
ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਲਈ ਕਾਂਗਰਸ ਵਲੋਂ ਤਿੱਖੇ ਸੰਘਰਸ਼ ਦਾ ਐਲਾਨ
ਸਿਆਸਤ ਬੰਦ ਕਰ ਕੇ ਸਾਰੀਆਂ ਪਾਰਟੀਆਂ ਸਰਕਾਰ ਨੂੰ ਸਮਰਥਨ ਦੇਣ : ਕੈਪਟਨ ਅਮਰਿੰਦਰ ਸਿੰਘ
to
ਬੰਗਾ/ਨਵਾਂ ਸ਼ਹਿਰ, 28 ਸਤੰਬਰ (ਅਮਰੀਕ ਸਿੰਘ ਢੀਂਡਸਾ, ਮਨਜਿੰਦਰ ਸਿੰਘ) : ਅੱਜ ਸ਼ਹੀਦ ਭਗਤ ਸਿੰਘ ਦੇ 113 ਵੇਂ ਜਨਮ ਦਿਨ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ ਪਾਰਟੀ ਦੇ ਹੋਰ ਵਜ਼ੀਰਾਂ, ਐਮ.ਪੀ ਅਤੇ ਵਿਧਾਇਕਾਂ ਸਮੇਤ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿਖੇ ਭਗਤ ਸਿੰਘ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਪ੍ਰਣਾਮ ਕੀਤਾ ਤੇ ਉਨਾਂ ਵਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸੂਰਬੀਰਾਂ ਵਲੋਂ ਵਾਰੀਆਂ ਜਾਨਾਂ ਕਰ ਕੇ ਹੀ ਅਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਹਾਜ਼ਰ ਪਾਰਲੀਮੈਂਟ ਮੈਂਬਰਾਂ, ਮੰਤਰੀਆਂ, ਵਿਧਾਇਕਾਂ ਵਲੋਂ ਕਿਸਾਨ ਵਿਰੋਧੀ ਕਾਨੂੰਨ ਲਿਆਉਣ ਵਿਰੁਧ ਧਰਨਾ ਦਿਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਰੀ ਵਿਰੋਧ ਦੇ ਬਾਵਜੂਦ ਵੀ ਕਿਸਾਨ ਵਿਰੋਧੀ ਬਿਲ ਨੂੰ ਕਾਨੂੰਨ ਦੀ ਸ਼ਕਲ ਦੇ ਕੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਰੋਜੀ ਰੋਟੀ ਖੋਹ ਕੇ ਅੰਬਾਨੀਆਂ-ਅੰਡਾਨੀਆਂ ਨੂੰ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਲਈ ਰਾਹ ਪੱਧਰਾ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਇਹਨਾਂ ਕਾਨੂੰਨਾਂ ਨੂੰ ਪੰਜਾਬ ਵਿੱਚ ਲਾਗੂ ਹਰਗਿਜ ਨਹੀਂ ਹੋਣ ਦੇਵੇਗੀ ਇਸ ਲਈ ਸਾਨੂੰ ਜੋ ਵੀ ਕਰਨਾ ਪਿਆ ਕਰਾਂਗੇ। ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੂੰ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਝੂਠ ਬੋਲ ਰਿਹਾ ਹੈ ਕਿ ਇਸ ਬਾਰੇ ਅਸੀ ਸਹਿਮਤੀ ਦਿਤੀ ਹੈ ਜਦਕਿ ਸਾਡੇ ਨਾਲ ਇਸ ਬਾਰੇ ਕੇਂਦਰ ਨੇ ਕੋਈ ਸਲਾਹ ਤਕ ਵੀ ਨਹੀਂ ਕੀਤੀ। ਮੁੱਖ ਮੰੰਤਰੀ ਵਲੋਂ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਨੂੰ ਸੁੰਦਰ ਬਣਾਉਣ ਲਈ ਰਹਿੰਦੇ ਅਧੂਰੇ ਕਾਰਜਾਂ ਲਈ 50 ਲੱਖ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਓ.ਪੀ., ਰਾਣਾ ਗੁਰਜੀਤ ਸਿੰਘ ਅਤੇ ਸੁੰਦਰ ਸ਼ਾਮ ਅਰੋੜਾ ਹਨ। ਇਸ ਤੋਂ ਇਲਾਵਾ ਸੰਸਦ ਮੈਂਬਰਾਂ ਵਿਚ ਪ੍ਰਨੀਤ ਕੌਰ, ਜਸਬੀਰ ਸਿੰਘ ਡਿੰਪਾ, ਚੌਧਰੀ ਸੰਤੋਖ ਸਿੰਘ, ਗੁਰਜੀਤ ਸਿੰਘ ਜੱਲਾ, ਡਾ ਅਮਰ ਸਿੰਘ ਅਤੇ ਐਮ.ਪੀ ਮੁਹੰਮਦ ਸਦੀਕ ਸ਼ਾਮਲ ਸਨ।
ਫੋਟੋ ਕੈਪਸ਼ਨ:-28 ਐਨ ਐਸ ਆਰ 01
ਕੈਪਸ਼ਨ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਸ. ਭਗਤ ਸਿੰਘ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦੇ ਹੋਏ ਨਾਲ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਅਤੇ ਹੋਰ। ਸ਼ਹੀਦ ਭਗਤ ਸਿੰਘ ਜਨਮਦਿਨ ਮੌਕੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਖੇਤੀ ਬਿੱਲ ਖਿਲਾਫ ਧਰਨਾ ਲਗਾਇਆ ਨਾਲ ਸਮੂਹ ਕਾਂਗਰਸ ਲੀਡਰਸ਼ਿੱਪ।