
ਹਿਜਾਬ ਦੇ ਵਿਰੋਧ 'ਚ ਤੁਰਕੀ ਦੀ ਮਸ਼ਹੂਰ ਗਾਇਕਾ ਨੇ ਸਟੇਜ 'ਤੇ ਕੱਟੇ ਵਾਲ
ਤਹਿਰਾਨ/ਅੰਕਾਰਾ, 28 ਸਤੰਬਰ : ਈਰਾਨ 'ਚ 22 ਸਾਲਾ ਮਹਿਸਾ ਅਮੀਨੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਮਾਰ ਦਿਤੇ ਜਾਣ ਤੋਂ ਬਾਅਦ ਪੂਰੀ ਦੁਨੀਆਂ 'ਚ ਹਿਜਾਬ ਵਿਰੋਧੀ ਲਹਿਰ ਫੈਲ ਰਹੀ ਹੈ | ਹੁਣ ਅਰਬ ਦੇਸ਼ਾਂ 'ਚ ਜਿਥੇ ਔਰਤਾਂ ਨੇ ਵੀ ਹਿਜਾਬ ਦੀ ਜ਼ਰੂਰਤ ਵਿਰੁਧ ਲਿਖਣਾ ਸ਼ੁਰੂ ਕਰ ਦਿਤਾ ਹੈ, ਉਥੇ ਹੁਣ ਤੁਰਕੀ ਦੀ ਮਸ਼ਹੂਰ ਗਾਇਕਾ ਮੇਲੇਕ ਮੋਸੋ ਨੇ ਪਰਫ਼ਾਰਮੈਂਸ ਦਿੰਦੇ ਹੋਏ ਮਹਿਸਾ ਅਮੀਨੀ ਦੇ ਸਮਰਥਨ 'ਚ ਅਤੇ ਹਿਜਾਬ ਵਿਰੁਧ ਅਪਣੇ ਵਾਲ ਕੱਟ ਦਿਤੇ ਹਨ | ਸਟੇਜ 'ਤੇ ਉਨ੍ਹਾਂ ਦੇ ਵਾਲ ਕੱਟਣ ਦਾ ਵੀਡੀਉ ਪੂਰੀ ਦੁਨੀਆਂ 'ਚ ਵਾਇਰਲ ਹੋ ਰਿਹਾ ਹੈ |
ਤੁਰਕੀ ਦੀ ਗਾਇਕਾ ਮੇਲੇਕ ਮੋਸੋ ਈਰਾਨ ਵਿਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਵਿਚ ਸ਼ਾਮਲ ਹੋ ਗਈ ਹੈ ਅਤੇ ਉਨ੍ਹਾਂ ਨੇ ਈਰਾਨੀ ਔਰਤਾਂ ਦੇ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਸਟੇਜ 'ਤੇ ਅਪਣੇ ਵਾਲ ਕੱਟੇ ਹਨ | ਉਸ ਦੇ ਵਾਲ ਕੱਟਣ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕੈਂਚੀ ਨਾਲ ਅਪਣੇ ਵਾਲ ਕੱਟਦੀ ਨਜ਼ਰ ਆ ਰਹੀ ਹੈ | ਪਿਛਲੇ ਦਿਨੀਂ ਉਸ ਨੇ ਟਵਿੱਟਰ 'ਤੇ ਮਹਿਸਾ ਅਮੀਨੀ ਦੀ ਮੌਤ ਦਾ ਵਿਰੋਧ ਕਰਦੇ ਹੋਏ ਈਰਾਨੀ ਔਰਤਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ | ਮਹਿਸਾ ਅਮੀਨੀ ਦੀ ਮੌਤ ਦਾ ਪੂਰੇ ਈਰਾਨ 'ਚ ਵਿਰੋਧ ਹੋ ਰਿਹਾ ਹੈ ਅਤੇ ਹੁਣ ਇਹ ਪ੍ਰਦਰਸ਼ਨਕਾਰੀ ਸੱਤਾ ਬਦਲਣ ਦੀ ਮੰਗ ਕਰ ਰਹੇ ਹਨ | ਈਰਾਨੀ ਔਰਤਾਂ ਦੇਸ਼ ਦੇ ਕੱਟੜਪੰਥੀ ਇਸਲਾਮੀ ਸ਼ਾਸਨ ਨੂੰ ਉਖਾੜ ਸੁੱਟਣ ਦੀ ਮੰਗ ਕਰ ਰਹੀਆਂ ਹਨ ਅਤੇ ਆਪਣੇ ਲਈ ਪੂਰੀ ਆਜ਼ਾਦੀ ਅਤੇ ਅਧਿਕਾਰ ਦੀ ਮੰਗ ਕਰ ਰਹੀਆਂ ਹਨ | ਇਸ ਦੇ ਨਾਲ ਹੀ ਈਰਾਨ ਦੀ ਕੱਟੜਪੰਥੀ ਇਸਲਾਮਕ ਸਰਕਾਰ ਇਸ ਪ੍ਰਦਰਸ਼ਨ ਨੂੰ ਕੁਚਲਣ ਦੀ ਹਰ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਤਕ 75 ਤੋਂ ਵੱਧ ਪ੍ਰਦਰਸ਼ਨਕਾਰੀ ਮਾਰੇ ਜਾ ਚੁਕੇ ਹਨ | ਹਾਲਾਂਕਿ, ਈਰਾਨੀ ਅਧਿਕਾਰੀਆਂ ਨੇ ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ 41 ਦੱਸੀ ਹੈ | ਇਸ ਹਿੰਸਕ ਪ੍ਰਦਰਸ਼ਨ 'ਚ ਮਾਰੇ ਗਏ ਲੋਕਾਂ 'ਚ ਸੁਰੱਖਿਆ ਬਲਾਂ ਦੇ ਮੈਂਬਰ ਵੀ ਸ਼ਾਮਲ ਸਨ | (ਏਜੰਸੀ)