
ਰਾਜਪੁਰਾ, ਪਟਿਆਲਾ, ਧੂਰੀ, ਬਠਿੰਡਾ ਅਤੇ ਲੁਧਿਆਣਾ ਜਾਖਲ ਤਕ ਰੇਲ ਲਾਈਨ ਦਾ ਹੋਇਆ ਬਿਜਲੀਕਰਨ
ਅੰਮ੍ਰਿਤਸਰ ਦਾਦਰ ਤੇ ਹੋਰ ਰੇਲਾਂ ਚਲਣਗੀਆਂ ਬਿਜਲਈ ਇੰਜਣਾਂ ਨਾਲ
ਪਟਿਆਲਾ, 29 ਅਗੱਸਤ (ਜਸਪਾਲ ਸਿੰਘ ਢਿੱਲੋਂ) : ਰਾਜਪੁਰਾ ਤੋਂ ਪਟਿਆਲਾ ਧੂਰੀ ਦੇ ਰਸਤੇ ਬਠਿੰਡਾ ਤਕ ਰੇਲ ਲਾਈਨ ਦਾ ਬਿਜਲੀਕਰਨ ਹੋ ਚੁੱਕਾ ਹੈ , ਇਸ ਦੇ ਨਾਲ ਹੀ ਲੁਧਿਆਣਾ ਤੋਂ ਜਾਖਲ ਤਕ ਵੀ ਰੇਲਵੇ ਸੰਪਰਕ ਨੂੰ ਬਿਜਲੀ ਦੀਆਂ ਲਾਈਨਾਂ ਨਾਲ ਜੋੜ ਦਿਤਾ ਗਿਆ ਹੈ। ਇਸ ਵੇਲੇ ਰੇਲ ਵਿਭਾਗ ਨੇ ਹਾਲ ਦੀ ਘੜੀ ਇਸ ਮਾਰਗ 'ਤੇ ਚੱਲਣ ਵਾਲੀਆਂ ਮਾਲ ਗੱਡੀਆਂ ਨੂੰ ਬਿਜਲਈ ਇੰਜਣ ਨਾਲ ਚਲਾਉਣਾ ਸ਼ੁਰੂ ਕਰ ਦਿਤਾ ਹੈ। ਰਾਜਪੁਰਾ ਤੋਂ ਬਠਿੰਡਾ ਤਕ ਬਹੁਤ ਸਾਰੇ ਛੋਟੇ ਸਟੇਸ਼ਨ ਹਨ ਖਾਸਕਰ ਬਠਿੰਡਾ ਵਾਲੇ ਪਾਸੇ ਤੋਂ ਰਾਜਪੁਰਾ ਤਕ ਲਹਿਰਾ ਖਾਨਾ, ਜੇਠੂਕੇ, ਘੁੰਣਸ, ਰਾਜੋਮਾਜਰਾ, ਕਕਰਾਲਾ, ਪਟਿਆਲਾ ਛਾਉਣੀ ਸਮੇਤ ਕਈ ਹੋਰ ਸਟੇਸ਼ਨ ਵੀ ਹਨ ਜਿਨ੍ਹਾਂ 'ਚ ਲਹਿਰਾ ਮੁਹੱਬਤ, ਹੰਡਿਆਇਆ, ਸੇਖਾ, ਅਲਾਲ, ਕੌਲਛੇੜੀ, ਛੀਟਾਂਵਾਲਾ, ਧਬਲਾਨ, ਦੌਣਕਲਾਂ ਤੇ ਕੌਲੀ ਜੇ ਖਾੜਕੂਵਾਦ ਤੋਂ ਬਾਅਦ ਸਵਾਰੀ ਗੱਡੀਆਂ ਦੀ ਘਾਟ ਕਾਰਨ ਬੇਰੌਣਕੇ ਹੋ ਗਏ ਹਨ।
ਇਸ ਵੇਲੇ ਰਾਜਪੁਰਾ ਤੋਂ ਬਠਿੰਡਾ ਤਕ ਰੇਲ ਮਾਰਗ ਦਾ ਦੂਹਰੀ ਕਰਨ ਵੀ ਹੋ ਰਿਹਾ ਹੈ ਜੋ ਅਗਲੇ ਕੁੱਝ ਸਾਲਾਂ 'ਚ ਮੁਕੰਮਲ ਹੋ ਜਾਵੇਗਾ। ਇਸ ਮਾਰਗ 'ਤੇ ਦੂਹਰੀਕਰਨ ਦਾ ਕੰਮ ਇਸ ਸਾਲ ਸ਼ੁਰੂ 'ਚ ਕਾਫੀ ਤੇਜ਼ੀ ਨਾਲ ਸ਼ੁਰੂ ਹੋ ਗਿਆ ਸੀ ਪਰ ਕੋਰੋਨਾ ਦੀ ਮਾਰ ਨੇ ਇਸ ਨੂੰ ਸੁਸਤ ਰਫ਼ਤਾਰ 'ਚ ਲੈ ਆਂਦਾ ਹੈ ।
ਪਟਿਆਲਾ ਦੇ ਸੀਨੀਅਰ ਸਟੇਸਨ ਨਿਗਰਾਨ ਨੇ ਸ. ਅਜੀਤ ਸਿੰਘ ਚੀਮਾ ਨੇ ਦਸਿਆ ਕਿ ਇਸ ਰੇਲ ਮਾਰਗ ਦੇ ਬਿਜਲੀਕਰਨ ਹੋਣ ਨਾਲ ਇਥੇ ਰੇਲਾਂ ਦੀ ਗਤੀ 'ਚ ਤੇਜ਼ੀ ਆਏਗੀ। ਜਿਸ ਵੇਲੇ ਇਸ ਰੇਲ ਮਾਰਗ ਦਾ ਦੁਹਰੀਕਰਨ ਮੁਕੰਮਲ ਹੋ ਗਿਆ ਉਸ ਵੇਲੇ ਇਥੇ ਈਐਮਯੂ ਵੀ ਚੱਲ ਸਕਦੇ ਹਨ ਜਿਸ ਨਾਲ ਇਸ ਰੇਲੇ ਮਾਰਗ ਦੇ ਛੋਟੇ ਸਟੇਸ਼ਨਾਂ ਦੀ ਰੌਣਕ ਬਹਾਲ ਹੋ ਜਾਵੇਗੀ।
image
ਫੋਟੋ ਨੰ: 29 ਪੀਏਟੀ 13
ਪਟਿਆਲਾ ਰੇਲਵੇ ਲਾਈਨ ਤੋਂ ਗੁਜਰਦਾ ਹੋਇਆ ਬਿਜਲਈ ਰੇਲ ਇੰਜਣ।