ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ 'ਚ 8ਵਾਂ ਰੈਂਕ ਹਾਸਲ ਕਰਕੇ ਪੰਜਾਬ ਦਾ ਨਾਂ ਕੀਤਾ ਉੱਚਾ
ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ ਮੰਡੀ ਦੀ ਧੀ ਤਾਨੀਆ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਵਿੱਚ 8ਵਾਂ ਰੈਂਕ ਹਾਸਲ ਕਰਕੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਤਾਨੀਆ ਦੀ ਇਹ ਵੱਡੀ ਪ੍ਰਾਪਤੀ ਨਾ ਸਿਰਫ਼ ਉਸ ਦੇ ਪਰਿਵਾਰ ਲਈ, ਸਗੋਂ ਸਾਰੇ ਬਠਿੰਡਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਤਾਨੀਆ ਇਸ ਤੋਂ ਪਹਿਲਾਂ ਬਠਿੰਡਾ ਬਾਰ ਕੌਂਸਲ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਉਥੇ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੀ ਸੀ।
ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਹੁਣ ਉਹ ਜੱਜ ਵਜੋਂ ਨਿਯੁਕਤ ਹੋਵੇਗੀ। ਆਪਣੀ ਸਫਲਤਾ ਦਾ ਸਿਹਰਾ ਤਾਨੀਆ ਨੇ ਆਪਣੇ ਮਾਤਾ-ਪਿਤਾ ਰਾਕੇਸ਼ ਕੁਮਾਰ ਅਤੇ ਰੇਖਾ ਰਾਣੀ ਨੂੰ ਦਿੱਤਾ ਹੈ। ਉਨ੍ਹਾਂ ਨੇ ਹਰ ਪਲ ਉਸ ਦਾ ਹੌਸਲਾ ਵਧਾਇਆ ਤੇ ਮਜ਼ਬੂਤ ਆਧਾਰ ਦਿੱਤਾ। ਤਾਨੀਆ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਤਾਨੀਆ ਨਾਲ ਖਾਸ ਗੱਲਬਾਤ ਕੀਤੀ। ਬਠਿੰਡਾ ਬਾਰ ਕੌਂਸਲ ਵੱਲੋਂ ਤਾਨੀਆ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਤਾਨੀਆ ਨੇ ਕਿਹਾ ਕਿ ਇਹ ਮੁਕਾਮ ਹਾਸਿਲ ਕਰ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਵਿੱਚ ਜੁਡੀਸ਼ੀਅਲ ਸਰਵਿਸ ਵਿਚ ਕੋਈ ਨਹੀਂ ਸੀ, ਪਰ ਇਸ ਸਰਵਿਸ ਵਿਚ ਜਾਣ ਦਾ ਮੇਰਾ ਸ਼ੁਰੂ ਤੋਂ ਮਨ ਸੀ ਅਤੇ ਸਾਰੀ ਐਜੂਕੇਸ਼ਨ ਫਿਰ ਉਸ ਤਰੀਕੇ ਨਾਲ ਹੀ ਹੋਈ। ਉਨ੍ਹਾਂ ਕਿਹਾ ਕਿ ਵਧਾਈਆਂ ਲਈ ਸਾਨੂੰ ਬਹੁਤ ਫੋਨ ਆ ਰਹੇ ਹਨ ਅਤੇ ਅਸੀਂ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਇਹ ਮੁਕਾਮ ਹਾਸਿਲ ਕਰਨ ਲਈ ਮਾਤਾ-ਪਿਤਾ ਦਾ ਬਹੁਤ ਹੀ ਸਹਿਯੋਗ ਰਿਹਾ ਹੈ।
ਤਾਨੀਆ ਨੇ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੀ। ਉਨ੍ਹਾਂ ਕਿਹਾ ਕਿ ਮੈਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਹੈ ਅਤੇ ਇੱਕ ਕਿਤਾਬ ਵੀ ਪਬਲਿਸ਼ ਕੀਤੀ ਸੀ। ਉਨ੍ਹਾਂ ਨੌਜਵਾਨਾਂ ਨੂੰ ਮੈਸੇਜ ਦਿੱਤਾ ਕਿ ਲਗਨ ਅਤੇ ਮਿਹਨਤ ਕਰਦੇ ਰਹੋ, ਫਿਰ ਮੁਕਾਮ ਹਾਸਿਲ ਹੋ ਹੀ ਜਾਂਦਾ ਹੈ। ਬੱਸ ਆਪਣੀ ਮਿਹਨਤ ਅਤੇ ਉਮੀਦ ਕਦੇ ਵੀ ਨਾ ਛੱਡੋ। ਇਸ ਦੌਰਾਨ ਤਾਨੀਆ ਦੇ ਪਿਤਾ ਨੇ ਕਿਹਾ ਕਿ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਤਾਨੀਆ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧੀ ’ਤੇ ਮਾਣ ਹੈ। ਬਠਿੰਡਾ ਬਾਰ ਕੌਂਸਲ ਦੇ ਮੈਂਬਰਾਂ ਨੇ ਵੀ ਤਾਨੀਆ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।
