
ਲਾਸ਼ ਛੱਡ ਕੇ ਹਸਪਤਾਲ 'ਚੋਂ ਭੱਜਿਆ ਪਤੀ ਅਤੇ ਸਹੁਰਾ
ਕਪੂਰਥਲਾ : ਕਪੂਰਥਲਾ ਦੇ ਪਿੰਡ ਖਾਨਗਾਹ 'ਚ ਦੋ ਬੱਚਿਆਂ ਦੀ ਮਾਂ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਪਤੀ ਅਤੇ ਸਹੁਰਾ ਲਾਸ਼ ਲੈ ਕੇ ਆਏ ਪਰ ਬਾਅਦ 'ਚ ਲਾਸ਼ ਨੂੰ ਛੱਡ ਕੇ ਭੱਜ ਗਏ। ਇਸ ਦਾ ਪਤਾ ਲੱਗਣ 'ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਰਖਵਾਇਆ ਹੈ।
ਇਹ ਵੀ ਪੜ੍ਹੋ: ਜ਼ੀਰਾ ਦੇ ਤਤਕਾਲੀ SDM ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਰਜ ਕੀਤੀ FIR
ਕੋਤਵਾਲੀ ਪੁਲਿਸ ਨੇ ਦੋਵਾਂ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ। ਉਸ ਦੀ ਪਛਾਣ 26 ਸਾਲਾ ਹਰਜੀਤ ਕੌਰ ਪਤਨੀ ਜਗਜੀਤ ਸਿੰਘ ਵਾਸੀ ਪਿੰਡ ਖਾਨਗਾਹ ਵਜੋਂ ਹੋਈ ਹੈ। ਥਾਣਾ ਕੋਤਵਾਲੀ ਦੇ ਪੁਲਿਸ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਖਾਨਗਾਹ ਦੀ ਰਹਿਣ ਵਾਲੀ ਔਰਤ ਦੀ ਜ਼ਹਿਰੀਲੀ ਦਵਾਈ ਖਾਣ ਕਾਰਨ ਮੌਤ ਹੋ ਗਈ ਹੈ। ਥਾਣਾ ਸਦਰ ਦੇ ਇੰਚਾਰਜ ਰਮਨ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਮ੍ਰਿਤਕ ਔਰਤ ਇਕ ਬੇਟੇ ਅਤੇ ਬੇਟੀ ਦੀ ਮਾਂ ਸੀ।
ਇਹ ਵੀ ਪੜ੍ਹੋ: ਬਠਿੰਡਾ: ਵਿਜੀਲੈਂਸ ਵਲੋਂ ਨਗਰ ਨਿਗਮ ਦਾ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ 7 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਵਾਸੀ ਪਿੰਡ ਰਾਜਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਨੂੰ ਸਹੁਰੇ ਵਾਲੇ ਤੰਗ ਪ੍ਰੇਸ਼ਾਨ ਕਰਦੇ ਸਨ। ਮਾਂ ਸਰਬਜੀਤ ਕੌਰ ਦੇ ਬਿਆਨਾਂ ’ਤੇ ਪਤੀ ਜਗਜੀਤ ਸਿੰਘ ਅਤੇ ਸਹੁਰੇ ਹਰਜਿੰਦਰ ਸਿੰਘ ਖ਼ਿਲਾਫ਼ ਤੰਗ ਪ੍ਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਪਿਓ-ਪੁੱਤ ਫਰਾਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।