
ਨਵਜੋਤ ਸਿੰਘ ਸਿੱਧੂ ਵਲੋਂ ਖੇਤੀ ਆਰਡੀਨੈਂਸਾਂ ਦੇ ਸੰਘਰਸ਼ ਦਾ ਅਪਣੇ ਜੱਦੀ ਹਲਕੇ ਤੋਂ ਆਗ਼ਾਜ਼
ਵਿਉਂਤਬੰਦੀ ਕਰ ਕੇ ਭਾਜਪਾ ਅਤੇ ਇਸ ਦੇ ਪੂੰਜੀਪਤੀਆਂ ਨੂੰ ਮੂੰਹ ਤੋੜਵਾਂ ਜਵਾਬ ਦਿਤਾ ਜਾ ਸਕਦੈ : ਸਿੱਧੂ
to
ਸੰਗਰੂਰ, ਧੂਰੀ, 28 ਸਤੰਬਰ (ਬਲਵਿੰਦਰ ਸਿੰਘ ਭੁੱਲਰ, ਲਖਵੀਰ ਸਿੰਘ ਧਾਂਦਰਾ) : ਅੱਜ ਕਾਂਗਰਸ ਦੇ ਦਿੱਗਜ਼, ਅਤੇ ਸਾਬਕਾ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅਪਣੇ ਜੱਦੀ ਹਲਕੇ ਦੇ ਪਿੰਡ ਮਾਨਵਾਲਾ ਤੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬਣਾਏ ਗਏ ਆਰਡੀਨੈਂਸਾਂ ਵਿਰੁਧ ਸੰਘਰਸ਼ ਦਾ ਆਗ਼ਾਜ਼ ਕਰਦਿਆਂ ਸਾਬਕਾ ਵਿਧਾਇਕ ਧਨਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਲਈ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੇ ਵੱਡਾ ਯੋਗਦਾਨ ਪਾਇਆ ਹੈ ਅਤੇ ਪੰਜਾਬ ਦੀ ਕਿਸਾਨੀ ਉਹ ਕਿਸਾਨੀ ਹੈ, ਜਿਥੇ ਬਾਬਾ ਨਾਨਕ ਨੇ ਖੁਦ ਹਲ ਵਾਹਿਆ ਸੀ ਅਤੇ ਦੇਸ਼ ਭਰ ਦੇ ਲੋੜਵੰਦ ਲੋਕਾਂ ਦਾ ਢਿੱਡ ਭਰਨ ਵਿਚ ਪੰਜਾਬ ਦੇ ਕਿਸਾਨਾਂ ਦਾ ਅਹਿਮ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਜਿਥੇ ਭਾਜਪਾ ਸਰਕਾਰ ਨੇ ਅੰਬਾਨੀ, ਅੰਡਾਨੀ ਵਰਗੇ ਸਰਮਾਏਦਾਰਾਂ ਪੱਖੀ ਨੀਤੀਆਂ ਬਣਾ ਕੇ ਉਨ੍ਹਾਂ ਦੀ ਆਮਦਨ 'ਚ ਕਈ ਸੌ ਗੁਣਾ ਵਾਧਾ ਕੀਤਾ ਹੈ, ਉਥੇ ਦੇਸ਼ ਦੇ ਅੰਨਦਾਤਾ ਦੀ ਜਿਣਸ 'ਚ ਮਹਿਜ਼ ਤੁਛ ਵਾਧਾ ਕਰ ਕੇ ਉਨ੍ਹਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹਰੀ ਅਤੇ ਚਿੱਟੀ ਕ੍ਰਾਂਤੀ ਨੂੰ ਦੇਸ਼ 'ਚ ਖ਼ਤਮ ਕਰ ਕੇ ਸਰਕਾਰ ਵਲੋਂ ਹੁਣ ਯੂਜ਼ ਐਂਡ ਥਰੋ ਦੀ ਨੀਤੀ ਵਰਤ ਕੇ ਸੁੱਟਿਆ ਜਾ ਰਿਹਾ ਹੈ ਅਤੇ ਦੇਸ਼ ਦੇ ਕਿਸਾਨਾਂ ਦੇ ਹੱਥ ਠੂਠਾ ਫੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਅਪਣੇ ਆਖਰੀ ਦਮ ਤਕ ਕਿਸਾਨੀ ਲਈ ਲੜਣਗੇ ਅਤੇ ਕਿਸਾਨੀ ਨੂੰ ਕਿਸੇ ਵੀ ਹਾਲਾਤ 'ਚ ਮਰਨ ਨਹੀਂ ਦੇਣਗੇ ਅਤੇ ਵਿਉਂਤਬੰਦੀ ਨਾਲ ਸੰਘਰਸ਼ ਸ਼ੁਰੂ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਇਸਦੇ ਪੂੰਜੀਪਤੀਆਂ ਨੂੰ ਮੂੰਹ ਤੋੜਵਾਂ ਜਵਾਬ ਦਿਤਾ ਜਾ ਸਕਦਾ ਹੈ। ਉਨ੍ਹਾਂ ਸਾਬਕਾ ਵਿਧਾਇਕ ਧਨਵੰਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਨਵੰਤ ਸਿੰਘ ਨੇ ਹਮੇਸ਼ਾ ਸੱਚਾਈ ਦਾ ਸਾਥ ਦਿਤਾ ਹੈ। ਇਸ ਮੌਕੇ ਸਾਬਕਾ ਵਿਧਾਇਕ ਧਨਵੰਤ ਸਿੰਘ, ਕੌਮੀ ਸ਼ੂਟਰ ਸੁਮਿੱਤ ਸਿੰਘ ਮਾਨ, ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਐਡਵੋਕੇਟ ਬਲਜੀਤ ਸਿੰਘ ਸਿੱਧੂ, ਐਡਵੋਕੇਟ ਮਿਲਨ ਮਾਨ, ਯੂਥ ਆਗੂ ਨਿੰਦੂ ਧੂਰੀ ਪਿੰਡ ਆਦਿ ਹਾਜ਼ਰ ਸਨ।
.ਫੋਟੋ ਨੰ: 28 ਐਸਐਨਜੀ 20