
ਕਾਂਗੜ ਦੀ ਵਜ਼ੀਰੀ ਖੁਸ ਜਾਣ 'ਤੇ ਅਕਾਲੀ ਸਮਰਥਕਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ
ਕਾਂਗੜ ਨੇ ਕਿਹਾ, ਲੱਡੂ ਵੰਡਣ ਵਾਲਿਆਂ ਦਾ ਵਾਹਿਗੁਰੂ ਭਲਾ ਕਰੇ, ਸੁਮੱਤ ਬਖ਼ਸ਼ੇ
ਰਾਮਪੁਰਾ ਫੂਲ, 28 ਸਤੰਬਰ (ਹਰਿੰਦਰ ਬੱਲੀ): ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਮਾਲ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਦੀ ਵਜ਼ੀਰੀ ਖੁਸ ਜਾਣ 'ਤੇ ਫੂਲ ਹਲਕੇ ਨਾਲ ਸਬੰਧਤ ਅਕਾਲੀਆਂ ਨੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ ਜਿਸ ਦਾ ਜਿਥੇ ਸਿਰਕੱਢ ਕਾਂਗਰਸੀ ਆਗੂਆਂ ਨੇ ਬੁਰਾ ਮਨਾਇਆ ਹੈ, ਉਥੇ ਖ਼ੁਦ ਗੁਰਪ੍ਰੀਤ ਸਿੰਘ ਕਾਂਗੜ ਨੇ ਗੁੱਸੇ ਜਾਂ ਰੋਸ ਦਾ ਇਜ਼ਹਾਰ ਕਰਨ ਦੀ ਥਾਂ ਹਲੀਮੀ ਵਾਲਾ ਰਾਹ ਅਪਣਾਇਆ ਹੈ | ਲੱਡੂ ਵੰਡਣ ਵਾਲਿਆਂ ਦੀ ਇਕ ਵੀਡੀਉ ਹਲਕੇ ਵਿਚ ਘੁੰਮ ਰਹੀ ਹੈ ਜਿਸ ਰਾਹੀਂ ਉਹ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਹਨ |
ਪਿ੍ਤਪਾਲ ਸਿੰਘ ਪਾਲੀ ਅਤੇ ਨਿਰਮਲ ਸਿੰਘ ਮਹਿਰਾਜ, ਜੋ ਟਰੱਕ ਅਪਰੇਟਰ ਵੀ ਹਨ ਤੇ ਉਨ੍ਹਾਂ ਦੇ ਕੁੱਝ ਹੋਰ ਸਮਰਥਕ ਇਸ ਵੀਡੀਉ ਵਿਚ ਲੋਕਾਂ ਨੂੰ ਲੱਡੂ ਵੰਡਣ ਤੋਂ ਪਹਿਲਾਂ ਸੰਬੋਧਨ ਵੀ ਕਰਦੇ ਹਨ | ਉਹ ਕਹਿੰਦੇ ਸੁਣਾਈ ਦਿੰਦੇ ਹਨ ਕਿ ਕਾਂਗੜ ਨੂੰ ਵਜ਼ੀਰੀ ਤੋਂ ਉਤਾਰ ਕੇ ਚੰਨੀ (ਮੁੱਖ ਮੰਤਰੀ ਪੰਜਾਬ) ਨੇ ਚੰਗਾ ਕੰਮ ਕੀਤਾ ਹੈ ਤੇ ਇਸ ਦੀ ਉਨ੍ਹਾਂ ਨੂੰ ਖ਼ੁਸ਼ੀ ਹੋਈ ਹੈ ਜਿਸ ਦਾ ਇਜ਼ਹਾਰ ਉਹ ਲੱਡੂ ਵੰਡ ਕੇ ਕਰ ਰਹੇ ਹਨ | ਇਸੇ ਦੌਰਾਨ ਸੂਤਰਾਂ ਅਨੁਸਾਰ ਸ਼ਹਿਰ ਦੇ ਇਕ ਹੋਰ ਨੌਜਵਾਨ ਅਕਾਲੀ ਆਗੂ ਨੇ ਕਿਹਾ ਹੈ ਕਿ ਕਾਂਗੜ ਦੀ ਵਜ਼ੀਰੀ ਖੁਸ ਜਾਣ ਤੇ ਉਨ੍ਹਾਂ ਨੇ ਵੀ ਇਕ ਦੂਜੇ ਦੇ ਲੱਡੂਆਂ ਨਾਲ ਮੂੰਹ ਮਿੱਠੇ ਕਰਵਾਏ ਹਨ | ਉਧਰ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਲੱਡੂ ਵੰਡਣ ਵਾਲਿਆਂ ਨਾਲ ਨਿਮਰਤਾ ਨਾਲ ਪੇਸ਼ ਆਏ ਹਨ | ਉਨ੍ਹਾਂ ਕਿਹਾ ਕਿ ਜ਼ਿੰਦਗੀ ਅਤੇ ਰਾਜਨੀਤੀ ਵਿਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ, ਕੋਈ ਗੱਲ ਨਹੀਂ | ਉਨ੍ਹਾਂ ਕਿਹਾ ਕਿ ਲੱਡੂ ਵੰਡਣ ਵਾਲਿਆਂ ਨੂੰ ਵਾਹਿਗੁਰੂ ਸੁਮੱਤ ਬਖ਼ਸ਼ੇ ਅਤੇ ਵਾਹਿਗੁਰੂ ਇਨ੍ਹਾਂ ਲੋਕਾਂ ਦਾ ਵੀ ਭਲਾ ਕਰੇ |
ਕਾਂਗੜ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਤੋਂ ਕਰੋੜਾਂ ਦੇ ਪ੍ਰਾਜੈਕਟ ਲਿਆ ਕੇ, ਕਰੋੜਾਂ ਦੇ ਵਿਕਾਸ ਕਾਰਜ ਕਰਵਾ ਕੇ ਉਨ੍ਹਾਂ ਨੇ ਹਲਕੇ ਦੇ ਲੋਕਾਂ ਦੀ ਤਨੋਂ ਮਨੋਂ ਸੇਵਾ ਕੀਤੀ ਹੈ ਅਤੇ ਹੁਣ ਭਵਿੱਖ ਵਿਚ ਹੋਰ ਵੀ ਤਕੜੇ ਹੋ ਕੇ ਕਾਂਗਰਸ ਪਾਰਟੀ ਅਤੇ ਹਲਕੇ ਦੀ ਸੇਵਾ ਕਰਨਗੇ | ਉਨ੍ਹਾਂ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੱਡੂ ਵੰਡਣ ਵਾਲਿਆਂ ਦੀ ਕਾਰਵਾਈ ਤੋਂ ਬੁਖਲਾਹਟ ਵਿਚ ਨਾ ਆਉਣ, ਸਗੋਂ ਸੰਜਮ ਅਤੇ ਅਮਨ ਸ਼ਾਂਤੀ ਰੱਖਣ | ਇਸੇ ਦੌਰਾਨ ਮਾਰਕੀਟ ਕਮੇਟੀ ਰਾਮਪੁਰਾ ਦੇ ਚੇਅਰਮੈਨ ਸੰਜੀਵ ਧੀਂਗੜਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੁਨੀਲ ਕੁਮਾਰ ਬਿੱਟਾ, ਮਹਿਰਾਜ ਅਤੇ ਭਾਈਰੂਪਾ ਨਗਰ ਪੰਚਾਇਤਾਂ ਦੇ ਪ੍ਰਧਾਨਾਂ ਕ੍ਰਮਵਾਰ ਗੁਰਪ੍ਰੀਤ ਸਿੰਘ ਬੀਰਾ ਅਤੇ ਤੀਰਥ ਸਿੰਘ ਭਾਈਰੂਪਾ ਨੇ ਕਿਹਾ ਹੈ ਕਿ ਉਕਤ ਅਕਾਲੀ ਆਗੂ, ਜੋ ਅਪਣੇ ਆਪ ਨੂੰ ਟਰੱਕ ਅਪਰੇਟਰ ਵੀ ਕਹਿ ਰਹੇ ਹਨ ਨੇ ਕਿਹਾ ਕਿ ਲੱਡੂ ਵੰਡਣ ਵਾਲੇ ਉਕਤ ਆਗੂਆਂ ਨੂੰ ਇਹ ਸ਼ੋਭਾ ਨਹੀਂ ਦਿੰਦਾ | ਉਨ੍ਹਾਂ ਵੀ ਕਾਂਗੜ ਦੀ ਸੁਰ ਵਿਚ ਸੁਰ ਮਿਲਾਉਂਦਿਆਂ ਕਿਹਾ ਕਿ ਕਾਂਗਰਸੀ ਵਰਕਰ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਨਾਲ ਕੰਮ ਕਰਨਗੇ ਪ੍ਰੰਤੂ ਲੱਡੂ ਵੰਡਣ ਵਾਲਿਆਂ ਨੂੰ ਸਸਤੀ ਰਾਜਨੀਤੀ ਤੋਂ ਪਰਹੇਜ ਕਰਨਾ ਚਾਹੀਦਾ ਹੈ ਅਤੇ ਨਾ ਹੀ ਕੋਈ ਅਜਿਹੇ ਨਫ਼ਰਤ ਭਰੇ ਵਰਤਾਰੇ ਨੂੰ ਪਸੰਦ ਕਰਦਾ ਹੈ |
ਫੋਟੋ:28ਸਤੰਬਰ,01ਕੈਪਸਨ: ਰਾਮਪੁਰਾ ਫੂਲ ਵਿਖੇ ਲੱਡੂ ਵੰਡਦੇ ਹੋਏ ਅਕਾਲੀ ਆਗੂ |