
ਸਿੱਧੂ ਨੇ ਅਸਤੀਫ਼ਾ ਦੇ ਕੇ ਕਾਂਗਰਸ ਹਾਈਕਮਾਂਡ ਨੂੰ ਵੰਗਾਰਿਆ : ਸੁਖਦੇਵ ਸਿੰਘ ਢੀਂਡਸਾ
ਪਟਿਆਲਾ, 28 ਸਤੰਬਰ (ਦਲਜਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਕੇ ਕਾਂਗਰਸ ਹਾਈਕਮਾਂਡ ਨੂੰ ਵੰਗਾਰਿਆ ਹੈ | ਸ. ਢੀਂਡਸਾ ਨੇ ਕਿਹਾ ਕਿ ਕਾਂਗਰਸ 'ਚ ਚੱਲ ਰਿਹਾ ਆਪਸੀ ਕਾਟੋ ਕਲੇਸ਼ ਪੰਜਾਬ ਦੇ ਭਵਿੱਖ ਦਾ ਕੁਝ ਨਹੀਂ ਸਵਾਰ ਸਕਦਾ | ਇਹ ਪ੍ਰਗਟਾਵਾ ਸੁਖਦੇਵ ਸਿੰਘ ਢੀਂਡਸਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ |
ਉਨ੍ਹਾਂ ਕਿਹਾ ਕਿ ਕਾਂਗਰਸ 'ਚ ਚੱਲ ਰਹੀ ਉਥਲ-ਪੁਥਲ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ 'ਚ ਹਮੇਸ਼ਾ ਅਹੁਦਿਆਂ ਪਿੱਛੇ ਖੜਕੀ ਹੈ ਅਤੇ ਹੁਣ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਖੜਕਾਏ ਜਾ ਰਹੇ ਭਾਂਡੇ ਇਹ ਸਪੱਸ਼ਟ ਕਰਦੇ ਹਨ ਕਿ ਕਾਂਗਰਸ ਦੇ ਹੱਥਾਂ 'ਚ ਪੰਜਾਬ ਦਾ ਭਵਿੱਖ ਸੁਰੱਖਿਅਤ ਨਹੀਂ | ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੀ ਕਾਲ 'ਤੇ ਭਾਰਤ ਬੰਦ ਨੂੰ ਵੱਡਾ ਸਮਰਥਨ ਮਿਲਿਆ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਵਾਜਿਬ ਮੰਗ ਨੂੰ ਪ੍ਰਵਾਨ ਕਰਦੇ ਹੋਏ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਖੇਤੀ ਕਾਨੂੰਨ ਨਾ ਕਿਸਾਨਾਂ ਦੇ ਹਿੱਤ ਵਿਚ ਹਨ ਅਤੇ ਨਾ ਹੀ ਕਿਸਾਨਾਂ ਦੇ ਭਵਿੱਖ ਲਈ ਬੇਹਤਰ ਹਨ ਇਸ ਕਰਕੇ ਜੋ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਪ੍ਰਵਾਨ ਨਹੀਂ ਅਜਿਹੇ ਕਾਨੂੰਨ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਗੱਲਬਾਤ ਰਾਹੀਂ ਕਈ ਵਾਰ ਆਪਣੀ ਮੰਗ ਉਠਾਈ ਗਈ, ਪਰ ਜਾਣ ਬੁੱਝ ਕੇ ਗੱਲਬਾਤ ਦਾ ਬਹਾਨਾ ਬਣਾ ਕੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਿਸਾਨਾਂ ਦਾ ਸਬਰ ਪਰਖਣ 'ਤੇ ਲੱਗੇ ਹੋਏ ਹਨ, ਜੋ ਕਿਸੇ ਵੀ ਸੂਰਤ 'ਚ ਜਾਇਜ਼ ਨਹੀਂ ਹੈ | | ਸ. ਢੀਂਡਸਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸੰਯੂਕਤ ਸਿਧਾਂਤਕ ਪਾਰਟੀ ਹੈ ਅਤੇ ਗੈਰ-ਸੰਵਿਧਾਨਕ ਵਿਅਕਤੀਆਂ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਜਨਰਲ ਸਕੱਤਰ ਤੇਜਿੰਦਰਪਾਲ ਸਿੰਘ ਸੰਧੂ, ਪਾਰਟੀ ਦੇ ਬੁਲਾਰੇ ਸਵਰਾਜ ਘੁੰਮਣ ਆਦਿ ਸ਼ਾਮਲ ਸਨ |
ਫੋਟੋ ਨੰ 28ਪੀਏਟੀ. 9
ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਗੱਲਬਾਤ ਦੌਰਾਨ, ਨਾਲ ਹਨ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਤੇਜਿੰਦਰਪਾਲ ਸਿੰਘ ਸੰਧੂ ਅਤੇ ਸਵਰਾਜ ਘੁੰਮਣ |