
ਦਿੱਲੀ, ਉਤਰ ਪ੍ਰਦੇਸ਼ ਤੇ ਕਰਨਾਟਕ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਕਿਸਾਨ ਸੜਕਾਂ 'ਤੇ ਉਤਰੇ
ਚੰਡੀਗੜ੍ਹ, 28 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮੋਦੀ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੀ ਅੱਗ ਹੁਣ ਪੰਜਾਬ ਤੇ ਹਰਿਆਣਾ ਤੋਂ ਉਠ ਕੇ ਦੇਸ਼ ਦੇ ਬਾਕੀ ਸੂਬਿਆਂ ਵਿਚ ਵੀ ਪਹੁੰਚ ਗਈ ਹੈ। ਜਿਥੇ ਪੰਜਾਬ ਵਿਚ ਕਿਸਾਨ ਅਜੇ ਵੀ ਰੇਲਵੇ ਪਟੜੀਆਂ 'ਤੇ ਡੇਰੇ ਲਾਈ ਬੈਠੇ ਹਨ ਤੇ 1 ਅਕਤੂਬਰ ਤੋਂ ਕਿਸਾਨ ਜਥੇਬੰਦੀਆਂ ਵੱਡਾ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕਣਗੀਆਂ ਉਥੇ ਪੰਜਾਬ ਸਰਕਾਰ ਸਮੇਤ ਪੰਜਾਬ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਵੀ ਬਿੱਲਾਂ ਦੇ ਵਿਰੋਧ 'ਚ ਖੁਲ੍ਹ ਕੇ ਸਾਹਮਣੇ ਆ ਗਈਆਂ ਹਨ। ਉਧਰ ਹਰਿਆਣਾ ਦੇ ਕਿਸਾਨ ਵੀ ਲਗਾਤਾਰ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੋਂ ਇਲਾਵਾ ਹੁਣ ਉਤਰ ਪ੍ਰਦੇਸ਼ ਤੇ ਕਰਨਾਟਕ ਦੇ ਕਿਸਾਨ ਵੀ ਲਗਾਤਾਰ ਇਨ੍ਹਾਂ ਬਿਲਾਂ ਦਾ ਵਿਰੋਧ ਕਰ ਰਹੇ ਹਨ।