
ਕੁਰਸੀ ਦੀ ਜੰਗ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਬੇਇੱਜ਼ਤੀ ਕਰ ਰਹੇ ਹਨ ਕਾਂਗਰਸੀ : ਭਗਵੰਤ ਮਾਨ
ਚੰਡੀਗੜ੍ਹ, 28 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿਤੇ ਅਚਨਚੇਤ ਅਸਤੀਫ਼ੇ ਉਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਪਣੇ ਲਈ ਕੁਰਸੀ ਦੀ ਲੜਾਈ 'ਚ ਕਾਂਗਰਸੀ ਆਗੂ ਪੰਜਾਬ ਅਤੇ ਪੰਜਾਬੀਆਂ ਦੀ ਬੇਇੱਜ਼ਤੀ ਕਰ ਰਹੇ ਹਨ |
ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ 'ਆਪ' ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੁਰਸੀ ਅਤੇ ਹੰਕਾਰ ਦੀ ਲੜਾਈ 'ਚ ਕਾਂਗਰਸੀ ਸਾਰੀਆਂ ਹੱਦਾਂ ਟੱਪ ਗਏ | ਮਾਨ ਮੁਤਾਬਕ ''ਪੰਜਾਬ ਕਦੇ ਵੀ ਐਨਾ ਬੇਇੱਜ਼ਤ ਨਹੀਂ ਹੋਇਆ ਜਿੰਨਾ ਹਰ ਦਿਨ ਸਵੇਰੇ-ਸ਼ਾਮ ਕਲੰਕ ਦੇ ਟੀਕੇ ਲਾ-ਲਾ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਬੇਹਾਲ ਕਰ ਦਿਤਾ ਹੈ | ਇਨ੍ਹਾਂ ਦੀ ਕੁਰਸੀ ਦੀ ਭੁੱਖ ਕਿਸੇ ਨੂੰ ਵੀ ਸ਼ਰਮਿੰਦਾ ਕਰ ਸਕਦੀ ਹੈ | ਰੱਬ ਅੱਗੇ ਅਰਦਾਸ ਹੈ ਕਿ ਇਨ੍ਹਾਂ ਕੁਰਸੀ ਦੇ ਭੁੱਖੇ ਕਾਂਗਰਸੀਆਂ ਕੋਲੋਂ ਪੰਜਾਬ ਅਤੇ ਪੰਜਾਬੀਆਂ ਦਾ ਖਹਿੜਾ ਛੁਡਾਵੇ |''
ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਆਨ ਅਤੇ ਸ਼ਾਨ ਦੀ ਬਹਾਲੀ ਪੰਜਾਬ ਦੀ ਜਨਤਾ ਦੇ ਹੱਥ ਵਿਚ ਹੈ | ਬਾਦਲਾਂ ਵਾਂਗ ਕਾਂਗਰਸੀਆਂ ਨੂੰ ਵੀ ਸੱਤਾ 'ਚ ਬਣੇ ਰਹਿਣ ਦਾ ਇਕ ਮਿੰਟ ਦਾ ਵੀ ਅਧਿਕਾਰ ਨਹੀਂ ਰਿਹਾ | ਇਨ੍ਹਾਂ ਦੀਆਂ ਜੜ੍ਹਾਂ ਉਖਾੜਨ ਦਾ ਸਮਾਂ ਆ ਗਿਆ ਹੈ | ਪੰਜਾਬ ਦੀ ਸਿਆਸਤ 'ਚ ਅੱਜ ਕੇਵਲ ਆਮ ਆਦਮੀ ਪਾਰਟੀ ਹੀ ਬਚੀ ਹੈ ਜਿਸ 'ਤੇ ਲੋਕ ਭਰੋਸਾ ਕਰ ਸਕਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਅਪਣੀ ਭਰੋਸੇਯੋਗਤਾ ਲਗਾਤਾਰ ਤੀਜੀ ਵਾਰ ਸਾਬਤ ਕੀਤੀ ਹੈ | ਮਾਨ ਨੇ ਟਿਪਣੀ ਕਰਦਿਆਂ ਕਿਹਾ ਕਿ ਜੇਕਰ ਅੱਜ ਵੀ ਕਾਂਗਰਸ ਨਵਜੋਤ ਸਿੰਘ ਸਿੱਧੂ ਲਈ 'ਸੁਪਰ ਸੀ.ਐਮ' ਦੀ ਇਕ ਵਖਰੀ ਕੁਰਸੀ ਲਾ ਦੇਵੇ ਤਾਂ ਨਵਜੋਤ ਸਿੰਘ ਸਿੱਧੂ ਝੱਟ ਸ਼ਾਂਤ ਹੋ ਜਾਣਗੇ |
ਐਸਏਐਸ-ਨਰਿੰਦਰ-28-6ਏ