
ਪੰਜ ਕਰੋੜ ਦੀ ਹੈਰੋਇਨ ਸਮੇਤ ਕਾਰ ਸਵਾਰ ਗ੍ਰਿਫ਼ਤਾਰ
ਸ਼ਾਹਕੋਟ, 29 ਅਗੱਸਤ (ਪਪ): ਸ਼ਾਹਕੋਟ ਪੁਲਿਸ ਨੇ ਤਸਕਰਾਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਐਚ.ਓ ਸੁਰਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਅਰਟਿਗਾ ਕਾਰ ਸਵਾਰ ਵਿਅਕਤੀ ਨੂੰ 5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਦਸਿਆ ਕਿ ਐਸ.ਐਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਪੁਲਿਸ ਨੇ ਮਲਸੀਆਂ ਮੇਨ ਰੋਡ ਉਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਗੱਡੀ ਨੂੰ ਰੋਕਿਆ। ਕਾਰ ਸਵਾਰ ਨੇ ਅਪਣਾ ਨਾਮ ਲਖਵੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਲਾਟੀਆਂਵਾਲ (ਕਪੂਰਥਲਾ) ਦਸਿਆ। ਤਲਾਸ਼ੀ ਲੈਣ ਉਤੇ ਗੱਡੀ ਸਵਾਰ ਪਾਸੋਂ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਰੁਪਏ ਹੈ। ਡੀ.ਐਸ.ਪੀ ਵਰਿੰਦਰਪਾਲ ਸਿੰਘ ਨੇ ਦਸਿਆ ਕਿ ਮੁਲਜ਼ਮ ਵਿਰੁਧ ਐਨ.ਡੀ.ਪੀ.ਐਸ ਤਹਿਤ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਛ ਗਿੱਛ ਦੌਰਾਨ ਲਖਵੀਰ ਸਿੰਘ (32) ਨੇ ਪੁਲਿਸ ਨੇ ਦਸਿਆ ਕਿ ਕਲੀਨਿਕ ਦੇ ਨਾਲ-ਨਾਲ ਖੇਤੀਬਾੜੀ ਦਾ ਕੰਮ ਵੀ ਕਰਦਾ ਹੈ। ਖੇਤੀਬਾੜੀ ਤੇ ਕਲੀਨਿਕ ਦੇ ਕੰਮਕਾਰ ਨਾਲ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਸੀ ਜਿਸ ਕਰ ਕੇ ਉਹ ਵੱਡੇ ਪੱਧਰ ਉਤੇ ਨਸ਼ੇ ਦਾ ਕਾਰੋਬਾਰ ਕਰਨ ਲੱਗ ਪਿਆ। ਉਹ ਕਾਫ਼ੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਸ ਦੇ ਵਿਰੁਧ ਥਾਣਾ ਸੁਲਤਾਨਪੁਰ ਲੋਧੀ ਵਿਖੇ ਪਹਿਲਾਂ ਹੀ 2 ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚ ਉਹ ਜ਼ਮਾਨਤ ਉਤੇ ਆਇਆ ਹੋਇਆ ਹੈ।
ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਮੁਲਜ਼ਮ ਲਖਵੀਰ ਸਿੰਘ ਪਾਸੋਂ ਡੂੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ ਤੇ ਇਸ ਪਾਸੇ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਵਿਅਕਤੀਆਂ ਬਾਰੇ ਅਹਿਮ ਸੁਰਾਗ ਹੱਥ ਲੱਗਣ ਦੀ ਆਸ ਹੈ।
image
ਕੈਪਸ਼ਨ¸ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਵਰਿੰਦਰਪਾਲ ਸਿੰਘ, ਐਸ.ਐਚ.ਓ ਸੁਰਿੰਦਰ ਕੁਮਾਰ ਤੇ ਹੋਰ।