
'ਆਪ' ਵੱਲੋਂ 25 ਸਤੰਬਰ ਦੇ 'ਭਾਰਤ ਬੰਦ' ਨੂੰ ਹਰ ਪੱਧਰ ਦੀ ਹਿਮਾਇਤ ਦਾ ਐਲਾਨ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਕਿਸਾਨਾਂ ਉੱਤੇ ਹਰਿਆਣਾ ਅਤੇ ਪੰਜਾਬ ਵਿੱਚ ਹੋ ਰਹੇ ਅੰਨ੍ਹੇ ਲਾਠੀਚਾਰਜ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੇ ਸੱਤਾਧਾਰੀਆਂ ਵਿੱਚ ਤਾਨਾਸ਼ਾਹ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਹੈ। ਇਸ ਕਰਕੇ ਇਹ ਸਰਕਾਰਾਂ ਦਮਨਕਾਰੀ ਨੀਤੀ ਤਹਿਤ ਅੰਨਦਾਤਾ ਦੀ ਅਵਾਜ਼ ਬੰਦ ਕਰਨਾ ਚਾਹੁੰਦੀ ਹੈ।
Farmers Protest
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਅੜੀਅਲ ਰਵਈਏ ਵਿਰੁੱਧ 25 ਸਤੰਬਰ ਨੂੰ 'ਭਾਰਤ ਬੰਦ' ਦੇ ਸੱਦੇ ਦਾ ਸਮਰਥਨ ਕਰਦੇ ਹੋਏ, ਇਸ ਲਈ ਪਾਰਟੀਬਾਜੀ ਤੋਂ ਉੱਤੇ ਉਠ ਕੇ ਹਰ ਪੱਧਰ ਉੱਤੇ ਸਹਿਯੋਗ ਅਤੇ ਸਮਰਥਨ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਵਿੱਚ ਕਿਸਾਨਾਂ ਉੱਤੇ ਹੋਏ ਅੰਨ੍ਹੇ ਤਸ਼ੱਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਿੱਧਾ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਅਜਿਹੀ ਦਮਨਕਾਰੀ ਨੀਤੀ ਦਾ ਭਾਜਪਾ ਨੂੰ ਪੂਰੇ ਦੇਸ਼ ਅੰਦਰ ਕੀਮਤ ਚੁਕਾਉਣੀ ਪਵੇਗੀ।
PM MODI
ਸੰਧਵਾਂ ਨੇ ਕਿਹਾ ਕਿ ਅੰਨਦਾਤਾ ਸਮੇਤ ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਆਪਣੇ ਹੱਕ ਅਤੇ ਹਿੱਤਾਂ ਲਈ ਉੱਠਦੀ ਅਵਾਜ਼ ਨੂੰ ਲਾਠੀ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ ਹੈ, ਕਿਉਂਕਿ ਆਪਣੇ ਹੱਕਾਂ ਲਈ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਰੋਸ ਮੁਜਾਹਰੇ ਅਤੇ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਦਿੰਦਾ ਹੈ, ਜਿਸ ਦੀ ਸਹੁੰ ਖਾ ਕੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਆਪਣੇ ਆਹੁਦਿਆਂ ਉੱਤੇ ਬੈਠੇ ਹਨ।
Captain Amarinder Singh
ਇਸ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਹਰਿਆਣਾ ਸਮੇਤ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਦਰਸ਼ਨਕਾਰੀਆਂ ਉੱਤੇ ਦਿਖਾਈ ਜਾ ਰਹੀ ਲਾਠੀ ਦੀ ਤਾਕਤ ਸਿੱਧੀ-ਸਿੱਧੀ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਣਤਾਂ ਪਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਕਾਂਗਰਸੀ ਖੱਟਰ ਸਰਕਾਰ ਦੇ ਕਿਸਾਨਾਂ ਉੱਤੇ ਲਾਠੀਚਾਰਜ਼ ਨੂੰ ਨੀਂਦ ਰਹੇ ਹਨ, ਦੂਜੇ ਪਾਸੇ ਪੰਜਾਬ ਅੰਦਰ ਖੁਦ ਲਾਠੀਚਾਰਜ ਕਰ ਰਹੇ ਹਨ।
Kultar Singh Sandhwan
ਸੰਧਵਾਂ ਨੇ ਅੰਮ੍ਰਿਤਸਰ ਵਿਚ ਹੋਏ ਲਾਠੀਚਾਰਜ ਦੀ ਨਿਖੇਧੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਨੂੰ ਪੁੱਛਿਆ ਕੇ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਣ ਲਈ ਭਾਜਪਾ ਅਤੇ ਕਾਂਗਰਸ ਵਿੱਚ ਕੀ ਫਰਕ ਰਹਿ ਗਿਆ ਹੈ? ਸੰਧਵਾਂ ਨੇ ਸੱਤਾਧਾਰੀ ਕਾਂਗਰਸੀਆਂ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅੰਦਰ ਕੋਈ ਦਿਨ ਸੁੱਕਾ ਨਹੀਂ ਲੰਘਦਾ ਜਦੋਂ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ, ਡਾਕਟਰਾਂ, ਨਰਸਾਂ,ਟੀਚਰਾਂ,ਮੁਲਾਜ਼ਮਾਂ ਮਜ਼ਦੂਰਾਂ ਅਤੇ ਕਿਸਾਨਾਂ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਨਾਲ ਖਿੱਚ-ਧੂਹ, ਬਦਸਲੂਕੀ ਅਤੇ ਲਾਠੀਚਾਰਜ ਨਾ ਕਰਵਾਇਆ ਹੋਵੇ।
PM modi
ਸੰਧਵਾਂ ਨੇ ਕਿਹਾ ਕਿ ਅਜਿਹੀਆਂ ਦਮਨਕਾਰੀ ਨੀਤੀਆਂ ਦਾ ਬਦਲਾ ਲੋਕ ਵੋਟ ਦੇ ਅਧਿਕਾਰ ਨਾਲ ਲੈਣਗੇ ਅਤੇ ਤਾਨਾਸ਼ਾਹ ਹੋਏ ਭਾਜਪਾ ਅਤੇ ਕਾਂਗਰਸ ਵਾਲਿਆਂ ਦਾ ਤਖਤਾ ਪਲਟਣਗੇ। ਇਸ ਦੇ ਨਾਲ ਹੀ ਸੰਧਵਾਂ ਨੇ ਅੰਦੋਲਨਕਾਰੀ ਕਿਸਾਨਾਂ ਵੱਲੋਂ 25 ਸਤੰਬਰ ਦੇ 'ਭਾਰਤ ਬੰਦ' ਦੇ ਸੱਦੇ ਦੀ ਪੁਰਜ਼ੋਰ ਹਿਮਾਇਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਝੰਡੇ ਅਤੇ ਸਿਆਸੀ ਏਜੰਡੇ ਨੂੰ ਪਰੇ ਰੱਖ ਕੇ ਕਿਸਾਨਾਂ ਦੇ ਇਸ 'ਭਾਰਤ ਬੰਦ' ਨੂੰ ਹਰ ਪੱਧਰ ਉੱਤੇ ਪੂਰਾ ਸਹਿਯੋਗ ਅਤੇ ਸਮਰਥਨ ਕਰੇਗੀ।