
'ਕਾਨੂੰਨ ਵਾਪਸ ਲਉ ਨਹੀਂ ਤਾਂ ਪੰਜਾਬੀ ਜਾਣਦੇ ਨੇ ਅਪਣਾ ਹੱਕ ਲੈਣਾ'
ਬਟਾਲਾ, 28 ਸਤੰਬਰ (ਬਲਵਿੰਦਰ ਭੱਲਾ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਅਤੇ ਰਾਸ਼ਟਰਪਤੀ ਵਲੋਂ ਮੋਹਰ ਲਗਾਉਣ ਨਾਲ ਕਾਨੂੰਨ ਬਣੇ ਖੇਤੀਬਾੜੀ ਦੇ ਤਿੰਨ ਬਿਲਾਂ ਨੂੰ ਲੈ ਕੇ ਕਿਸਾਨਾਂ ਦਾ ਰੋਸ ਹੋਰ ਪ੍ਰਚੰਡ ਹੋ ਗਿਆ ਹੈ। ਕਿਸਾਨਾਂ ਦੇ ਰੋਸ 'ਤੇ ਸੰਘਰਸ਼ 'ਚ ਸ਼ਾਮਲ ਹੁੰਦਿਆਂ ਪੰਜਾਬ ਦੇ ਗਾਇਕਾਂ ਨੇ ਵੀ ਕਮਰਕੱਸੇ ਕਰ ਲਏ ਹਨ।
ਪ੍ਰਸਿੱਧ ਗਾਇਕ ਰਣਜੀਤ ਬਾਵਾ ਦੀ ਅਗਵਾਈ 'ਚ ਬਟਾਲਾ 'ਚ ਨੈਸ਼ਨਲ ਹਾਈਵੇ ਜੰਮੂ-ਅੰਮ੍ਰਿਤਸਰ ਤੇ ਬਟਾਲਾ 'ਚ ਪੰਜਾਬ ਭਰ ਦੇ ਗਾਇਕਾਂ ਨੇ ਰਣਜੀਤ ਬਾਵਾ ਦੀ ਅਗਵਾਈ 'ਚ ਰੋਸ ਧਰਨਾ ਦੇ ਕੇ ਕੇਂਦਰ ਸਰਕਾਰ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ। ਗਾਇਕ ਰਣਜੀਤ ਬਾਵਾ ਤੇ ਪੰਜਾਬ ਦੇ ਪ੍ਰਸਿਧ ਗਇਕਾਂ ਵਲੋਂ ਰੋਸ ਧਰਨੇ 'ਚ ਸ਼ਾਮਲ ਹੋ ਕੇ ਮਝੈਲਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਅਪਣੇ ਹੱਕਾਂ ਨੂੰ ਲੈਣ ਲਈ ਉਠੋ ਤੇ ਸੰਘਰਸ਼ ਕਰੋ। ਇਸ ਰੋਸ ਧਰਨੇ 'ਚ ਕਿਸਾਨਾਂ ਦੇ ਨਾਲ-ਨਾਲ ਨੌਜਵਾਨਾਂ ਦਾ ਹੜ੍ਹ ਵੀ ਆਇਆ ਹੋਇਆ ਹੈ।
ਪ੍ਰਸਿਧ ਗਾਇਕ ਰਣਜੀਤ ਬਾਵਾ ਦੇ ਨਾਲ-ਨਾਲ ਕੰਵਰ ਗਰੇਵਾਲ, ਹਰਭਜਨ ਮਾਨ, ਐਮੀ ਵਿਰਕ, ਜਗਦੀਪ ਰੰਧਾਵਾ, ਗੁਰਵਿੰਦਰ ਬਰਾੜ, ਹਰਫ਼ ਚੀਮਾ, ਦੀਪ ਸਿੱਧੂ, ਲੱਖਾ ਸਿਧਾਣਾ, ਗੁਰਸ਼ਰਨ ਸਿੰਘ ਛੀਨਾ ਅਤੇ ਹੋਰ ਗਾਇਕਾਂ ਨੇ ਕੇਂਦਰ ਸਰਕਾਰ ਵਲੋਂ ਮੋਦੀ ਸਰਕਾਰ ਵਲੋਂ ਕਾਨੂੰਨ ਬਣਾਏ ਖੇਤੀ ਬਿਲਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਰਥਕ ਤੌਰ 'ਤੇ ਮਾਰਨ ਵਾਸਤੇ ਇਹ ਕਾਨੂੰਨ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦਾ ਪਾਣੀ, ਮਾਂ ਬੋਲੀ ਤੇ ਹੋਰ ਵਿਰਾਸਤੀ ਹੱਕ ਕੇਂਦਰ ਨੇ ਪਹਿਲਾਂ ਹੀ ਖੋਹ ਲਏ ਹਨ ਅਤੇ ਹੁਣ ਕਿਸਾਨਾਂ ਨੂੰ ਕੱਖੋਂ ਹੌਲਿਆਂ ਕਰਨ ਲਈ ਇਹ ਖੇਤੀਬਾੜੀ ਆਰਡੀਨੈਂਸਾਂ ਨੂੰ ਕਾਨੂੰਨ ਬਣਾ ਦਿਤਾ ਹੈ। ਗਾਇਕਾਂ ਨੇ ਕੇਂਦਰ ਸਰਕਾਰ ਨੂੰ ਅਪਣੇ ਫ਼ੈਸਲੇ ਬਦਲਣ ਲਈ ਅਪੀਲ ਕਰਦਿਆਂ ਕਿਹਾ ਕਿ ਉਹ ਇਹ ਕਾਨੂੰਨ ਵਾਪਸ ਲੈਵੇ ਨਹੀਂ ਤਾ ਪੰਜਾਬੀ ਅਪਣਾ ਹੱਕ ਲੈਣਾ ਜਾਣਦੇ ਹਨ। ਇਸ ਸੰਘਰਸ਼ 'ਚ ਭਾਰਤੀ ਕਿਸਾਨ ਯੂਨੀਆਨ ਯੂਨੀਅਨਾਂ ਸਮਾਜ ਸੇਵੀ ਸੰਸਥਾਵਾਂ ਸਮੇਤ ਨੌਜਵਾਨ ਵਰਗ ਨੇ ਭਾਰੀ ਸਮਰਥਨ ਦਿਤਾ।
ਫ਼ੋਟੋ : ਬਟਾਲਾ--ਸਿੰਗਰ