਾਂ ਉਹ ਵਿਚਾਰੇ ਬੜੀ ਬੁਰੀ ਹਾਲਤ ਵਿਚ ਮਰੇ ਸੀ। ਗਿਆਨੀ ਦਿੱਤ ਸਿੰਘ ਤਾਂ ਇਨ੍ਹਾਂ ਨੇ ਅਜਿਹੀ ਹਾਲਤ ਲਿਆ ਦਿਤਾ ਸੀ ਕਿ ਉਹਦੇ ਕੋਲ ਰਹਿਣ ਲਈ ਥਾਂ ਨਹੀਂ ਸੀ। ਫਿਰ ਇਕ ਮੁਸਲਮਾਨ ਹਕੀਮ ਦੇ ਦਵਾਖ਼ਾਨੇ ਵਿਚ ਉਹ ਦਿਨੇ ਬਾਹਰ ਪਾਰਕਾਂ ਬਗੈਰਾ ਵਿਚ ਘੁੰਮਦਾ ਸੀ ਤੇ ਰਾਤ ਨੂੰ ਉਥੇ ਸੌਣ ਦੀ ਥਾਂ ਮਿਲਦੀ ਸੀ। ਫਿਰ ਉਹਨੂੰ ਕੋਈ ਭਿਆਨਕ ਬਿਮਾਰੀ ਹੋ ਗਈ, ਉਸ ਕੋਲ ਇਲਾਜ ਲਈ ਪੈਸਾ ਨਹੀਂ ਸੀ, ਨਾ ਕੋਈ ਦਿੰਦਾ ਸੀ, ਆਮ ਸਿੱਖ ਵੀ ਨਹੀਂ ਸੀ ਦਿੰਦੇ, ਉਹ ਵਿਚਾਰਾ ਮਰ ਗਿਆ। ਕਿਉਂਕਿ ਉਸ ਨੂੰ ਹਕੀਮ ਹੀ ਜਿਹੜੀ ਪੁੜੀ ਦਿੰਦਾ ਸੀ, ਉਹੀ ਉਸ ਦਾ ਇਲਾਜ ਸੀ। ਉਹ ਸਿੱਖ ਧਰਮ ਦੇ ਬੜੇ ਮਹਾਨ ਮਹਾਪੁਰਸ਼ ਹੋਏ ਹਨ, ਉਨ੍ਹਾਂ ਵਿਚੋਂ ਸਨ। ਇਨ੍ਹਾਂ ਨੇ ਉਸ ਦਾ ਇਹ ਹਾਲ ਕੀਤਾ ਸੀ। ਇਹ ਕਰਨਗੇ, ਹਰ ਤਰ੍ਹਾਂ ਨਾਲ ਕਰਨਗੇ। ਇਨ੍ਹਾਂ ਨੇ ਬਦਮਾਸ਼ ਵੀ ਰੱਖੇ ਹੁੰਦੇ ਹਨ। ਮੈਨੂੰ ਖੁਦ 50 ਵਾਰੀ ਧਮਕੀਆਂ ਆਈਆਂ ਕਿ ਤੈਨੂੰ ਮਾਰ ਦਿਆਂਗਾ, ਮਾਰ ਦਿਆਂਗੇ। ਇਨ੍ਹਾਂ ਦਾ ਤਰੀਕਾ ਇਹੀ ਹੁੰਦੈ ਕਿ ਚੁਪ ਕਰ ਜਾਂ ਬੰਦਿਆਂ, ਚੁੱਪ ਕਰ ਜਾਂ, ਨਹੀਂ ਤਾਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਜਿਸ ਕੋਲ ਵੀ ਧਰਮ ਦੇ ਨਾਮ 'ਤੇ ਜਦੋਂ ਵੀ ਤਾਕਤ ਦਿਤੀ ਜਾਂਦੀ ਹੈ ਤਾਂ ਸਮਝੋ ਇਹ ਕੰਮ ਹੋਣਗੇ ਹੀ ਹੋਣਗੇ।
ਬਾਬੇ ਨਾਨਕ ਨਾਲ ਕੀ ਹੋਇਆ ਸੀ, ਹਰ ਥਾਂ ਮਾਰ ਪਈ ਸੀ, ਹਰ ਥਾਂ ਵੱਟੇ ਪਏ ਸਨ, ਹਰ ਥਾਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਬਟਾਲੇ ਕੱਲ੍ਹ-ਪਰਸੋਂ ਵਿਆਹ ਪੁਰਬ ਹੋ ਹਟਿਐ, ਉਥੇ ਕੰਧ ਸਾਹਿਬ ਵੇਖੋ ਜਾ ਕੇ, ਉਨ੍ਹਾਂ ਨੂੰ ਦੀਵਾਰ ਥੱਲੇ ਬਿਠਾਇਆ ਗਿਆ ਸੀ, ਤਾਂ ਜੋ ਮਾਰ ਦਿਤਾ ਜਾਵੇ, ਦੀਵਾਰ ਡਿੱਗਣ ਵਾਲੀ ਸੀ। ਸੋ ਇਹ ਜਿਹੜੇ ਪੁਰਾਣੇ ਧਰਮ ਦੇ ਪੁਜਾਰੀ ਹੁੰਦੇ ਹਨ, ਉਹ ਨਹੀਂ ਚਾਹੁੰਦੇ ਨਵੀਨਤਾ ਆਵੇ, ਉਹ ਨਹੀਂ ਚਾਹੁੰਦੇ ਦਲੀਲ ਆਵੇ, ਉਹ ਫਿਰ ਜਿਹੜਾ ਵੀ ਦਲੀਲ ਲਿਆਉਣ ਦੀ ਕੋਸ਼ਿਸ਼ ਕਰਦੈ, ਉਹਨੂੰ ਮਾਰਨਾ ਚਾਹੁੰਦੇ ਨੇ, ਕਿਸ ਤਰੀਕੇ ਨਾਲ ਮਰਦਾ ਏ, ਇਹ ਦੇਖਦੇ ਨੇ, ਜੇ ਪੈਸੇ ਨਾਲ ਮਰਦੈ, ਪੈਸੇ ਨਾਲ ਮਾਰ ਦਿਓ, ਜੇ ਤਾਕਤ ਨਾਲ ਮਰਦੈ, ਤਾਕਤ ਨਾਲ ਮਾਰ ਦਿਓ, ਇਹ ਹਮੇਸ਼ਾ ਹੀ ਕਰਦੇ ਨੇ। ਅੋਰ ਇਹ ਸਿਰਫ਼ ਸਾਡੇ ਧਰਮ 'ਚ ਹੀ ਨਹੀਂ, ਸਾਰੇ ਧਰਮ 'ਚ ਅਜਿਹਾ ਹੀ ਹੁੰਦਾ ਹੈ।

InterviewInterview

ਸਵਾਲ : ਤੁਸੀਂ ਇਹ 15 ਕੁ ਸਾਲ ਹੈਗੇ ਨੇ, ਬੜੇ ਔਖੇ ਕੱਢੇ ਨੇ। ਤੁਹਾਡੇ ਨਾਲ ਲੋਕ ਜੁੜੇ ਹੋਏ ਨੇ, ਇਹ ਨਹੀਂ ਕਿ ਪਾਠਕ ਨਹੀਂ ਹਨ। ਪਰ ਕਦੇ ਕੋਈ ਗੱਲ ਕਰੇ ਤਾਂ ਅਜੇ ਵੀ ਕਹਿ ਦਿੰਦੇ ਨੇ ਕਿ ਜੋਗਿੰਦਰ ਸਿੰਘ ਤਨਖ਼ਾਹੀਆ ਹੈ। ਬੜੇ ਆਗੂ ਨੇ ਜੋ ਅੱਜ ਵੀ ਤੁਹਾਡੇ ਨਾਲ ਖੜ੍ਹੇ ਹੋਣ ਨੂੰ ਤਿਆਰ ਨਹੀਂ ਹਨ। ਇਨ੍ਹਾਂ ਹਾਲਾਤਾਂ ਵਿਚ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਜੋ ਤੁਸੀਂ ਚਾਹੁੰੇਦੋ ਹੋ ਕਿ ਵਿਚਾਰ ਵਟਾਂਦਰਾ ਹੋਵੇ, ਜੋ ਗ਼ਲਤ ਰਵਾਇਤਾਂ ਆ ਗਈਆਂ ਹਨ, ਉਨ੍ਹਾਂ ਨੂੰ ਬਦਲਿਆ ਜਾਵੇ, ਅਸੀਂ ਗੁਰੂ ਦੇ ਹੁਕਮ ਮੁਤਾਬਕ ਚੱਲੀਏ, ਕੀ ਤੁਹਾਨੂ ੰਲੱਗਦੈ ਕਿ ਅੱਜ ਦੇ ਹਾਲਾਤਾਂ ਵਿਚ ਜਿਹੋ ਜਿਹੀ ਅੱਜ ਸੰਗਤ ਦੀ ਸੋਚ ਹੈ, ਉਹੋ ਜਿਹੀ ਕ੍ਰਾਂਤੀ ਕਦੇ ਆ ਵੀ ਸਕਦੀ ਹੈ?
ਜਵਾਬ : ਜ਼ਰੂਰ ਆਵੇਗੀ। ਪ੍ਰੋ. ਗੁਰਮੁਖ ਸਿੰਘ ਦੀ ਮੌਤ ਤੋਂ ਬਾਅਦ ਆਈ ਹੈ, ਉਨ੍ਹਾਂ ਦੇ ਜਿਊਂਦੇ ਜੀਅ ਤਾਂ ਕਿਸੇ ਸਿੱਖ ਨੇ ਉਨ੍ਹਾਂ ਨੂੰ ਪੁਛਿਆ ਨਹੀਂ ਸੀ। ਉਨ੍ਹਾਂ ਤੋਂ ਬਾਅਦ ਹੀ ਆਈ ਸੀ। ਇਹਦੀ ਚਿੰਤਾ ਨਹੀਂ ਕਰੀਦੀ ਕਿ ਕਦੋਂ ਆਵੇਗੀ, ਆਏਗੀ ਤੁਹਾਡੀ ਆਤਮਾ ਕਹਿੰਦੀ ਹੈ ਕਿ ਆਏਗੀ ਤਾਂ ਜ਼ਰੂਰ ਆਏਗੀ। ਤੁਸੀਂ ਪ੍ਰਮਾਤਮਾ ਨਾਲ ਸਿੱਧੀ ਗੱਲ ਕਿਉਂ ਨਹੀਂ ਕਰਦੇ, ਪ੍ਰਮਾਤਮਾ ਤੁਹਾਨੂੰ ਕਹਿੰਦੈ ਕਿ ਆਏਗੀ। ਤੁਸੀਂ ਲੜੋ, ਜਿੰਨੇ ਵੀ ਕ੍ਰਾਂਤੀਕਾਰੀ ਹੁੰਦੇ ਨੇ, ਚਾਹੇ ਉਹ ਕਮਿਊਨਿਸਟ ਹੋਣ, ਚਾਹੇ ਧਾਰਮਿਕ ਹੋਣ, ਭਾਵੇਂ ਉਹ ਦੇਸ਼ ਭਗਤ ਹੋਣ, ਸਭ ਦੀ ਆਤਮਾ ਪ੍ਰਮਾਤਮਾ ਨੂੰ ਪੁਛਦੀ ਜ਼ਰੂਰ ਹੈ ਕਿ ਮੈਂ ਜੋ ਕਰ ਰਿਹਾ ਹਾਂ, ਉਹ ਹੋ ਵੀ ਸਕੇਗਾ, ਨਹੀਂ ਹੋ ਸਕੇਗਾ, ਫੇਲ੍ਹ ਤਾਂ ਨਹੀਂ ਹੋ ਜਾਵੇਗਾ। ਅਸੀਂ ਖੁਦ ਕਈ ਵਾਰੀ ਸੋਚਦੇ ਸੀ ਕਿ ਸਪੋਸਕਮੈਨ ਚੱਲ ਨਹੀਂ ਸਕਣਾ ਵੈਸੇ, ਜਿੰਨਾ ਇਹ ਜ਼ੋਰ ਪਾ ਰਹੇ ਨੇ, ਉਹਦੇ ਹਿਸਾਬ ਨਾਲ ਸਾਡੇ ਕੋਲੋਂ ਬਹੁਤੀ ਦੇਰ ਨਹੀਂ ਚੱਲਣਾ। ਔਰ ਅਸੀਂ ਸੋਚ ਕੇ ਨਿਕਲੇ ਸੀ ਕਿ ਚਲੋ ਸਾਲ ਦੋ ਸਾਲ ਜਿੰਨਾ ਵੀ ਚੱਲੇਗਾ, ਅਪਣੀ ਆਵਾਜ਼ ਤਾਂ ਦੁਨੀਆਂ ਤਕ ਪਹੁੰਚਾ ਦਈਏ। ਪਰ ਸਾਨੂੰ ਵੀ ਪਤਾ ਨਹੀਂ ਸੀ ਕਿ ਅਸੀਂ 15 ਸਾਲ ਤਕ ਚਲਦੇ ਰਵਾਂਗੇ। ਪਰ ਅਸੀਂ ਪ੍ਰਮਾਤਮਾ ਨੂੰ ਪੁਛਿਆ ਸੀ, ਸਾਡੀ ਅੰਤਰ ਆਤਮਾ ਨੂੰ ਪੁਛਿਆ ਸੀ ਕਿ ਅਸੀਂ ਜੋ ਕੁੱਝ ਕਰਨ ਲੱਗੇ ਹਾਂ, ਕੋਈ ਗ਼ਲਤ ਤਾਂ ਨਹੀਂ ਕਰਨ ਲੱਗੇ। ਉਹਨੇ ਕਿਹਾ ਕਿ ਠੀਕ ਕਰ ਰਹੇ ਹੋ ਅਤੇ ਕਾਮਯਾਬੀ ਮਿਲੇਗੀ। ਉਨ੍ਹਾਂ ਕਿਹਾ ਕਿ ਫ਼ਿਕਰ ਕਿਉਂ ਕਰਦੇ ਹੋ, ਤੁਸੀਂ ਅਪਣੀ ਡਿਊਟੀ ਕਰੋ, ਬਾਕੀ ਮੇਰਾ ਕੰਮ ਏ। ਅਸੀਂ ਡਿਊਟੀ ਕਰਦੇ ਰਹੇ ਹਾਂ। ਅੱਜ ਵੀ ਕਰ ਰਹੇ ਹਾਂ। ਹੁਣ 'ਉੱਚਾ ਦਰ ਬਾਬੇ ਨਾਨਕ ਦਾ' ਬਣਾਇਐ, ਸਾਨੂੰ ਕੋਈ ਖਿਆਲ ਵੀ ਨਹੀਂ ਸੀ ਕਿ ਅਸੀਂ ਬਣਾ ਲਵਾਂਗੇ। ਆਫਟਰ ਆਲ 100 ਕਰੋੜ ਦੀ ਚੀਜ਼, ਜਿਸ 'ਤੇ ਇੰਨੇ ਜ਼ੁਲਮ ਹੋ ਰਹੇ ਹੋਣ, ਜਿਹਦਾ ਹਰ ਪਾਸਿਓਂ ਪੈਸਾ ਰੋਕਿਆ ਜਾ ਰਿਹਾ ਹੋਵੇ, ਉਹ ਤਾਂ ਸੋਚ ਵੀ ਨਹੀਂ ਸਕਦਾ। ਅਸੀਂ ਮਰ ਜਾਵਾਂਗੇ ਤਾਂ ਬਾਅਦ 'ਚ ਰਿਸਰਚ ਕਰਨਗੇ ਲੋਕੀਂ ਕਿ ਇਹ ਚਮਤਕਾਰ ਹੋਇਆ ਕਿਵੇਂ, ਇਹ ਪ੍ਰਮਾਤਮਾ ਨੇ ਕੀਤਾ ਹੈ, ਅਸੀਂ ਤਾਂ ਸਿਰਫ਼ ਅਪਣੀ ਡਿਊਟੀ ਨਿਭਾਈ ਹੈ ਤੇ ਉਹਦੇ ਤੋਂ ਪੁਛਿਆ ਹੋ ਜਾਵੇਗਾ, ਉਹਨੇ ਕਿਹਾ ਤੂੰ ਅਪਣਾ ਕੰਮ ਕਰ, ਤੈਨੂੰ ਕੀ ਮਤਲਬ ਹੋਵੇਗਾ ਕਿ ਨਹੀਂ ਹੋਵੇਗਾ, ਇਹ ਮੇਰਾ ਕੰਮ ਹੈ।

InterviewInterview

ਸਵਾਲ : ਸੋ ਭਾਵ ਇਹ ਹੈ ਕਿ ਬਹੁਤ ਘੱਟ ਲੋਕ ਸੱਚੇ ਅੱਗੇ ਆ ਰਹੇ ਨੇ, ਗੁਰੂ ਨਾਲ ਜੁੜ ਰਹੇ ਨੇ, ਤੁਸੀਂ ਕਹਿੰਦੇ ਹੋ ਲੱਗੇ ਰਹੋ, ਕਦੇ ਨਾ ਕਦੇ...?
ਜਵਾਬ : ਬਾਬਾ ਨਾਨਕ ਵੀ ਤਾਂ ਇਕੱਲਾ ਹੀ ਸੀ, ਬਾਬਾ ਨਾਨਕ ਨਾਲ ਤਾਂ ਸਿੱਖ ਕੋਈ ਨਹੀਂ ਸੀ ਜਾਂਦਾ। ਬਾਬੇ ਨਾਨਕ ਨਾਲ ਉਹ ਮੁਸਲਮਾਨ ਵਿਚਾਰ ਨਾਲ...।
ਸਵਾਲ : ਪਰ ਇਕ ਪਾਸੇ ਇੰਨੀ ਵੱਡੀ ਤਾਕਤ ਹੈ, ਇੰਨਾ ਜ਼ਿਆਦਾ ਪੈਸਾ, ਇੰਨੀ ਵੱਡੀ ਸਿਆਸਤ, ਕਿੰਨਾ ਕੁੱਛ ਹੈ, ਦੂਜੇ ਪਾਸੇ ਮੁੱਠੀ ਪਰ ਲੋਕ ਨੇ, ਉਹ ਵੀ ਵੱਖ-ਵੱਖ ਹੋ ਕੇ ਲੜ ਰਹੇ ਨੇ। ਅੱਜ ਵੀ ਤੁਹਾਡੇ ਨਾਲ ਕੋਈ ਆ ਕੇ ਖੜ੍ਹਾ ਨਹੀਂ ਹੁੰਦਾ ਕਿ ਇਹ ਸਿੱਖਾਂ ਦੀ ਆਵਾਜ਼ ਹੈ, ਕਿੰਨੇ ਅਹਿਮ ਮੁੱਦੇ, ਜੇਕਰ ਸਪੋਕਸਮੈਨ ਅਖ਼ਬਾਰ ਨਾ ਬੋਲੇ, ਤਾਂ ਕੋਈ ਨਹੀਂ ਬੋਲਦਾ।
ਜਵਾਬ : ਇੰਨੀ ਗੱਲ ਇਹ ਵੀ ਨਹੀਂ ਬੋਲਦੇ ਜਿਨ੍ਹਾਂ ਦੀ ਅਸੀਂ ਹਮਾਇਤ ਕਰਦੇ ਹਾਂ।
ਸਵਾਲ : ਮੈਂ ਉਹੀ ਕਹਿ ਰਹੀ ਹਾਂ, ਇਹ ਜਿਹੜੇ ਮੁੱਠੀ ਭਰ, ਜਿਹੜੇ ਤੁਸੀਂ ਕ੍ਰਾਂਤੀਕਾਰੀ ਕਹਿੰਦੇ ਹੋ, ਉਹ ਵੀ ਨਾਲ ਆ ਕੇ...
ਜਵਾਬ :  ਇਹ ਵੀ ਖੜ੍ਹੇ ਨਹੀਂ ਹੁੰਦੇ,  ਇਹ ਵੀ ਅਪਣੇ ਆਪ ਨੂੰ ਬੜੇ ਵੱਡੇ ਸਮਝਣ ਲੱਗ ਪੈਂਦੇ ਨੇ, ਥੋੜ੍ਹੀ ਪਬਲੀਸਿਟੀ ਮਿਲਣ ਲੱਗ ਜਾਵੇ।
ਸਵਾਲ : ਇਨ੍ਹਾਂ ਹਾਲਾਤਾਂ 'ਚ ਤੁਸੀਂ ਕੀ ਸੋਚਦੇ ਹੋ?
ਜਵਾਬ : ਅਜਿਹੇ ਹਾਲਾਤਾਂ ਵਿਚ ਇਹੀ ਹੈ ਕਿ ਰੱਬ ਸਾਡੇ ਨਾਲ ਹੈ। ਜੋ ਰੱਬ ਨੇ ਸਾਨੂੰ ਕਿਹੈ, ਅਸੀਂ ਕਰ ਰਹੇ ਹਾਂ, ਸਾਨੂੰ ਇਨ੍ਹਾਂ ਦੀ ਕੋਈ ਪ੍ਰਵਾਹ ਨਹੀਂ। ਜਿਹੜੇ ਸਾਡੇ ਕੋਲ ਸ਼ੁਰੂ ਸ਼ੁਰੂ ਵਿਚ ਮਿਲਣ ਆਉਂਦੇ ਸੀ, ਲੁੱਕ-ਛਿਪ ਕੇ ਰਾਤ ਨੂੰ ਹਨੇਰਾ ਪਏ ਤੋਂ ਬਾਅਦ, ਤੇ ਕਹਿੰਦੇ ਸੀ, ਵੇਖਿਓ ਜੇ, ਸਾਡੀ ਅਖ਼ਬਾਰ ਵਿਚ ਫ਼ੋਟੋ ਨਾ ਛਪ ਜਾਵੇ। ਉਹ ਕਈ ਬੰਦੇ ਆਏ, ਮੀਟਿੰਗਾਂ ਹੋਈਆਂ ਸਾਡੇ ਘਰਾਂ 'ਚ। ਉਨ੍ਹਾਂ ਦਿਨਾਂ 'ਚ ਉਹ ਬੰਦੇ ਆਉਂਦੇ ਸਨ, ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸੀ ਸਕਦੇ। ਉਹ ਕਹਿੰਦੇ ਸੀ ਜੋ ਕਰ ਰਹੇ ਹੋ ਬੜਾ ਠੀਕ ਕਰ ਰਹੇ ਹੋ, ਪਰ ਸਾਡਾ ਨਾਮ ਨਾ ਕਿਤੇ ਆ ਜਾਵੇ। ਸੋ ਲੋਕੀ ਅੰਦਰੋਂ ਤਾਂ ਤੁਹਾਡੇ ਨਾਲ ਹੁੰਦੇ ਨੇ ਭਾਵੇਂ ਬਾਹਰੋਂ ਨਾ ਹੋਣ।  ਪਰ ਸਾਡੇ ਤਾਂ ਪਾਠਕਾਂ ਨੇ ਕਮਾਲ ਕਰ ਦਿਤੀ। ਇਕ ਅਖ਼ਬਾਰ ਨਾਲ ਇੰਨਾ ਜ਼ੁਲਮ ਹੋ ਰਿਹਾ ਹੋਵੇ, ਸਾਰੇ ਪਾਸੇ ਰੋਕਾ ਲੱਗਿਆ ਹੋਵੇ, ਉਹ ਡੇਢ ਲੱਖ ਤਕ ਛਪ ਜਾਵੇ, ਇਹ ਕੀ ਹੈ, ਇਹ ਚਮਤਕਾਰ ਹੀ ਹੈ। ਇਸੇ ਤਰ੍ਹਾਂ ਬਾਕੀ ਵੀ ਜਿੰਨੇ ਵੀ ਕ੍ਰਾਂਤੀਕਾਰੀ ਹੁੰਦੇ ਹਨ, ਉਹ ਅਜਿਹਾ ਹੀ ਸੋਚਦੇ ਹਨ। ਪਰ ਜਿਹੜੇ ਧਰਮ ਦੇ ਨਾਮ 'ਤੇ ਜ਼ੁਲਮ ਕਰ ਰਹੇ ਹੁੰਦੇ ਹਨ, ਇਹ ਨਹੀਂ ਸੁਣਦੇ। ਅਪਣਾ ਕਰੈਕਟਰ ਵੇਖੋਂ ਤੁਹਾਡਾ ਕਿਹੋ ਜਿਹਾ ਹੈ, ਮੈਂ ਤਾਂ ਕਹਿਨਾ ਪੰਜ ਬਿਲਕੁਲ ਨਿਰਪੱਖ ਸਿੱਖ ਹੋਣ, ਚੰਗੇ ਗਿਆਨੀ, ਚੰਗੇ ਵਿਦਵਾਨ ਹੋਣ, ਉਨ੍ਹਾਂ ਨੂੰ ਕਹੋ, ਜਿੰਨੀਆਂ ਕਥਾਵਾਂ ਹੁੰਦੀਆਂ ਨੇ ਰੋਜ਼, ਮਹੀਨੇ ਦੀਆਂ ਕਥਾਵਾਂ ਚੁੱਕ ਲਵੋ, ਉਨ੍ਹਾਂ 'ਚ ਗੁਰਮਤਿ ਕਿੱਥੇ ਹੈ? ਗੁਰਮਤਿ ਦੀ ਜਿੰਨੀ ਉਲੰਘਣਾ ਦਰਬਾਰ ਸਾਹਿਬ ਵਿਚ ਹੋ ਰਹੀ ਹੈ, ਉਨੀ ਬਾਹਰ ਕਿੱਥੇ ਹੋ ਹੀ ਨਹੀਂ ਰਹੀ। ਦਰਬਾਰ ਸਾਹਿਬ ਵਿਚ ਜਿੰਨੀ ਕਥਾ ਰੋਜ਼ ਕਰਦੇ ਨੇ, ਉਸ ਕਥਾ ਨੂੰ ਹੀ ਲੈ ਕੇ ਤੁਸੀਂ ਵੇਖ ਲਵੋ, ਉਹਦੇ ਵਿਚ ਬਾਬਾਵਾਦ ਹੈ, ਉਹਦੇ ਵਿਚ ਟਕਸਾਲਵਾਦ ਹੈ, ਉਹਦੇ ਵਿਚ ਬ੍ਰਾਹਮਣਵਾਦ ਹੈ, ਉਹਦੇ ਵਿਚ ਗੁਰਮਤਿ ਤਾਂ 2 ਫ਼ੀ ਸਦੀ ਵੀ ਨਹੀਂ ਹੁੰਦੀ। ਇਹ ਦੂਜੇ ਨੂੰ ਕਿਵੇਂ ਚੈਕ ਕਰ ਲੈਣਗੇ। ਅਸੀਂ ਤਾਂ ਕਹਿੰਦੇ ਹਾਂ, ਤੁਹਾਨੂੰ ਚੈਕ ਕਰਨ ਦੀ ਲੋੜ ਹੈ, ਕੋਈ ਐਸੀ ਤਾਕਤ ਬਣੇ, ਜਿਹੜੀ ਤੁਹਾਨੂੰ ਚੈਕ ਕਰੇ, ਕਿ ਦਰਬਾਰ ਸਾਹਿਬ ਅੰਦਰ ਗੁਰਮਤਿ ਦੇ ਉਲਟ ਕੁੱਝ ਨਹੀਂ ਹੋਣਾ ਚਾਹੀਦਾ। ਸਤਪ੍ਰਤੀਸਤ ਗੁਰਮਤਿ ਦੇ ਉਲਟ ਹੋ ਰਿਹੈ।
ਸਵਾਲ : ਔਰ ਪੰਜਾਬ ਦੇ ਕੋਨੇ ਕੋਨੇ ਅੰਦਰ ਹੋ ਰਿਹੈ?
ਜਵਾਬ : ਮੈਂ ਤਾਂ ਜਿੱਥੋਂ ਇਹ ਕੰਮ ਕਰਦੇ ਨੇ, ਉਨ੍ਹਾਂ ਦੀ ਗੱਲ ਕਰ ਰਿਹਾਂ।

InterviewInterview

ਸਵਾਲ : ਮਤਲਬ ਜਿਹੜਾ ਇਨ੍ਹਾਂ ਕੋਲ ਜਾ ਕੇ ਮੱਥਾ ਟੇਕ ਲਵੇ, ਉਸ ਨੂੰ ਸਭ ਕੁੱਝ ਅਲਾਊਡ ਹੈ?
ਜਵਾਬ : ਹਾਂ, ਇਨ੍ਹਾਂ ਨੂੰ ਪੈਸੇ ਦੇ ਆਓ, ਢੱਡਰੀਆ ਵਾਲਾ ਕਹਿੰਦੈ, ਪਤਾ ਨਹੀਂ ਝੂਠ ਹੈ ਕਿ ਸੱਚ, ਇਕ ਜਥੇਦਾਰ ਦੇ ਘਰ 35 ਲੱਖ ਰੁਪਏ ਹਰ ਮਹੀਨੇ ਜਾਂਦੈ। ਥਾਂ ਥਾਂ ਤੋਂ ਗੁਰਦੁਆਰਿਆਂ ਤੋਂ, ਇਧਰੋ-ਉਧਰੋ ਲਿਆ ਕੇ। ਇਹ ਤਾਂ ਇੰਨਾ ਹੀ ਚਾਹੁੰਦੇ ਨੇ ਕਿ ਧਰਮ ਦੇ ਨਾਮ 'ਤੇ ਚੁਪ ਰਵੋ ਬੱਸ, ਬਾਬੇ ਨਾਨਕ ਨੂੰ ਵੀ ਇਉਂ ਹੀ ਕਹਿੰਦੇ ਸੀ, ਚੁਪ ਰਹੋ, ਧਰਮ ਦੇ ਨਾਮ 'ਤੇ ਜੋ ਹੋ ਰਿਹੈ ਠੀਕ ਹੈ। ਉਹ ਕਹਿੰਦਾ, ਮੈਂ ਕਿਵੇਂ ਚੁਪ ਰਵਾਂ, ਮੈਂ ਤਾਂ ਜੋ ਕੁੱਝ ਵੇਖ ਰਿਹਾਂ, ਉਹਦੇ ਬਾਰੇ ਬੋਲਾਂਗਾ ਹੀ ਬੋਲਾਂਗਾ, ਰਾਜੇ ਸੀਹ ਮੁਕਦਮ ਕੁਤੇ£ ਉਨ੍ਹਾਂ ਨੇ ਇਨ੍ਹਾਂ ਨੂੰ ਮਾੜਾ ਕਿਹਾ, ਹਾਕਮ ਨੂੰ ਮਾੜਾ ਕਿਹਾ, ਜਿਹੜੇ ਜੱਜ ਸੀ, ਉਨ੍ਹਾਂ ਨੂੰ ਮਾੜਾ ਕਿਹਾ। ਕੁੱਤੇ ਤਕ ਕਹਿ ਦਿਤਾ। ਇਨ੍ਹਾਂ ਪੁਜਾਰੀਆਂ ਨੂੰ ਤਾਂ ਬਹੁਤ ਕੱਝ ਕਿਹੈ। ਕਰਾਈਸ ਨੇ ਵੀ ਕੀਤਾ ਸੀ। ਕਰਾਈਸ ਦੀ ਮੌਤ ਵੀ ਬੜੇ ਭੈੜੇ ਹਾਲਾਤ 'ਚ ਹੋਈ ਸੀ। ਜਦੋਂ ਕਰਾਈਸ ਨੂੰ ਲਿਜਾ ਰਹੇ ਸੀ ਆਖਰੀ ਵੇਲੇ ਪਹਾੜੀ 'ਤੇ ਤਾਂ ਉਦੋਂ ਹਰ ਬੰਦਾ ਉਹਦੇ 'ਤੇ ਥੁੱਕ ਰਿਹਾ ਸੀ ਔਰ ਉਹਦੇ ਥੱਪੜ ਮਾਰ ਰਿਹਾ ਸੀ ਇਕ-ਇਕ, ਇੰਨੀ ਮਾੜੀ ਮੌਤ, ਇਨ੍ਹਾਂ (ਯਹੂਦੀ) ਪੁਜਾਰੀਆਂ ਨੇ ਹੀ ਕਰਵਾਈ ਸੀ। ਇਨ੍ਹਾਂ ਲੋਕਾਂ ਨੇ ਤਾਂ ਜਿਹੜਾ ਸੱਚ ਬੋਲਦੈ, ਉਹਨੂੰ ਤੰਗ ਕੀਤਾ ਹੈ, ਰੱਬ ਵੀ ਵੇਖਦਾ ਕਿ ਜਿਹਨੂੰ ਤੰਗ ਕੀਤਾ ਜਾ ਰਿਹੈ, ਪਾਸ ਹੁੰਦਾ ਕਿ ਨਹੀਂ ਹੁੰਦਾ, ਇਸ ਕਰ ਕੇ ਉਹ ਡਟਿਆ ਰਹਿੰਦੈ। ਨਾ ਇਨ੍ਹਾਂ ਨੇ ਹਟਣੈ ਅਪਣੀ ਗੱਲ ਤੋਂ, ਨਾ ਅਸੀਂ ਹਟਣੈ, ਮੇਰੇ ਵਰਗਿਆ ਨੇ, ਜਿਹੜੇ ਅੱਗੇ-ਪਿੱਛੇ ਹੋਏ ਨੇ। ਇਹ ਵੀ ਲੱਗੇ ਰਹਿਣਗੇ ਪਰ ਇਨ੍ਹਾਂ ਦਾ ਬਹੁਤੀ ਦੇਰ ਚੱਲਣਾ ਨਹੀਂ, ਜਿਹੜੀ ਵੀ ਸੰਸਥਾ ਬਹੁਤੀ ਦੇਰ ਤਕ ਝੂਠ ਬੋਲਦੀ ਰਵ੍ਹੇ, ਗ਼ਲਤ ਕੰਮ ਕਰਦੀ ਰਹੇ ਅਤੇ ਮੁਆਫ਼ੀ ਨਾ ਮੰਗੇ, ਉਹ ਸੰਸਥਾ ਹੀ ਮਰ ਜਾਂਦੀ ਹੈ।  ਸਾਡੇ ਕੋਲੋਂ ਤਾਂ ਮੁਆਫ਼ੀ ਮੰਗਵਾਉਂਦੇ ਨੇ, ਮੈਨੂੰ ਜਥੇਦਾਰ ਨੇ ਆਪ ਫ਼ੋਨ ਕੀਤਾ ਕਿ ''ਮੈਂ ਬਤੌਰ ਜਥੇਦਾਰ ਕਹਿੰਦਾ ਕਿ ਤੁਸੀਂ ਗ਼ਲਤ ਕੁੱਝ ਨਹੀਂ ਕੀਤਾ।'' ਪਰ ਫਿਰ ਤੁਸੀਂ ਕਿਉਂ ਨਹੀਂ ਮੁਆਫੀ ਮੰਗਦੇ ਅਪਣੀ, ਤੁਸੀ ਮੈਨੂੰ ਕਿਉਂ ਕਹਿੰਦੇ ਹੋ ਇਕ ਵਾਰ ਆ ਜਾਓ, ਮੁਆਫ਼ੀ ਮੰਗ ਲਓ। ਤੁਸੀਂ ਆਪ ਮੁਆਫ਼ੀ ਮੰਗੋ ਕਿ ਸਾਡੇ ਕੋਲੋਂ ਗ਼ਲਤ ਹੋ ਗਈ ਹੈ। ਅਪਣੀ ਗ਼ਲਤੀ ਨਹੀਂ ਮੰਨਦੇ, ਇਹੀ ਪ੍ਰਾਬਲਮ ਹੈ ਇਨ੍ਹਾਂ ਦੀ। ਕਿਉਂਕਿ ਇਸ ਸਮਝਦੇ ਨੇ ਅਸੀਂ ਤਾਂ ਰੱਬ ਵਰਗੇ ਹਾਂ। ਅਸੀਂ ਗ਼ਲਤੀ ਕਰ ਵੀ ਦਈਏ ਤਾਂ ਵੀ ਕਿਉਂ ਮੰਨਿਆ ਜਾਵੇ। ਇਹੀ ਇਨ੍ਹਾਂ ਨੂੰ ਬਾਬੇ ਨਾਨਕ ਨੇ ਕਿਹਾ ਸੀ, ਹਾਕਮੋ, ਪੁਜਾਰੀਓਂ, ਇਨਸਾਫ਼ ਦੇ ਨਾ 'ਤੇ ਬੈਠਣ ਵਾਲਿਓਂ, ਤੁਸੀਂ ਸਾਰਾ ਗ਼ਲਤ ਕੰਮ ਕਰਿਆ, ਮੰਗੋ ਮੁਆਫ਼ੀ ਇਸ ਪਬਲਿਕ ਕੋਲੋਂ, ਜਨਤਾ ਕੋਲੋਂ ਮੁਆਫ਼ੀ ਮੰਗੋ, ਮੈਂ ਮੁਆਫ਼ੀ ਮੰਗਵਾਉਣ ਆਇਆ, ਇਸ ਜਨਤਾ ਕੋਲੋਂ ਮੁਆਫ਼ੀ ਮੰਗਵਾਉਂਦੇ ਹੋ, ਆਪ ਮੁਆਫੀ ਮੰਗੋ।
ਸਵਾਲ : ਤੁਹਾਡੇ ਵਿਚ ਬੜੀ ਸਹਿਣਸ਼ੀਲਤਾ ਹੈਗੀ ਆ, ਅਸੀਂ ਸ਼ਾਇਦ ਉਹ ਪੀੜ੍ਹੀ ਹਾਂ ਜਿਹੜੀ ਪਾਸਟ 'ਚ ਜਾ ਕੇ ਮੰਗਦੀ ਹੈ ਤੇ ਉਡੀਕ ਕਰਦੇ ਹਾਂ ਕਿ ਰੱਬ ਕਦੋਂ ਸੁਣਦੈ। ਕਈ ਵਾਰ ਬਾਹਰ ਜਾ ਕੇ ਵੇਖੀਦੈ, ਜਦ ਕਾਲੇ ਜਾਦੂ ਦੀਆਂ ਗੱਲਾਂ ਹੁੰਦੀਆਂ ਨੇ। ਅੱਜ ਪੰਜਾਬ ਵਿਚ ਗੁਰਦੁਆਰਿਆਂ ਤੋਂ ਵੀ ਜ਼ਿਆਦਾ ਲੋਕ ਉਥੇ ਜਾਂਦੇ ਨੇ ਤੇ ਬੜਾ ਅਫ਼ਸੋਸ ਹੁੰਦੈ। ਕੁੜੀਆਂ ਨੂੰ ਮਾਰਿਆ ਜਾਂਦੈ, ਹਰ ਚੀਜ਼ ਜੋ ਬਾਬਾ ਨਾਨਕ ਨੇ ਕਹੀ ਸੀ, ਜਾਤ ਪਾਤ ਆਦਿ ਹਰ ਚੀਜ਼ ਉਹੀ ਹੁੰਦੀ ਹੈ, ਤੁਹਾਡੇ 'ਚ ਸਹਿਣਸ਼ੀਲਤਾ ਹੈਗੀ ਹੈ, ਉਮੀਦ ਕਰਦੇ ਹਾਂ, ਇਹ ਅੱਜ ਦੀ ਪੀੜ੍ਹੀ 'ਚ ਵੀ ਝਟਪਟ ਆਵੇ?
ਜਵਾਬ : ਉਹਦੀ ਮਰਜ਼ੀ ਹੈ, ਉਹਨੇ ਕਿੰਨੀ ਦੇਰ ਕਿਹੜਾ ਯੁੱਗ ਰੱਖਣੈ, ਕਿਹੜਾ ਲਿਆਉਣੈ, ਉਹਦੀ ਮਰਜ਼ੀ ਹੈ, ਅਸੀਂ ਅਪਣੀ ਡਿਊਟੀ ਦੇਣੀ ਹੈ, ਅਸੀਂ ਉਹਦੇ ਅੱਗੇ ਪੇਸ਼ ਹੋ ਕੇ ਕਹਿਣੈ ਲੈ ਜੋ ਤੂੰ ਕਿਹਾ ਸੀ ਕੀਤਾ ਕਿ ਨਹੀਂ ਕੀਤਾ, ਇਹ ਵੇਖ ਲੈ, ਉਥੋਂ ਫ਼ੇਲ੍ਹ ਹੋਏ ਹਾਂ, ਤੂੰ ਪਾਸ ਕਰਨੈ ਕਿ ਨਹੀਂ ਕਰਨਾ, ਅਸੀਂ ਉਥੇ ਬਾਰੇ ਸੋਚਦੇ ਹਾਂ, ਇਨ੍ਹਾਂ ਬਾਰੇ ਨਹੀਂ ਸੋਚਦੇ।
ਸਵਾਲ : ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਤੁਸੀਂ ਇੰਦਾ ਹੋਰ ਥੋੜ੍ਹਾ ਜਿਹਾ ਸਪੋਕਸਮੈਨ ਟੀਵੀ ਨਾਲ ਆਉਂਦੇ ਰਹੋਗੇ ਤੇ ਜੋ ਇਤਿਹਾਸ ਦੀ ਸਮਝ ਹੈ ਉਸ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਉਂਦੇ ਰਹੋਗੇ।
ਜਵਾਬ : ਜਿਵੇਂ ਵਾਹਿਗੁਰੂ ਚਾਹੁਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement