
ਲੋਕਾਂ ਦਾ ਭੜਕਿਆ ਗੁੱਸਾ, ‘ਅਸੀਂ ਆਜ਼ਾਦ ਨਹੀਂ ਹੋਏ, ਗ਼ੁਲਾਮ ਹੀ ਹਾਂ’
Village Makora Pattan Gurdaspur News: ਪੰਜਾਬ ਵਿਚ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ ਹੈ। ਰੋਜ਼ਾਨਾ ਸਪੋਕਸਮੈਨ ਟੀ.ਵੀ. ਦੀ ਟੀਮ ਨੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਮਕੌੜਾ ਪੱਤਣ ਦਾ ਦੌਰਾ ਕੀਤਾ। ਮੀਂਹ ਵਾਲੇ ਮੌਸਮ ਦੌਰਾਨ ਇਨ੍ਹਾਂ ਪਿੰਡਾਂ ਦਾ ਸੰਪਰਕ ਗੁਰਦਾਸਪੁਰ ਨਾਲੋਂ ਟੁਟ ਜਾਂਦਾ ਹੈ। ਇਸ ਪਿੰਡ ਦੇ ਬੱਚਿਆਂ ਨੂੰ ਗੁਰਦਾਸਪੁਰ ’ਚ ਸਕੂਲ ਜਾਣ ਲਈ ਬੇੜੇ ਰਾਹੀਂ ਜਾਣਾ ਪੈਂਦਾ ਹੈ। ਲੋਕਾਂ ਨੂੰ ਬੇੜੇ ਰਾਹੀਂ ਦਰਿਆ ਨੂੰ ਪਾਰ ਕਰਨਾ ਪੈਂਦਾ ਹੈ। ਇਸ ਪਿੰਡ ਨੂੰ ਪੰਜਾਬ ਵਿਚ ਆਏ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਾਰਨ ਕਈ ਲੋਕਾਂ ਦੇ ਘਰ ਵੀ ਢਹਿ-ਢੇਰੀ ਹੋ ਗਏ ਹਨ। ਸਰਹੱਦੀ ਇਲਾਕਿਆਂ ਦੇ ਇਹ ਹਾਲਾਤ ਹਨ ਕਿ ਲੋਕ ਕਿਸ਼ਤੀ ਰਾਹੀਂ ਅਪਣੇ ਘਰ ਦਾ ਸਮਾਨ ਲੈ ਕੇ ਜਾਂਦੇ ਹਨ ਜਾਂ ਡਾਕਟਰ ਕੋਲ ਵੀ ਕਿਸ਼ਤੀ ਰਾਹੀਂ ਹੀ ਜਾਣਾ ਪੈਂਦਾ ਹੈ।
ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਸਮੇਂ ਸੰਘਰਸ਼ ਨਾਲ ਜੂਝਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਇਥੇ ਪੁਲ ਬਣਾਉਣ ਲਈ ਪੈਸਾ ਦਿਤਾ ਹੋਇਆ ਹੈ, ਫਿਰ ਪੰਜਾਬ ਸਰਕਾਰ ਲਾਰੇ ਕਿਉਂ ਲਾ ਰਹੀ ਹੈ? ਅਸੀਂ ਇਕੱਠੇ ਹੋ ਕੇ ਡੀਸੀ ਸਾਹਿਬ ਕੋਲ ਵੀ ਗਏ, ਬੱਸ ਸਾਨੂੰ ਇਹੀ ਜਵਾਬ ਮਿਲਿਆ ਕਿ ਕੰਮ ਹੁਣ ਸ਼ੁਰੂ ਹੁੰਦਾ, ਹੁਣ ਸ਼ੁਰੂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਪੁਲ ਬਣਨ ਦਾ ਕੰਮ ਜਲਦੀ ਸ਼ੁਰੂ ਨਾ ਹੋਇਆ ਤਾਂ, ਸਾਡੇ ਕੋਲ ਵੋਟਾਂ ਮੰਗਣ ਨਾ ਆਇਉ। ਉਨ੍ਹਾਂ ਕਿਹਾ ਕਿ ਅਸੀਂ ਅਪਣਾ ਹੱਕ ਜ਼ੋਰ ਨਾਲ ਲਵਾਂਗੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਬੀਮਾਰ ਹੋਵੇ, ਤਾਂ ਅਜਿਹੇ ਹਾਲਾਤ ਵਿਚ ਅਸੀਂ ਉਸ ਨੂੰ ਡਾਕਟਰ ਕੋਲ ਕਿਵੇਂ ਲੈ ਕੇ ਜਾਈਏ। ਉਨ੍ਹਾਂ ਕਿਹਾ ਕਿ ਇਥੇ 8 ਪਿੰਡ ਹਨ, ਪਰ ਹਾਲੇ ਤਕ ਪੁਲ ਨਹੀਂ ਬਣਿਆ।
ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਪੁਲ ਨਾ ਬਣਿਆ ਤਾਂ ਅਸੀਂ ਸਾਰੇ ਅੱਠਾਂ ਪਿੰਡ ਵਾਲਿਆਂ ਨੇ ਵੋਟਾਂ ਨਹੀਂ ਦੇਣੀਆਂ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸਾਡੇ ਪਿੰਡ ’ਚ ਬਹੁਤ ਨੁਕਸਾਨ ਹੋਇਆ ਹੈ। ਸਾਡੇ ਘਰਾਂ ਦਾ ਸਾਰਾ ਸਮਾਨ ਖ਼ਰਾਬ ਹੋ ਗਿਆ। ਸਾਨੂੰ ਫ਼ੌਜ ਨੇ ਹੜ੍ਹ ਦੇ ਪਾਣੀ ’ਚੋਂ ਬਚਾਇਆ ਹੈ। ਇਸ ਦੌਰਾਨ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਜਾਣ ਲਈ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਕੇ ਜਾਣਾ ਪੈਂਦਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸ਼ਤੀ ਰਾਹੀਂ ਆਣ-ਜਾਣ ਵਿਚ ਬਹੁਤ ਸਮਾਂ ਲਗਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਕੋਲ ਸਿਰਫ਼ ਇਕ ਕਿਸ਼ਤੀ ਹੈ, ਪਰ ਸਰਕਾਰ ਇਕ ਬੇੜਾ ਵੀ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਜੇਕਰ ਦੋ ਕਿਸ਼ਤੀਆਂ ਹੁੰਦੀਆਂ, ਤਾਂ ਇਕ ਕਿਸ਼ਤੀ ਲੋਕਾਂ ਦੇ ਆਣ-ਜਾਣ ਲਈ ਹੁੰਦੀ ਅਤੇ ਇਕ ਕਿਸ਼ਤੀ ’ਤੇ ਸਮਾਨ ਹੀ ਜਾਂਦਾ।
ਉਨ੍ਹਾਂ ਕਿਹਾ ਕਿ 2-2 ਘੰਟੇ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਤੋਂ ਇਕ ਬੇੜਾ ਸਾਡੇ ਕੋਲ ਭੇਜਿਆ ਗਿਆ ਹੈ, ਪਰ ਸਰਕਾਰ ਇਕ ਵੀ ਬੇੜਾ ਨਹੀਂ ਦੇ ਸਕੀ। ਪਿੰਡ ਵਾਸੀਆਂ ਨੇ ਕਿਹਾ ਕਿ ਪੁਲ ਬਣਾਉਣ ਲਈ ਕਈ ਐਮ.ਪੀ ਅਤੇ ਵਿਧਾਇਕਾਂ ਨੇ ਵਾਅਦੇ ਕੀਤੇ ਸਨ, ਪਰ ਹਾਲੇ ਤਕ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਇਹ 8 ਪਿੰਡ ਟਾਪੂ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਥੋਂ ਦੇ ਕਿਸਾਨ ਫ਼ਸਲਾਂ ਵੇਚਣ ਲਈ ਕਿਵੇਂ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ 5-6 ਫੁਟ ਤਕ ਹੜ੍ਹਾਂ ਦਾ ਪਾਣੀ ਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਤੋਂ ਹਾਲੇ ਤਕ ਕੋਈ ਰਾਹਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋ ਗਿਆ, ਪਰ ਅਸੀਂ ਆਜ਼ਾਦ ਨਹੀਂ ਹੋਏ, ਕਿਉਂਕਿ ਅਸੀਂ ਹੜ੍ਹ ਕਾਰਨ ਚਾਰੇ ਪਾਸਿਉਂ ਪਾਣੀ ਨਾਲ ਘਿਰ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਇਕੋ ਮੰਗ ਕਰਦੇ ਹਾਂ ਕਿ ਸਾਨੂੰ ਇਕ ਪੱਕਾ ਪੁਲ ਬਣਾ ਕੇ ਦੇ ਦਿਉ।