
ਮਾਲ ਵਿਭਾਗ ਵਲੋਂ ਈ-ਗਿਰਦਾਵਰੀ ਦੇ ਵੇਰਵੇ ਨਾਗਰਿਕਾਂ ਲਈ ਉਪਲਬਧ ਕਰਵਾਏ ਜਾਣਗੇ : ਵਿਸ਼ੇਸ਼ ਮੁੱਖ ਸਕੱਤਰ ਮਾਲ
ਚੰਡੀਗੜ੍ਹ, 28 ਸਤੰਬਰ (ਸ.ਸ.ਸ.) : ਮਾਲ ਵਿਭਾਗ ਵਲੋਂ ਪੰਜਾਬ ਵਿਚ ਈ-ਗਿਰਦਾਵਰੀ ਸ਼ੁਰੂ ਕਰਨ ਦੀ ਪਹਿਲ ਕੀਤੀ ਗਈ ਹੈ। ਇਹ ਪ੍ਰੋਗਰਾਮ, ਜਿਸ ਨੂੰ ਗਿਰਦਾਵਰੀ ਕਿਹਾ ਜਾਂਦਾ ਹੈ ਜੋ ਕਿ ਸਾਲ ਵਿਚ ਦੋ ਵਾਰ ਕਰਵਾਈ ਜਾਂਦੀ ਹੈ, ਜਿਸ ਤਹਿਤ ਫਸਲ ਨਿਰੀਖਣ ਦੇ ਰਿਕਾਰਡ ਕਰਨ ਵਿੱਚ ਕਾਰਜਕੁਸ਼ਲਤਾ, ਸਟੀਕਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਂਦੀ ਹੈ।
ਇਸ ਮਹੱਤਵਪੂਰਨ ਕਾਰਜ ਨੂੰ ਨੇਪਰੇ ਚਾੜ੍ਹਨ ਲਈ, ਮਾਲ ਵਿਭਾਗ ਵਿੱਚ ਪੀਐਲਆਰਐਸ ਦੀ ਤਕਨੀਕੀ ਟੀਮ ਨੇ ਫ਼ਸਲ ਦੇ ਵੇਰਵੇ ਹਾਸਲ ਕਰਨ ਲਈ ਸਾਫ਼ਟਵੇਅਰ ਅਤੇ ਮੋਬਾਈਲ ਐਪ ਤਿਆਰ ਕੀਤੀ ਹੈ। ਪੰਜਾਬ ਵਿਚ 2.21 ਕਰੋੜ ਤੋਂ ਵੱਧ ਖਸਰਾ ਹਨ ਅਤੇ ਡਾਟਾ ਐਂਟਰੀ ਦੀ ਪ੍ਰਕਿਰਿਆ 17 ਅਗੱਸਤ, 2021 ਨੂੰ ਸ਼ੁਰੂ ਕੀਤੀ ਗਈ ਸੀ।
ਵਿਸ਼ੇਸ਼ ਮੁੱਖ ਸਕੱਤਰ (ਮਾਲ) ਸ੍ਰੀਮਤੀ ਰਵਨੀਤ ਕੌਰ ਨੇ ਵੀਡੀਉ ਕਾਨਫ਼ਰੰਸ ਰਾਹੀਂ ਆਯੋਜਤ ਮੀਟਿੰਗਾਂ ਵਿਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਕਾਰਜ ਨੂੰ 30 ਸਤੰਬਰ, 2021 ਤੋਂ ਪਹਿਲਾਂ ਮੁਕੰਮਲ ਕਰਨ ਲਈ ਵਿਸਥਾਰਤ ਨਿਰਦੇਸ਼ ਦਿਤੇ।
ਡਾਟਾ ਐਂਟਰੀ ਦੇ ਕੰਮ ਦੀ ਵੀਡੀਉ ਕਾਨਫ਼ਰੰਸ ਰਾਹੀਂ ਨਿਯਮਤ ਤੌਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਡੀਐਲਆਰ-ਕਮ-ਮੈਂਬਰ ਸਕੱਤਰ, ਪੀਐਲਆਰਐਸ ਵਲੋਂ ਐਸਸੀਐਸ (ਮਾਲ) ਦੇ ਨਾਲ ਪਠਾਨਕੋਟ, ਗੁਰਦਾਸਪੁਰ, ਐਸਬੀਐਸ ਨਗਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦਾ ਦੌਰਾ ਵੀ ਕੀਤਾ ਗਿਆ। ਪੀਐਲਆਰਐਸ ਦੇ ਪ੍ਰਸਾਸਨ ਅਤੇ ਡਾਟਾ ਐਂਟਰੀ ਆਪਰੇਟਰਾਂ ਨੇ ਡਾਟਾ ਐਂਟਰੀ ਦੇ ਕਾਰਜ ਨੂੰ ਮੁਕੰਮਲ ਕਰਨ ਲਈ ਦਿਨ-ਰਾਤ ਕੰਮ ਕੀਤਾ। ਇਸ ਅਭਿਆਸ ਵਿਚ ਸ਼ਾਮਲ ਸਾਰੇ ਲੋਕਾਂ ਦੇ ਅਣਥੱਕ ਯਤਨਾਂ ਦੇ ਸਿੱਟੇ ਵਜੋਂ, 2.21 ਕਰੋੜ ਖਸਰਾ ਦੀ ਡਾਟਾ ਐਂਟਰੀ ਦਾ ਇਹ ਕੰਮ ਨਿਰਧਾਰਤ ਮਿਤੀ ਤੋਂ ਪਹਿਲਾਂ 27 ਸਤੰਬਰ, 2021 ਨੂੰ ਮੁਕੰਮਲ ਕੀਤਾ ਗਿਆ ਅਤੇ ਇਹ ਕੰਮ 800 ਤੋਂ ਵੱਧ ਡਾਟਾ ਐਂਟਰੀ ਆਪਰੇਟਰਾਂ ਦੀ ਸਹਾਇਤਾ ਨਾਲ ਨੇਪਰੇ ਚਾੜਿ੍ਹਆ ਗਿਆ।
ਵਿਸ਼ੇਸ਼ ਮੁੱਖ ਸਕੱਤਰ (ਮਾਲ) ਸ੍ਰੀਮਤੀ ਰਵਨੀਤ ਕੌਰ ਨੇ ਦੱਸਿਆ ਕਿ ਡਿਜੀਟਾਈਜਡ ਰਿਕਾਰਡ ਬਹੁਤ ਜਲਦ ਨਾਗਰਿਕਾਂ ਲਈ ਪਬਲਿਕ ਡੁਮੇਨ ਵਿੱਚ ਉਪਲਬਧ ਕਰਵਾ ਦਿੱਤਾ ਜਾਵੇਗਾ ਅਤੇ ਨਾਗਰਿਕ ਗਲਤ ਗਿਰਦਾਵਰੀ ਬਾਰੇ ਆਨਲਾਈਨ ਸਕਿਾਇਤਾਂ ਦਰਜ ਕਰ ਸਕਦੇ ਹਨ।