
ਤਾਲਾਬ 'ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ
ਬਾਰਾਬੰਕੀ, 28 ਅਗੱਸਤ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਉਥੇ ਘਰ ਤੋਂ ਖੇਤ ਲਈ ਨਿਕਲੇ ਤਿੰਨ ਬੱਚਿਆਂ ਦੀ ਤਾਲਾਬ 'ਚ ਡੁੱਬ ਕੇ ਮੌਤ ਹੋ ਗਈ। ਇਸ ਗੱਲ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਬੱਚਿਆਂ ਦੀਆਂ ਲਾਸ਼ਾਂ ਤਾਲਾਬ 'ਚੋਂ ਕੱਢੀਆਂ। ਪੁਲਿਸ ਨੇ ਦਸਿਆ ਕਿ ਵੀਰਵਾਰ ਨੂੰ ਘੁੰਘਟੇਰ ਖੇਤਰ 'ਚ ਜਮੁਆ ਵਾਸੀ ਹੀਂਗਾ ਰਾਵਤ ਦੀ ਧੀ ਸੰਜਨਾ (12) ਪਿੰਡ ਦੇ ਹੀ ਗਿਆਨੂ ਦਾ ਬੇਟੇ ਪ੍ਰਕਾਸ਼ (11) ਅਤੇ ਸ਼ਿਵਾ ਦਾ 8 ਸਾਲਾ ਬੇਟਾ ਸੁਨੀਲ ਦੁਪਹਿਰ ਦੇ ਸਮੇਂ ਖੇਤ ਜਾਣ ਲਈ ਘਰੋਂ ਨਿਕਲੇ ਸਨ। ਦੇਰ ਸ਼ਾਮ ਤਕ ਤਿੰਨੇ ਘਰ ਨਹੀਂ ਆਏ ਤਾਂ ਪਰਵਾਰ ਵਾਲਿਆਂ ਨੂੰ ਚਿੰਤਾ ਹੋਈ ਅਤੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਸ਼ਾਮ ਦੇ ਸਮੇਂ ਪਿੰਡ ਦੇ ਬਾਹਰ ਸਥਿਤ ਤਾਲਾਬ 'ਚ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਪਾਣੀ 'ਚ ਤੈਰਦੀਆਂ ਮਿਲੀਆਂ। ਉਨ੍ਹਾਂ ਦਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਤਾਲਾਬ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜੀਆਂ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਦੇ ਤਾਲਾਬ 'ਚ ਜਾਣ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। (ਏਜੰਸੀ)
image