
ਮੁੱਖ ਮੰਤਰੀ ਦੀ ਫੇਰੀ ਸਮੇਂ 'ਆਪ' ਵਲੋਂ ਧਰਨਾ
ਬੰਗਾ/ਨਵਾਂ ਸ਼ਹਿਰ, 28 ਸਤੰਬਰ (ਅਮਰੀਕ ਸਿੰਘ ਢੀਂਡਸਾ) : ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸ਼ਹੀਦੀ ਸਮਾਰਕ 'ਤੇ ਜਾਣ ਤੋਂ ਰੋਕ ਦਿਤਾ ਗਿਆ ਜਿਸ ਦੇ ਰੋਸ ਵਜੋਂ ਵਰਕਰਾਂ ਵਲੋਂ ਧੁੱਪ ਨਾਲ ਤਪਦੀ ਸੜਕ ਉਤੇ ਹੀ ਧਰਨਾ ਲਗਾ ਦਿਤਾ ਤੇ ਕਾਂਗਰਸ ਹਕੂਮਤ ਮੁਰਦਾਬਾਦ ਅਤੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਭਗਤ ਸਿਆਂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਸਾਰੀ ਫਿਜ਼ਾ ਗੁੰਜਾ ਦਿਤੀ। ਕੁੱਝ ਸਮੇਂ ਬਾਅਦ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਖਟਕੜ ਕਲਾਂ ਪਹੁੰਚੇ ਤਾਂ ਉਨ੍ਹਾਂ ਧਰਨਾ ਦਿੰਦੇ ਪਾਰਟੀ ਵਟਕਰਾਂ ਨੂੰ ਨਾਲ ਲਿਆ ਤੇ ਪੁਲਿਸ ਪ੍ਰਸ਼ਾਸਨ ਵਲੋਂ ਰੋਕਣ ਦੇ ਬਾਵਜੂਦ ਸ. ਭਗਤ ਸਿੰਘ ਦੇ ਬੁੱਤ ਉੱਤੇ ਸ਼ਰਧਾ ਅਤੇ ਅਕੀਦਤ ਪ੍ਰਗਟ ਕੀਤੀ।
ਇਸ ਮੌਕੇ ਸ.ਚੀਮਾ ਨੇ ਕਿਹਾ ਕਿ ਕਿੰਨਾ ਮੰਦਭਾਗਾ ਹੈ ਕਿ ਸ਼ਹੀਦਾਂ ਦੇ ਜਨਮ ਦਿਹਾੜਿਆਂ ਦੇ ਸਮੇਂ ਹਾਕਮ ਧਿਰਾਂ ਵਲੋਂ ਵਿਰੋਧੀਆਂ ਨਾਲ ਘਟੀਆ ਸਲੂਕ ਕੀਤਾ ਜਾ ਰਿਹਾ ਹੈ। ਇਸ ਸ਼ਰਮਨਾਕ ਵਰਤਾਰੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਸਮੁਚੀ ਕੌਮ ਦਾ ਸਰਮਾਇਆ ਹੁੰਦੇ ਨੇ ਨਾ ਕਿ ਸਿਰਫ ਇੱਕਲੀਆਂ ਹਾਕਮ ਸਰਕਾਰਾਂ ਦੇ।
ਫੋਟੋ ਕੈਪਸ਼ਨ:- 28 ਐਨ ਐਸ ਆਰ 02