
ਭਰੋਸੇ ਦੀ ਵੋਟ ਦੇ ਮਤੇ ਨੂੰ ਲੈ ਕੇ ਹੀ ਅੱਜ ਫਿਰ ਵਿਧਾਨ ਸਭਾ 'ਚ 'ਆਪ' ਤੇ ਕਾਂਗਰਸ ਹੋਣਗੇ ਆਹਮੋ-ਸਾਹਮਣੇ
ਪ੍ਰਤਾਪ ਸਿੰਘ ਬਾਜਵਾ ਨੇ ਇਸ ਮਤੇ ਨੂੰ ਗ਼ੈਰ ਸੰਵਿਧਾਨਕ ਤੇ ਰਾਜਪਾਲ ਦੇ ਹੁਕਮਾਂ ਦਾ ਉਲੰਘਣ ਦਸਦਿਆਂ ਨਿੰਦਾ ਮਤੇ ਦਾ ਨੋਟਿਸ ਸਪੀਕਰ ਨੂੰ ਦਿਤਾ
ਚੰਡੀਗੜ੍ਹ, 28 ਸਤੰਬਰ (ਗੁਰਉਪਦੇਸ਼ ਭੁੱਲਰ): ਭਾਵੇਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ 29 ਸਤੰਬਰ ਨੂੰ ਦੂਜੇ ਦਿਨ ਦੇ ਨਿਰਧਾਰਤ ਏਜੰਡੇ ਵਿਚ ਗ਼ੈਰ ਸਰਕਾਰੀ ਕੰਮਕਾਰ ਹੋਣਾ ਹੈ ਅਤੇ ਇਸ ਵਿਚ ਕੁੱਝ ਗ਼ੈਰ ਸਰਕਾਰੀ ਮਤੇ ਬਹਿਸ ਲਈ ਰੱਖੇ ਜਾਣੇ ਹਨ ਪਰ ਜੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਰੁਖ਼ ਨੂੰ ਦੇਖਿਆ ਜਾਵੇ ਤਾਂ ਦੂਜੇ ਦਿਨ ਵੀ ਮੁੱਖ ਮੰਤਰੀ ਵਲੋਂ 27 ਸਤੰਬਰ ਨੂੰ ਪੇਸ਼ ਭਰੋਸੇ ਦੀ ਵੋਟ ਦੇ ਮਤੇ ਨੂੰ ਲੈ ਕੇ ਹੀ ਸੱਤਾਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਹਮੋ ਸਾਹਮਣੇ ਹੋਣਗੇ |
ਸੈਸ਼ਨ ਦੇ ਪਹਿਲੇ ਦਿਨ ਵਾਲੀ ਹੀ ਸ਼ੋਰ ਸ਼ਰਾਬੇ ਤੇ ਹੰਗਾਮੇ ਦੀ ਸਥਿਤੀ ਬਣਨ ਦੇ ਪੂਰੇ ਆਸਾਰ ਹਨ | ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਸਪੀਕਰ ਨੂੰ ਭਰੋਸੇ ਦਾ ਮਤਾ ਪੇਸ਼ ਕਰਨ ਨੂੰ ਅਸੰਵਿਧਾਨਕ ਤੇ ਰਾਜਪਾਲ ਦੇ ਹੁਕਮਾਂ ਦਾ ਉਲੰਘਣ ਦਸਦਿਆਂ ਮੁੱਖ ਮੰਤਰੀ ਵਿਰੁਧ ਨਿੰਦਾ ਮਤਾ ਲਿਆਉਣ ਦਾ ਨੋਟਿਸ ਵੀ ਅੱਜ ਭੇਜ ਦਿਤਾ ਹੈ | ਬਾਜਵਾ ਨੇ ਭੇਜੇ ਮਤੇ ਦੇ ਨੋਟਿਸ ਵਿਚ ਕਿਹਾ ਹੈ ਕਿ ਰਾਜਪਾਲ ਨੇ ਇਕ ਦਿਨ ਦਾ 22 ਸਤੰਬਰ ਦੇ ਸੈਸ਼ਨ ਭਰੋਸੇ ਦੀ ਵੋਟ ਦਾ ਮਤਾ ਅਸੰਵਿਧਾਨਕ ਹੋਣ ਕਾਰਨ ਹੀ ਰੱਦ ਕੀਤਾ ਸੀ ਪਰ 27 ਸਤੰਬਰ ਦੇ ਸੈੈਸ਼ਨ ਬਾਰੇ ਰਾਜਪਾਲ ਨੂੰ ਭੇਜੇ ਏਜੰਡੇ ਵਿਚ ਨਿਰਧਾਰਤ ਵਿਸ਼ਿਆਂ ਪਰਾਲੀ, ਬਿਜਲੀ ਤੇ ਜੀ.ਐਸ.ਟੀ. 'ਤੇ ਬਹਿਸ ਕਰਵਾਉਣ ਦੀ ਥਾਂ ਸੱਭ ਤੋਂ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਵਿਚ ਭਰੋਸੇ ਦੇ ਵੋਟ ਦਾ ਮਤਾ ਹੀ ਮੁੱਖ ਮੰਤਰੀ ਵਲੋਂ ਪੇਸ਼ ਕਰ ਦਿਤਾ ਗਿਆ | ਇਸ ਦਾ ਵਿਰੋਧ ਕਰਨ 'ਤੇ ਕਾਂਗਰਸ ਦੇ ਸਾਰੇ ਮੈਂਬਰਾਂ ਨੂੰ ਇਕ ਦਿਨ ਲਈ ਮੁਅੱਤਲ ਕਰ ਕੇ ਸਦਨ ਵਿਚੋਂ ਬਾਹਰ ਕੱਢ ਦਿਤਾ ਗਿਆ ਸੀ | ਬਾਜਵਾ ਦਾ ਕਹਿਣਾ ਹੈ ਕਿ ਭਗਵੰਤ ਸਰਕਾਰ ਨੇ ਰਾਜਪਾਲ ਨੂੰ ਹਨੇਰੇ ਵਿਚ ਰੱਖ ਕੇ 27 ਸਤੰਬਰ ਨੂੰ
ਬਿਨਾਂ ਕਿਸੇ ਨਿਯਮ ਦਾ ਹਵਾਲਾ ਦਿਤੇ ਭਰੋਸੇ ਦਾ ਮਤਾ ਪੇਸ਼ ਕਰ ਕੇ ਅਸੰਵਿਧਾਨਕ ਕੰਮ ਕੀਤਾ ਹੈ | ਰਾਜਪਾਲ ਨੂੰ ਹੀ ਨਹੀਂ ਬਲਕਿ ਵਿਰੋਧੀ ਧਿਰ ਨੂੰ ਵੀ ਹਨੇਰੇ ਵਿਚ ਰਖਿਆ ਗਿਆ ਕਿਉਂਕਿ ਸੈਸ਼ਨ ਸ਼ੁਰੂ ਹੋਣ ਤੋਂ
ਪਹਿਲਾਂ ਹੋਈ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਵੀ ਇਹ ਮਤਾ ਲਿਆਉਣ ਦਾ ਕੋਈ ਫ਼ੈਸਲਾ ਨਹੀਂ ਸੀ ਹੋਇਆ |
ਕਾਂਗਰਸ ਸਦਨ ਵਿਚ ਦੂਜੇ ਦਿਨ ਇਹੀ ਮੱੁਦਾ ਸੱਭ ਤੋਂ ਪਹਿਲਾਂ ਚੁਕੇਗੀ ਜਿਸ ਕਾਰਨ ਟਕਰਾਅ ਤੇ ਹੰਗਾਮੇ ਦੇ ਪੂਰੇ ਆਸਾਰ ਹਨ | ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਸੈਸ਼ਨ ਦੇ ਦੂਜੇ ਦਿਨ ਦੇ ਜਾਰੀ ਪ੍ਰੋਗਰਾਮ ਅਨੁਸਾਰ ਗ਼ੈਰ ਸਰਕਾਰੀ ਕੰਮਕਾਰ ਤਹਿਤ 'ਆਪ' ਦੀ ਮੈਂਬਰ ਸਰਬਜੀਤ ਕੌਰ ਮਾਣੂੰਕੇ ਅਤੇ ਗੁੁਰਲਾਲ ਸਿੰਘ ਘਨੌਰ ਵਲੋਂ ਐਸ.ਸੀ. ਬੱਚਿਆਂ ਦੇ ਵਜ਼ੀਫ਼ੇ ਅਤੇ ਖੇਡਾਂ ਬਾਰੇ ਦੋ ਮਤੇ ਬਹਿਸ ਲਈ ਪੇਸ਼ ਕੀਤੇ ਜਾਣੇ ਹਨ |