
25 ਸਾਲਾ ਪ੍ਰਦੀਪ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਅਬੋਹਰ: ਅਬੋਹਰ ਦੇ ਪਿੰਡ ਕਿੱਕਰਖੇੜਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਬੀਤੀ ਰਾਤ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਸੇਠ ਪੈਲੇਸ ਦੇ ਸਾਹਮਣੇ ਸਥਿਤ ਇੱਕ ਕਲੋਨੀ ਦੀ ਕੰਧ ਨਾਲ ਮਿਲੀ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਕਿੱਕਰਖੇੜਾ ਵਾਸੀ 25 ਸਾਲਾ ਪ੍ਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 7 ਵਜੇ ਪਿੰਡ ਦੇ ਖੇਡ ਮੈਦਾਨ ਵਿੱਚ ਗਿਆ ਸੀ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਇੱਥੇ ਅੱਜ ਸਵੇਰੇ ਉਸ ਦੀ ਲਾਸ਼ ਸੇਠੀ ਪੈਲੇਸ ਦੇ ਸਾਹਮਣੇ ਅਗਰਸੈਨ ਕਲੋਨੀ ਦੀ ਕੰਧ ਨਾਲ ਪਈ ਮਿਲੀ। ਸੂਚਨਾ ਮਿਲਣ 'ਤੇ ਨਰ ਸੇਵਾ ਸੰਮਤੀ ਮੈਂਬਰ ਬਿੱਟੂ ਨਰੂਲਾ ਅਤੇ ਰਵੀ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਡੀ.ਐੱਸ.ਪੀ ਅਰੁਣ ਮੁੰਡਨ ਅਤੇ ਥਾਣਾ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ 'ਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਰਖਵਾਇਆ ਗਿਆ।
ਦੱਸ ਦੇਈਏ ਕਿ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਦੀ ਲਾਸ਼ ਨੂੰ ਕਾਫੀ ਦੂਰ ਤੱਕ ਘਸੀਟਿਆ ਗਿਆ ਸੀ। ਜਿਸ ਦੇ ਸੁਰਾਗ ਪੁਲਿਸ ਨੇ ਬਰਾਮਦ ਕਰ ਲਏ ਹਨ। ਮ੍ਰਿਤਕ ਨੇ ਸਿਰਫ ਪੈਂਟ ਪਾਈ ਹੋਈ ਸੀ ਅਤੇ ਉਸ ਦਾ ਆਈਫੋਨ ਵੀ ਮੌਕੇ ਤੋਂ ਗਾਇਬ ਸੀ। ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਕਤਲ ਦੇ ਕੋਣ ਤੋਂ ਜਾਂਚ ਕਰ ਰਹੀ ਹੈ। ਪੁਲਸ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।