
ਔਰਤ ਨੇ ਸੁਖਰਾਜ ਰੰਧਾਵਾ 'ਤੇ ਲਗਾਏ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ
ਅੰਮ੍ਰਿਤਸਰ - ਅੰਮ੍ਰਿਤਸਰ ਵਿਚ ਪੁਲਿਸ ਨੇ ਔਰਤਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ ਕਾਂਗਰਸ ਸਰਪੰਚ ਸੁਖਰਾਜ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਸਰਪੰਚ ਅੰਮ੍ਰਿਤਸਰ ਦੇ ਪਿੰਡ ਮਨਾਂਵਾਲਾ ਦਾ ਰਹਿਣ ਵਾਲਾ ਹੈ। ਸਰਪੰਚ ਨੇ ਔਰਤਾਂ ਨੂੰ ਜੁੱਤੀਆਂ ਮਾਰਨ ਦੀ ਧਮਕੀ ਦਿੱਤੀ ਹੈ ਅਤੇ ਵਿਰੋਧ ਦੇ ਬਾਵਜੂਦ ਗੇਟ ਦਾ ਤਾਲਾ ਤੋੜ ਦਿੱਤਾ। ਇਸ ਦੌਰਾਨ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਗਰੀਨ ਸਿਟੀ ਇਲਾਕਾ ਹੈ, ਜਿੱਥੇ ਵੱਡੀ ਕਾਲੋਨੀ ਬਣੀ ਹੈ।
ਕਾਲੋਨੀ ਦੇ ਦੋ ਗੇਟ ਹਨ। ਕਾਲੋਨੀ ਦਾ ਦੂਜਾ ਗੇਟ ਪਿੰਡ ਦੇ ਨਾਲ ਲੱਗਦਾ ਹੈ। ਪਿੰਡ ਦੀਆਂ ਔਰਤਾਂ ਇਸ ਕਾਲੋਨੀ ਵਿੱਚ ਕੰਮ ਕਰਨ ਲਈ ਜਾਂਦੀਆਂ ਹਨ। ਕਾਲੋਨੀ ਦੀ ਮੈਨੇਜਮੈਂਟ ਨੇ ਕਿਸੇ ਕਾਰਨ ਕਰ ਕੇ ਕਾਲੋਨੀ ਦੇ ਦੂਜੇ ਗੇਟ ਨੂੰ ਤਾਲਾ ਲਾ ਕੇ ਬੰਦ ਕਰ ਦਿੱਤਾ ਸੀ। ਜਦੋਂ ਸਰਪੰਚ ਨੂੰ ਪਤਾ ਲੱਗਾ ਤਾਂ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਉਥੇ ਪਹੁੰਚਿਆ।
ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸਰਪੰਚ ਨੇ ਹੱਥ ਵਿਚ ਹਥੋੜਾ ਫੜਿਆ ਅਤੇ ਗੇਟ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਕਾਲੋਨੀ ਦੀਆਂ ਔਰਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਔਰਤਾਂ ਨਾਲ ਬਦਸਲੂਕੀ ਕੀਤੀ। ਕਾਲੋਨੀ ਵਾਸੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਸਰਪੰਚ ਸਮੇਤ 5 ਲੋਕਾਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਸਰਪੰਚ ਨੂੰ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।