
ਦੋ ਦਿਨਾਂ ਵਿਚ ਪੇਸ਼ ਕਰਨਗੇ ਡਿਪਟੀ ਕਮਿਸ਼ਨਰ ਆਪਣੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਕ ਸਥਾਨਕ ਆਗੂ ਵਲੋਂ ਲੁਧਿਆਣਾ ਸ਼ਹਿਰ ਦੇ ਕਿਸੇ ਕੋਂਸਲਰ ਦੇ ਸਕੂਲ ਵਿਚੋ ਕੋਵਿਡ 19 ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਲੋੜਵੰਦਾਂ ਨੂੰ ਵੰਡਣ ਲਈ ਭੇਜੇ ਗਏ ਰਾਸ਼ਨ ਦੇ ਬੈਗ ਮਿਲਣ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਦੀ ਜਾਂਚ ਕਰ ਕੇ ਰਿਪੋਰਟ ਦੋ ਦਿਨਾਂ ਵਿਚ ਉਨ੍ਹਾਂ ਨੂੰ ਪੇਸ਼ ਕਰਨ।
Bharat Bhushan Ashu
ਆਸ਼ੂ ਨੇ ਕਿਹਾ ਕਿ ਲੋੜਵੰਦਾਂ ਲਈ ਭੇਜੇ ਗਏ ਰਾਸ਼ਨ ਦੀ ਵੰਡ ਵਿਚ ਹੇਰਾਫੇਰੀ ਬਿਲਕੁਲ ਵੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਰਾਸ਼ਨ ਵੰਡ ਵਿਚ ਜੇਕਰ ਕੋਈ ਘਪਲਾ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਪਾਰਟੀ ਦਾ ਆਗੂ ਹੋਵੇ, ਕੋਈ ਲੋਕ ਨੁਮਾਇੰਦਾ ਹੋਵੇ ਜਾਂ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਹੋਵੇ।
Captain Amarinder Singh
ਖੁਰਾਕ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹਰੇਕ ਲੋੜਵੰਦ ਪਰਿਵਾਰ ਤੱਕ ਰਾਸ਼ਨ ਪਾਰਦਰਸ਼ੀ ਢੰਗ ਨਾਲ ਪੁਜਦਾ ਕਰਨ ਲਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਰਾਸ਼ਨ ਮੁਹੱਈਆ ਕਰਵਾਉਣ ਲਈ ਕਈ ਉਪਰਾਲੇ ਕੀਤੇ ਜਾ ਚੁੱਕੇ ਹਨ ਅਤੇ ਜਲਦ ਸਮਾਰਟ ਕਾਰਡ ਵੀ ਦਿੱਤੇ ਜਾ ਰਹੇ ਹਨ ਤਾਂ ਜ਼ੋ ਰਾਸ਼ਨ ਵੰਡ ਵਿਚ ਹੇਰਾਫੇਰੀ ਦੀ ਬਿਲਕੁਲ ਵੀ ਕੋਈ ਸੰਭਾਵਨਾ ਨਾ ਰਹੇ।
Ration
ਇਸੇ ਦੋਰਾਨ ਲੁਧਿਆਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੂਰਬੀ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਲੁਧਿਆਣਾ ਪੂਰਬੀ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਲੁਧਿਆਣਾ ਪੱਛਮੀ ਦੇ ਅਧਾਰਤ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਕੇ 24 ਘੰਟਿਆਂ ਵਿਚ ਰਿਪੋਰਟ ਮੰਗ ਲਈ ਗਈ ਹੈ।