
ਬਸਤਾੜਾ ਟੋਲ ਪਲਾਜ਼ਾ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪੁਲਿਸ ਵਲੋਂ ਲਾਠੀਚਾਰਜ, ਕਈ ਕਿਸਾਨਾਂ ਦੀਆਂ ਲੱਤਾਂ ਬਾਹਵਾਂ ਟੁੱਟੀਆਂ
ਕਈ ਕਿਸਾਨਾਂ ਦੀਆਂ ਲੱਤਾਂ ਬਾਹਵਾਂ ਟੁੱਟੀਆਂ
ਨਾਕਾ ਨਹੀਂ ਟੁਟਣਾ ਚਾਹੀਦਾ, ਜਿਹੜਾ ਆਵੇ, ਉਸ ਦਾ ਸਿਰ ਫੋੜ ਦਿਉ: ਅਫ਼ਸਰ
ਕਰਨਾਲ 28 ਅਗੱਸਤ (ਪਲਵਿੰਦਰ ਸਿੰਘ ਸੱਗੂ) : ਅੱਜ ਕਰਨਾਲ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਹਰਿਆਣਾ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਸੇਸ ਮੀਟਿੰਗ ਰੱਖੀ ਗਈ ਸੀ | ਜਿਵੇਂ ਹੀ ਕਿਸਾਨਾਂ ਨੂੰ ਇਸ ਮੀਟਿੰਗ ਦਾ ਪਤਾ ਲੱਗਾ ਤਾਂ ਕਿਸਾਨ ਨੇਤਾਵਾਂ ਨੇ ਵੀਡੀਉ ਜਾਰੀ ਕਰ ਕੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਅਤੇ ਇਸ ਦਾ ਵਿਰੋਧ ਕਰਨ ਦਾ ਜ਼ਿਕਰ ਕੀਤਾ ਗਿਆ ਜਿਸ ਨੂੰ ਵੇਖਦਿਆਂ ਸਖ਼ਤ ਪ੍ਰਬੰਧ ਕੀਤੇ ਗਏ ਸਨ | ਪੂਰੇ ਕਰਨਾਲ ਸ਼ਹਿਰ ਇਕ ਕਿਲੇ੍ਹ ਬੰਦੀ ਕੀਤੀ ਗਈ | ਹਰ ਆਉਣ ਜਾਣ ਵਾਲੇ ਰਸਤੇ ਤੇ ਬੈਰੀਕੇਡ ਲਗਾ ਕੇ ਅਤੇ ਵੱਡੇ ਟਰੱਕ ਲਗਾ ਕੇ ਸਾਰੇ ਰਸਤੇ ਸੀਲ ਕਰ ਦਿਤੇ ਗਏ ਕਰਨਾਲ ਦਾ ਗੁਰਦੁਆਰਾ ਡੇਰਾ ਕਾਰਸੇਵਾ ਦਾ ਹਰ ਰਾਹ ਬੈਰੀਕੇਡ ਲਗਾ ਕੇ ਅਤੇ ਬੱਲੀਆਂ ਲਗਾ ਕੇ ਬੰਦ ਕਰ ਦਿਤਾ ਗਿਆ ਇਸ ਦੇ ਬਾਵਜੂਦ ਕਿਸਾਨ ਵੱਡੀ ਗਿਣਤੀ ਵਿਚ ਕਰਨਾਲ ਤੋਂ 12 ਕਿਲੋਮੀਟਰ ਦੂਰ ਬਸਤਾੜਾ ਟੋਲ ਪਲਾਜ਼ਾ ਤੇ ਇਕੱਠੇ ਹੋ ਗਏ ਅਤੇ ਸਾਂਤੀਪੂਰਨ ਪ੍ਰਦਰਸ਼ਨ ਕਰਨ ਲੱਗ ਪਏ ਜਿਸ ਤੇ ਪੁਲਿਸ ਖਫ਼ਾ ਹੋ ਗਈ ਅਤੇ ਕਿਸਾਨਾਂ ਉੱਤੇ ਜ਼ਬਰਦਸਤ ਲਾਠੀਚਾਰਜ ਕੀਤਾ | ਕਿਸਾਨ ਖੇਤਾਂ ਵਲ ਨੂੰ ਨੱਠ ਗਏ ਪਰ ਪੁਲਿਸ ਨੇ ਕਿਸਾਨਾਂ ਨੂੰ ਖੇਤਾਂ ਵਿਚ ਵੀ ਜਾ ਕੇ ਕੁਟਿਆ | ਇਸ ਲਾਠੀਚਾਰਜ ਵਿਚ ਕਈ ਕਿਸਾਨ ਫੱਟੜ ਹੋ ਗਏ, ਕਈਆਂ ਦੀਆਂ ਲੱਤਾਂ ਬਾਹਵਾਂ ਟੁੱਟ ਗਈਆਂ ਅਤੇ ਕਈਆਂ ਦੇ ਸਿਰ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਏ | ਜ਼ਖ਼ਮੀ ਕਿਸਾਨਾਂ ਦਾ ਕਰਨਾਲ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ | ਕਿਸਾਨ ਆਗੂ ਜਗਦੀਪ ਸਿੰਘ ਔਲਖ ਨੂੰ ਪੁਲਿਸ ਫੜ ਕੇ ਅਪਣੇ ਨਾਲ ਲੈ ਗਈ ਪੁਲਿਸ ਵਲੋਂ ਕਿਸਾਨਾਂ ਉੱਤੇ ਤਿੰਨ ਵਾਰ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ | ਇਸ ਲਾਠੀਚਾਰਜ ਤੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸਾਸਨ ਨੇ ਸਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਰਹੇ ਕਿਸਾਨਾਂ ਤੇ ਅਤਿਆਚਾਰ ਕੀਤਾ ਹੈ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਇਸ ਦਾ ਖ਼ਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ | ਕਰਨਾਲ ਪੁਲਿਸ ਵਲੋਂ ਕਿਸਾਨਾਂ ਉਤੇ ਕੀਤੇ ਗਏ ਜ਼ਬਰਦਸਤ ਚਾਰਜ ਦੇ ਵਿਰੋਧ ਵਿਚ ਕਿਸਾਨ ਨੇਤਾ ਗੁਰਨਾਮ ਸਿੰਘ ਚਾਡੂਨੀ ਹਰਿਆਣੇ ਦੇ ਸਾਰੀਆਂ ਸੜਕਾਂ ਬੰਦ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਿਸ ਤੋਂ ਬਾਅਦ ਕਿਸਾਨ ਵੱਡੀ ਗਿਣਤੀ 'ਚ ਦੁਬਾਰਾ ਬਸਤਾੜਾ ਟੋਲ ਪਲਾਜਾ 'ਤੇ ਇਕੱਠੇ ਹੋ ਕੇ ਕਰਨਾਲ ਨੈਸ਼ਨਲ ਹਾਈਵੇ ਜਾਮ ਕਰ ਦਿਤਾ ਕਿਸਾਨਾਂ ਨੇ ਕਿਹਾ ਜਦੋਂ ਤਕ ਸਾਡੇ ਨੇਤਾ ਰਿਹਾਅ ਨਹੀਂ ਕੀਤੇ ਜਾਂਦੇ ਉਦੋਂ ਤਕ ਨੈਸ਼ਨਲ ਹਾਈਵੇਅ ਜਾਮ ਨਹੀਂ ਖੋਲਿ੍ਹਆ ਜਾਵੇਗਾ |
ਕਾਂਗਰਸ ਨੇਤਾ ਤਰਲੋਚਨ ਸਿੰਘ ਨੇ ਕਿਹਾ ਭਾਜਪਾ ਸਰਕਾਰ ਨੇ ਕਿਸਾਨਾਂ ਉਤੇ ਲਾਠੀਚਾਰਜ ਕਰ ਕਿਸਾਨਾਂ ਤੇ ਅਤਿਆਚਾਰ ਕੀਤਾ ਹੈ | ਇਸ ਅਤਿਆਚਾਰ ਨੇ ਅੰਗਰੇਜ਼ੀ ਹਕੂਮਤ ਦੀ ਯਾਦ ਤਾਜ਼ਾ ਕਰ ਦਿਤੀ ਹੈ | ਕਿਸਾਨਾਂ ਤੇ ਅਤਿਆਚਾਰ ਸਰਕਾਰ ਦੇ ਤਾਬੂਤ ਵਿਚ ਆਖ਼ਰੀ ਕਿੱਲ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਰਨਾਲ ਦਾ ਵਿਧਾਇਕ ਨਾਲ ਆਵੇ ਅਤੇ ਕਰਨਾਲ ਦੀ ਚਾਰੇ ਪਾਸਿਉਂ ਕਿਲ੍ਹੇ ਬੰਦੀ ਕਰ ਦਿਤੀ ਜਾਵੇ | ਇਹ ਐਮਰਜੈਂਸੀ ਹੀ ਹੈ | ਅੱਜ ਕਰਨਾਲ ਦੇ ਲੋਕਾਂ ਨੂੰ ਇਕ ਤਰ੍ਹਾਂ ਨਾਲ ਜੇਲ 'ਚ ਬੰਦ ਕਰ ਦਿਤਾ ਗਿਆ | ਸ੍ਰੋਮਣੀ ਅਕਾਲੀ ਦਲ ਅਮਿ੍ਤਸਰ ਮਾਨ ਦਲ
ਦੇ ਸੂਬਾ ਯੂਥ ਪ੍ਰਧਾਨ ਹਰਜੀਤ ਸਿੰਘ ਵਿਰਕ ਨੇ ਕਿਸਾਨਾਂ 'ਤੇ ਲਾਠੀਚਾਰਜ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹਰਿਆਣਾ ਸਰਕਾਰ ਦੀ ਉਲਟੀ ਗਿਣਤੀ ਸ਼ੁੁਰੂ ਹੋ ਗਈ ਹੈ | ਸਰਕਾਰ ਅੱਤਿਆਚਾਰ ਦੇ ਹੱਦ ਬੰਨੇ ਸਭ ਟੱਪ ਚੁੱਕੀ ਹੈ ਜਿਸ ਦਾ ਖ਼ਾਮਿਆਜ਼ਾ ਸਰਕਾਰ ਜਲਦ ਭੁਗਤੇਗੀ |
ਕਰਨਾਲ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਦੇ ਅਧਿਕਾਰੀਆਂ ਨੇ ਸਹਾਰਨਪੁਰ-ਪੰਚਕੂਲਾ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਦਿਤਾ | ਕਿਸਾਨਾਂ ਨੇ ਦੁਪਹਿਰ ਦੋ ਵਜੇ ਜਾਮ ਲਗਾ ਦਿਤਾ | ਹਾਈਵੇ ਵਿਚਕਾਰ ਖੜ੍ਹੇ ਹੋ ਕੇ ਕਿਸਾਨ ਨਾਹਰੇਬਾਜ਼ੀ ਕਰਨ ਲੱਗੇ | ਸੱਭ ਤੋਂ ਪਹਿਲਾਂ ਬਦੋਵਾਲਾ ਟੋਲ ਪਲਾਜ਼ਾ, ਜੀਂਦ-ਨਰਵਾਣਾ ਮਾਰਗ ਨੂੰ ਖਟਕੜ ਟੋਲ ਪਲਾਜ਼ਾ ਤੇ ਉਸਤੋਂ ਬਾਅਦ ਓਚਾਨਾ 'ਚ ਮਾਰਗ ਨੂੰ ਜਾਮ ਕਰ ਦਿਤਾ | ਇਸੀ ਤਰ੍ਹਾਂ ਜੀਂਦ-ਕੈਥਲ ਮਾਰਗ 'ਤੇ ਕਿਸਾਨਾਂ ਨੇ ਪਿੰਡ ਚੂਹੜਪੁਰ ਤੇ ਨਗੂਰਾਂ 'ਚ ਜਾਮ ਲਗਾ ਦਿਤਾ |
ਕੈਥਲ ਦੇ ਕਿਸਾਨਾਂ ਨੇ ਤਿਤਰਮ ਮੋਡ ਜੀਂਦ ਰੋਡ 'ਤੇ ਜਾਮ ਲਗਾ ਦਿਤਾ | ਜਾਮ ਦੀ ਸੂਚਨਾ ਮਿਲਦੇ ਹੀ ਕੈਥਲ ਐਸਡੀਐਮ ਸੰਜੈ ਕੁਮਾਰ ਨੇ ਮੌਕੇ 'ਤੇ ਪਹੁੰਚ ਤੇ ਜੀਂਦ ਆਉਣ ਜਾਣ ਵਾਲੇ ਲੋਕਾਂ ਲਈ ਰਸਤਾ ਡਾਇਵਰਟ ਕਰਵਾਇਆ |
ਪਾਣੀਪਤ ਟੋਲ ਪਲਾਜ਼ਾ 'ਚ ਵੀ ਕਿਸਾਨ ਇਕਜੁੱਟ ਹੋਏ | ਇਥੇ ਵੀ ਹਾਈਵੇ ਜਾਮ ਕਰ ਦਿਤਾ ਗਿਆ | ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਮਝਾਇਆ ਤਾਂ 15 ਮਿੰਟ ਬਾਅਦ ਹੀ ਜਾਮ ਖੋਲ੍ਹ ਦਿਤਾ ਗਿਆ |
ਨਵੀਂ ਦਿੱਲੀ : ਹਰਿਆਣਾ 'ਚ ਕਿਸਾਨ ਅੰਦੋਲਨ ਤੇਜ ਹੋ ਗਿਆ ਹੈ | ਕਰਨਾਲ ਦੇ ਘਰੌਂਡਾ 'ਚ ਟੋਲ 'ਤੇ ਭਾਜਪਾ ਦੇ ਪ੍ਰੋਗਰਾਮ ਦੇ ਵਿਰੋਧ 'ਚ ਕਿਸਾਨਾਂ ਨੇ ਸਨਿਚਰਵਾਰ ਨੂੰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰ ਦਿਤਾ | ਲਾਠੀਚਾਰਜ ਦੀ ਘਟਨਾ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਨਿੰਦਾ ਕੀਤੀ ਹੈ | ਰਾਹੁਲ ਨੇ ਟਵੀਟ ਕਰ ਕੇ ਕਿਹਾ,''ਫਿਰ ਖ਼ੂਨ ਵਹਾਇਆ ਹੈ ਕਿਸਾਨ ਦਾ, ਸ਼ਰਮ ਨਾਲ ਸਿਰ ਝੁਕਿਆ ਹਿੰਦੋਸਤਾਨ ਦਾ |'' ਇਸ ਨਾਲ ਹੀ ਰਾਹੁਲ ਨੇ ਇਕ ਜ਼ਖ਼ਮੀ ਕਿਸਾਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ | (ਏਜੰਸੀ)