ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉੱਭਰ ਰਿਹਾ ਪੰਜਾਬ: ਮੁੱਖ ਮੰਤਰੀ ਮਾਨ
Published : Sep 29, 2025, 9:55 pm IST
Updated : Sep 29, 2025, 9:55 pm IST
SHARE ARTICLE
Punjab emerging as the most preferred investment destination across the world: Chief Minister Mann
Punjab emerging as the most preferred investment destination across the world: Chief Minister Mann

ਕਿਹਾ, ਸੂਬਾ ਸਰਕਾਰ ਉਦਯੋਗਾਂ ਲਈ ਬਰਾਬਰਤਾ, ਪਾਰਦਰਸ਼ਤਾ ਅਤੇ ਆਪਸੀ ਸਹਿਯੋਗ ਵਾਲਾ ਮਾਹੌਲ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ

ਗੁਰੂਗ੍ਰਾਮ/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਨਿਵੇਸ਼ ਲਈ ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਤੇਜ਼ੀ ਨਾਲ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉੱਭਰ ਰਿਹਾ ਹੈ।

ਅੱਜ ਗੁਰੂਗ੍ਰਾਮ ਵਿਖੇ ਉਦਯੋਗ ਜਗਤ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਸ਼ੁਰੂ ਤੋਂ ਹੀ ਮਿਹਨਤੀ ਤੇ ਉੱਦਮੀ ਭਾਵਨਾ ਅਤੇ ਅਮੀਰ ਵਿਰਾਸਤ ਵਜੋਂ ਜਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਭਾਰਤ ਦਾ ਅੰਨ ਭੰਡਾਰ ਹੋਣ ਦਾ ਮਾਣ ਹਾਸਲ ਹੈ, ਜੋ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਾਲਾਂਕਿ ਤਿੰਨ ਸਾਲਾਂ ਵਿੱਚ ਪੰਜਾਬ ਦੇ ਉਦਯੋਗਿਕ ਸਫ਼ਰ ਵਿੱਚ ਇੱਕ ਵੱਡੀ ਤਬਦੀਲੀ ਅਤੇ ਪ੍ਰਗਤੀ ਦੇਖਣ ਨੂੰ ਮਿਲੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਸੂਬਾ ਇੱਕ ਉਦਯੋਗਿਕ ਹੱਬ ਬਣ ਗਿਆ ਹੈ, ਜੋ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟ, ਹੈਂਡ ਟੂਲ, ਸਾਈਕਲ, ਆਈਟੀ, ਸੈਰ-ਸਪਾਟਾ ਅਤੇ ਹੋਰ ਖੇਤਰਾਂ ਵਿੱਚ ਮੋਹਰੀ ਬਣ ਕੇ ਉੱਭਰਿਆ ਹੈ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਤਰੱਕੀ ਨੇ ਸੱਚਮੁੱਚ ਦੁਨੀਆਂ ਭਰ ਵਿੱਚ ਆਪਣੀ ਛਾਪ ਛੱਡੀ ਹੈ ਕਿਉਂਕਿ ਦੁਨੀਆ ਭਰ ਦੇ ਨਿਵੇਸ਼ਕਾਂ ਨੇ ਸੂਬੇ ਦੀ ਸਮਰੱਥਾ ਨੂੰ ਪਛਾਣਿਆ ਹੈ। ਉਨ੍ਹਾਂ ਕਿਹਾ ਕਿ ਮਾਰਚ, 2022 ਤੋਂ ਪੰਜਾਬ ਨੂੰ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਹਾਸਲ ਹੋਏ ਹਨ, ਜਿਸ ਨਾਲ 4.7 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ, ਜਿਸ ਦੇ ਚਲਦਿਆਂ ਪੰਜਾਬ ਉਦਯੋਗਿਕ ਵਿਕਾਸ ਅਤੇ ਨਵੀਨਤਾ ਦੇ ਖੇਤਰ ਵਿੱਚ ਇੱਕ ਉੱਭਰ ਰਹੇ ਕੇਂਦਰ ਵਜੋਂ ਸਥਾਪਿਤ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਕਈ ਵੱਕਾਰੀ ਆਲਮੀ ਕੰਪਨੀਆਂ ਦਾ ਘਰ ਹੈ, ਜਿਨ੍ਹਾਂ ਵਿੱਚ ਨੈਸਲੇ, ਕਲਾਸ, ਫਰੂਡੇਨਬਰਗ, ਕਾਰਗਿਲ, ਵਰਬੀਓ, ਡੇਨੋਨ ਅਤੇ ਹੋਰ ਸ਼ਾਮਲ ਹਨ, ਜੋ ਇੱਥੇ ਆਪਣਾ ਕਾਰੋਬਾਰ ਸਥਾਪਤ ਕਰਕੇ ਸੂਬੇ ਦੇ ਆਰਥਿਕ ਪ੍ਰਗਤੀ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਅੰਤਰਰਾਸ਼ਟਰੀ ਕੰਪਨੀਆਂ ਨੇ ਕਾਰੋਬਾਰ ਲਈ ਪੰਜਾਬ ਦੀ ਅਥਾਹ ਸਮਰੱਥਾ ਅਤੇ ਇਸਦੇ ਵਧਣ-ਫੁੱਲਣ ਲਈ ਸੂਬਾ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਸਾਜ਼ਗਾਰ ਮਾਹੌਲ ‘ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਜਾਪਾਨ, ਅਮਰੀਕਾ, ਜਰਮਨੀ, ਯੂਕੇ, ਯੂਏਈ, ਸਵਿਟਜ਼ਰਲੈਂਡ, ਫਰਾਂਸ, ਸਪੇਨ ਅਤੇ ਹੋਰ ਦੇਸ਼ਾਂ ਦੇ ਨਿਵੇਸ਼ ਤੋਂ ਸੂਬੇ ਦੀ ਵਿਸ਼ਵਵਿਆਪੀ ਪਹੁੰਚ ਬਾਰੇ ਸਪੱਸ਼ਟ ਪਤਾ ਚਲਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਕਿਉਂਕਿ ਪੰਜਾਬ ਸੱਚਮੁੱਚ ਨਾ ਸਿਰਫ਼ ਭਾਰਤੀ ਨਿਵੇਸ਼ਕਾਂ ਲਈ ਸਗੋਂ ਦੁਨੀਆ ਭਰ ਦੇ ਲੋਕਾਂ ਲਈ ਇੱਕ ਪਸੰਦੀਦਾ ਨਿਵੇਸ਼ ਸਥਾਨ ਬਣ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਇੱਕ ਨਿਵੇਸ਼-ਪੱਖੀ ਮਾਹੌਲ ਸਿਰਜਿਆ ਹੈ, ਜੋ ਕਾਰੋਬਾਰ ਕਰਨ ਵਿੱਚ ਸੌਖ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਸਦਕਾ ਪੰਜਾਬ ਅੱਜ ਕਾਰੋਬਾਰ ਕਰਨ ‘ਚ ਸੁਖਾਲਾ ਮਾਹੌਲ ਤਿਆਰ ਕਰਨ ਵਿੱਚ ਸਿਖਰਲੇ ਸਥਾਨ 'ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫਾਸਟਟ੍ਰੈਕ ਪੰਜਾਬ ਪੋਰਟਲ ਦੀ ਸ਼ੁਰੂਆਤ ਕੀਤੀ ਹੈ, ਜੋ ਭਾਰਤ ਦਾ ਸਭ ਤੋਂ ਉੱਨਤ ਸਿੰਗਲ-ਵਿੰਡੋ ਸਿਸਟਮ ਹੈ, ਜੋ ਸਿੰਗਲ ਐਂਟਰੀ ਅਤੇ ਐਗਜ਼ਿਟ ਦੇ ਨਾਲ 150 ਤੋਂ ਵੱਧ ਜੀ.ਟੂ.ਬੀ. (ਸਰਕਾਰ ਤੋਂ ਕਾਰੋਬਾਰ) ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਫਲਾਈਨ ਅਰਜ਼ੀਆਂ ਦੇਣ ਦੀ ਸ਼ਰਤ ਨੂੰ ਖ਼ਤਮ ਕਰਕੇ ਅਤੇ ਤੁਰੰਤ ਪ੍ਰਵਾਨਗੀਆਂ ਨੂੰ ਯਕੀਨੀ ਬਣਾ ਰਹੀ ਹੈ ਅਤੇ ਨਾਲ ਹੀ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਰਾਹੀਂ ਸੂਬਾ ਸਰਕਾਰ 125 ਕਰੋੜ ਰੁਪਏ ਤੱਕ ਦੀਆਂ ਯੋਗ ਇਕਾਈਆਂ ਲਈ ਸਿਰਫ਼ ਪੰਜ ਦਿਨਾਂ ਵਿੱਚ ਸਿਧਾਂਤਕ ਪ੍ਰਵਾਨਗੀ ਪ੍ਰਦਾਨ ਕਰਦੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਕੁਝ ਵੱਡੇ ਰੈਗੂਲੇਟਰੀ ਸੁਧਾਰ ਪੇਸ਼ ਕਰਨ ਵਾਲਾ ਪਹਿਲਾ ਸੂਬਾ ਹੈ ਜਿਸ ਵਿੱਚ 45 ਦਿਨਾਂ ਦੇ ਅੰਦਰ ਸਮਾਂ-ਬੱਧ ਪ੍ਰਵਾਨਗੀਆਂ, ਡੀਮਡ ਅਪਰੂਵਲਜ਼, ਐਸਕੇਲੇਸ਼ਨ ਵਿਧੀਆਂ ਅਤੇ ਮੁੱਖ ਲਾਇਸੈਂਸਾਂ ਲਈ ਵਧੀ ਹੋਈ ਵੈਧਤਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਵਟਸਐਪ ਅਲਰਟ, ਏਆਈ ਚੈਟਬੋਟਸ ਅਤੇ ਕਾਲ ਸੈਂਟਰਾਂ ਰਾਹੀਂ ਨਿਵੇਸ਼ਕ ਸਹਾਇਤਾ ਅਸਲ-ਸਮੇਂ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਂਦੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਡਿਜੀਟਲ ਸੀਆਰਓ ਰਿਪੋਰਟਾਂ, ਫਾਇਰ ਐਨਓਸੀ ਦੀ ਵਧੀ ਹੋਈ ਵੈਧਤਾ ਅਤੇ ਲੀਜ਼ਹੋਲਡ ਤੋਂ ਫ੍ਰੀਹੋਲਡ ਵਿੱਚ ਤਬਦੀਲੀਆਂ ਕਾਰਜਾਂ ਨੂੰ ਹੋਰ ਸਰਲ ਬਣਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਉਦਯੋਗ ਦਰਮਿਆਨ ਭਾਈਵਾਲੀ ਸਫਲਤਾ ਦੀ ਕੁੰਜੀ ਹੈ ਅਤੇ ਸੂਬਾ ਸਰਕਾਰ ਨੂੰ ਪੂਰਾ ਵਿਸ਼ਵਾਸ ਹੈ ਕਿ ਉਦਯੋਗਿਕ ਵਿਕਾਸ ਸਿਰਫ਼ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਬਰਾਬਰ ਭਾਈਵਾਲਾਂ ਵਜੋਂ ਕੰਮ ਕਰੀਏ। ਉਨ੍ਹਾਂ ਕਿਹਾ ਕਿ ਇਹ ਸਿਧਾਂਤ 2022 ਵਿੱਚ ਪੇਸ਼ ਕੀਤੀ ਗਈ ਸਾਡੀ ਨਵੀਂ ਉਦਯੋਗਿਕ ਨੀਤੀ ਦਾ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਉਦਯੋਗਿਕ ਖੇਤਰ ਦੇ ਦਿੱਗਜਾਂ ਅਤੇ ਭਾਈਵਾਲਾਂ ਦੇ ਸਲਾਹ-ਮਸ਼ਵਰਾ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਉਦਯੋਗਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਵੱਲੋਂ ਖੇਤਰ-ਵਿਸ਼ੇਸ਼ ਨੀਤੀਆਂ ਤਿਆਰ ਕਰਨ ਲਈ ਉਦਯੋਗਿਕ ਖੇਤਰ ਦੇ ਦਿੱਗਜਾਂ ਦੀ ਪ੍ਰਧਾਨਗੀ ਹੇਠ 24 ਸੈਕਟਰਲ ਕਮੇਟੀਆਂ ਬਣਾਈਆਂ ਗਈਆਂ ਹਨ।

ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਦਯੋਗਾਂ ਅਤੇ ਕਾਰੋਬਾਰਾਂ ਨਾਲ ਬਰਾਬਰਤਾ, ਪਾਰਦਰਸ਼ਤਾ ਅਤੇ ਆਪਸੀ ਸਹਿਯੋਗ ਦੀ ਭਾਈਵਾਲੀ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉੱਦਮੀਆਂ ਦੇ ਵਪਾਰਕ ਸਫ਼ਰ ਨੂੰ ਸੁਚਾਰੂ ਬਣਾਉਣ ਲਈ ਵਚਨਬੱਧ ਹੈ।

ਇਸ ਭਾਈਵਾਲੀ ਨੂੰ ਹੋਰ ਮਜ਼ਬੂਤੀ ਦੇਣ ਲਈ, ਭਗਵੰਤ ਸਿੰਘ ਮਾਨ ਨੇ ਉਦਯੋਗਪਤੀਆਂ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਛੇਵੇਂ ਐਡੀਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ 13, 14 ਅਤੇ 15 ਮਾਰਚ, 2026 ਨੂੰ ਮੋਹਾਲੀ, ਪੰਜਾਬ ਵਿਖੇ ਕਰਵਾਇਆ ਜਾਵੇਗਾ ਅਤੇ ਇਸ ਦੌਰਾਨ ਉਦਯੋਗਪਤੀ, ਨੀਤੀ ਘਾੜੇ ਅਤੇ ਖੋਜਕਾਰ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਹੋਰ ਬੁਲੰਦੀਆਂ ‘ਤੇ ਲੈ ਜਾਣ ਬਾਰੇ ਵਿਚਾਰ ਸਾਂਝੇ ਕਰਨਗੇ ਅਤੇ ਸਹਿਯੋਗ ਦੇਣ ਲਈ ਇਕੱਠੇ ਹੋਣਗੇ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੀ ਮੁਹਾਰਤ ਅਤੇ ਸੂਝ ਪੰਜਾਬ ਦੇ ਭਵਿੱਖ ਨੂੰ ਆਕਾਰ ਦੇਣ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਪੰਜਾਬ ਦੀ ਸਮਰੱਥਾ ਨੂੰ ਉਜਾਗਰ ਕਰਨ ਅਤੇ ਸਮਝਣ, ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨ ਅਤੇ ਨੈੱਟਵਰਕਿੰਗ ਲਈ ਇੱਕ ਆਦਰਸ਼ ਮੰਚ ਪ੍ਰਦਾਨ ਕਰੇਗਾ। ਮੁੱਖ ਮੰਤਰੀ ਨੇ ਕਿਹਾ, “ਅਸੀਂ ਇਕਜੁਟ ਹੋ ਕੇ ਪੰਜਾਬ ਵਿੱਚ ਸਥਾਈ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਉਦਯੋਗਿਕ ਈਕੋਸਿਸਟਮ ਸਿਰਜ ਸਕਦੇ ਹਾਂ ਜਿਸ ਲਈ ਤੁਹਾਡੀ ਭਾਈਵਾਲੀ, ਵਿਸ਼ਵਾਸ ਅਤੇ ਵਚਨਬੱਧਤਾ ਬੇਹੱਦ ਜ਼ਰੂਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM
Advertisement