
ਟੋਕੀਉ ਉਲੰਪਿਕ ’ਚ ਕਾਂਸੀ ਤਗ਼ਮਾ ਜੇਤੂ ਸੁਰਿੰਦਰ ਕੁਮਾਰ ਨੂੰ ਬੀਬੀ ਜਗੀਰ ਕੌਰ ਨੇ ਪੰਜ ਲੱਖ ਦਾ ਚੈੱਕ ਦਿਤਾ
ਅੰਮ੍ਰਿਤਸਰ, 28 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਟੋਕੀਉ ਉਲੰਪਿਕ ਵਿਚੋਂ ਕਾਂਸੀ ਤਮਗ਼ਾ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੁਰਿੰਦਰ ਕੁਮਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਪੰਜ ਲੱਖ ਰੁਪਏ ਦੀ ਸਨਮਾਨਤ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਇਹ ਚੈੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਰਿੰਦਰ ਕੁਮਾਰ ਨੂੰ ਦਿਤਾ। ਭਾਰਤੀ ਹਾਕੀ ਟੀਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਵਿਸ਼ੇਸ਼ ਸਮਾਗਮ ਕਰ ਕੇ ਇਕ ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਸੀ, ਜਿਸ ਦੌਰਾਨ ਹਰ ਖਿਡਾਰੀ ਨੂੰ ਪੰਜ-ਪੰਜ ਲੱਖ ਰੁਪਏ ਦਿਤੇ ਗਏ ਸਨ। ਸੁਰਿੰਦਰ ਕੁਮਾਰ ਜੋ ਉਸ ਸਮੇਂ ਨਹੀਂ ਪੁੱਜ ਸਕੇ ਸਨ, ਨੂੰ ਅੱਜ ਸਨਮਾਨਤ ਰਾਸ਼ੀ ਦਾ ਚੈੱਕ ਦਿਤਾ ਗਿਆ।