 
          	ਗੁਰਦਵਾਰੇ ਦੀ ਥਾਂ ’ਤੇ ਉਸਾਰੀਆਂ ਜਾ ਰਹੀਆਂ ਦੁਕਾਨਾਂ ਦਾ ਗੁਰਦਵਾਰਾ ਕਮੇਟੀ ਵਲੋਂ ਵਿਰੋਧ ਕਰਨ ਤੇ ਪੰਚਾਇਤ ਆਗੂਆਂ ਨੇ ਚਲਾਈਆਂ ਗੋਲੀਆਂ, ਇਕ ਜ਼ਖ਼ਮੀ
ਭਿੱਖੀਵਿੰਡ, 28 ਸਤੰਬਰ (ਗੁਰਪ੍ਰਤਾਪ ਸਿੰਘ ਜੱਜ): ਕਾਂਗਰਸੀ ਸਰਪੰਚ ਵਲੋਂ ਬਾਬਾ ਜੀਵਨ ਸਿੰਘ ਦੇ ਗੁਰਦਵਾਰਾ ਅਸਥਾਨ ਪਿੰਡ ਦਿਆਲਪੁਰ ਵਿਚ ਗੁੰਡਾਗਰਦੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੀ ਥਾਂ ਵਿਚ ਧੱਕੇ ਨਾਲ ਦੁਕਾਨਾਂ ਦੀ ਉਸਾਰੀ ਕਰ ਉਨ੍ਹਾਂ ਨੂੰ ਵੇਚਣ ਸਬੰਧੀ ਮਾਮਲੇ ਦਾ ਗੁਰਦੁਆਰਾ ਕਮੇਟੀ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਇਸ ਚਲ ਰਹੇ ਵਿਵਾਦ ਦੌਰਾਨ ਬੀਤੀ ਰਾਤ ਇਕੱਤਰ ਹੋ ਕੇ ਸਰਪੰਚ ਅਤੇ ਉਸ ਦੇ ਕੁੱਝ ਸਾਥੀਆਂ ਨੇ ਗੁਰਦੁਆਰਾ ਸਾਹਿਬ ਵਿਚ ਇੱਟਾਂ-ਰੋੜੇ ਅਤੇ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਦਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਕੰਧ ’ਤੇ ਪੰਚਾਇਤ ਵਲੋਂ ਜ਼ਬਰਦਸਤੀ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਇਹ  ਵਿਵਾਦ ਕਾਫ਼ੀ ਦਿਨਾਂ ਤੋਂ ਚਲਦਾ ਆ ਰਿਹਾ ਸੀ ਪਰ ਬੀਤੀ ਦੇਰ ਰਾਤ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਸ਼ਰੇਆਮ ਗੁੰਡਾਗਰਦੀ ਦਿਖਾਉਂਦੇ ਹੋਏ ਨਾਲ ਹੋਰ ਗੁੰਡਾ ਅਨਸਰਾਂ ਨੂੰ ਲੈ ਕੇ ਰਾਤ ਸਮੇਂ ਗੁਰਦੁਆਰਾ ਸਾਹਿਬ ’ਤੇ ਹਮਲਾ ਕਰ ਦਿਤਾ ਅਤੇ ਗੁਰਦੁਆਰਾ ਸਾਹਿਬ ਵਿਚ ਇੱਟਾਂ ਰੋੜੇ ਅਤੇ ਗੋਲੀਆਂ ਚਲਾਈਆਂ ਜਿਸ ਕਾਰਨ ਇਕ ਵਿਅਕਤੀ ਦੀ ਗਰਦਨ ਵਿਚ ਗੋਲੀ ਲੱਗ ਗਈ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਫ਼ਿਲਹਾਲ ਜ਼ਖ਼ਮੀ ਵਿਅਕਤੀ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਕੱਚਾ ਪੱਕਾ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਡੀਐਸਪੀ ਲਖਬੀਰ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਵਿਚ ਸਰਪੰਚ ਸਮੇਤ 7 ਵਿਅਕਤੀਆ ਨੂੰ ਕਾਬੂ ਕਰ ਘਟਨਾ ਵਿਚ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਹਨ। 
 
 
                     
                
 
	                     
	                     
	                     
	                     
     
                     
                     
                     
                     
                    