
ਅਨਲਾਕ-4 : 30 ਸਤੰਬਰ ਤਕ ਸਾਰੇ ਸਕੂਲ ਅਤੇ ਕਾਲਜ ਰਹਿਣਗੇ ਬੰਦ
21 ਸਤੰਬਰ ਤੋਂ ਧਾਰਮਕ ਸਮਾਗਮਾਂ 'ਚ 100 ਲੋਕਾਂ ਦੇ ਸ਼ਾਮਲ ਹੋਣ ਨੂੰ ਮਿਲੀ ਮਨਜ਼ੂਰੀ
ਨਵੀਂ ਦਿੱਲੀ, 29 ਅਗੱਸਤ : ਕੇਂਦਰ ਸਰਕਾਰ ਨੇ ਅਨਲਾਕ-4 ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜੋ ਕਿ 30 ਸਤੰਬਰ ਤਕ ਲਾਗੂ ਰਹਿਣਗੀਆਂ। ਸਰਕਾਰ ਨੇ ਸ਼ਰਤਾਂ ਨਾਲ 7 ਸਤੰਬਰ ਤੋਂ ਮੈਟਰੋ ਚਲਾਉਣ ਦੀ ਮਨਜ਼ੂਰੀ ਦੇ ਦਿਤੀ ਹੈ। ਉਥੇ ਹੀ, 21 ਸਤੰਬਰ ਤੋਂ ਧਾਰਮਕ ਆਯੋਜਨਾਂ 'ਚ 100 ਲੋਕਾਂ ਦੇ ਸ਼ਾਮਲ ਹੋਣ ਦੀ ਵੀ ਇਜਾਜ਼ਤ ਦੇ ਦਿਤੀ ਗਈ ਹੈ।
ਉਥੇ ਹੀ 30 ਸਤੰਬਰ ਤਕ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਬੰਦ ਰਖਣ ਦੇ ਨਿਰਦੇਸ਼ ਦਿਤੇ ਗਏ ਹਨ ਪਰ ਆਨਲਾਈਨ ਟੀਚਿੰਗ ਲਈ ਸਕੂਲਾਂ 'ਚ 50 ਫ਼ੀ ਸਦੀ ਅਧਿਆਪਕ ਆ ਸਕਦੇ ਹਨ। ਉਥੇ ਹੀ, ਕੰਟਨੇਮੈਂਟ ਜ਼ੋਨ ਤੋਂ ਬਾਹਰ 9 ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀ ਅਪਣੇ ਪ੍ਰਵਾਰ ਦੀ ਸਹਿਮਤੀ ਤੋਂ ਬਾਅਦ ਅਧਿਆਪਕਾਂ ਨੂੰ ਮਿਲਣ ਸਕੂਲ ਜਾ ਸਕਣਗੇ। ਗ੍ਰਹਿ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ, 21 ਸਤੰਬਰ ਤੋਂ ਸਮਾਜਕ, ਰਾਜਨੀਤਕ, ਮਨੋਰੰਜਨ, ਖੇਡ ਆਦਿ ਨਾਲ ਜੁੜੇ ਸਮਾਗਮਾਂ ਨੂੰ ਮਨਜ਼ੂਰੀ ਹੋਵੇਗੀ ਪਰ ਇਕ ਛੱਤ ਦੇ ਹੇਠਾਂ ਵੱਧ ਤੋਂ ਵੱਧ 100 ਲੋਕ ਮੌਜੂਦ ਰਹਿ ਸਕਣਗੇ। ਸਿਨੇਮਾ ਹਾਲ, ਸਵਿਮਿੰਗ ਪੂਲ, ਅੰਤਰਰਾਸ਼ਟਰੀ ਉਡਾਨਾਂ (ਕੁਝ ਵਿਸ਼ੇਸ਼ ਮਾਮਲਿਆਂ ਨੂੰ ਛੱਡ ਕੇ) ਅਜੇ ਵੀ ਬੰਦ ਰਹਿਣਗੇ।
ਹੁਣ ਕੋਈ ਵੀ ਸੂਬਾ ਗ੍ਰਹਿ ਮੰਤਰਾਲਾ ਦੀ ਮਨਜ਼ੂਰੀ imageਤੋਂ ਬਿਨਾਂ ਤਾਲਾਬੰਦੀ ਨਹੀਂ ਲਗਾ ਸਕਦਾ। ਇਸ ਦੇ ਲਈ ਉਸ ਨੂੰ ਪਹਿਲਾਂ ਗ੍ਰਹਿ ਮੰਤਰਾਲਾ ਤੋਂ ਮਨਜ਼ੂਰੀ ਲੈਣੀ ਪਵੇਗੀ। (ਏਜੰਸੀ)