
ਪਰਾਲੀ ਦੇ ਧੂੰਏਂ ਕਾਰਨ ਕਾਰ ਅਤੇ ਟਰਾਲੇ ਦੀ ਟੱਕਰ ਵਿਚ ਮਾਂ-ਧੀ ਸਣੇ ਪੰਜ ਮੌਤਾਂ
ਬਠਿੰਡਾ (ਦਿਹਾਤੀ), 28 ਅਕਤੂਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਜ਼ਿਲ੍ਹੇ ਦੇ ਬਠਿੰਡਾ-ਮਾਨਸਾ ਰੋਡ 'ਤੇ ਸਥਿਤ ਪਿੰਡ ਕੋਟਫ਼ੱਤਾ ਲਾਗੇ ਇਕ ਨਿਜੀ ਸਕੂਲ ਕੋਲ ਕਾਰ ਤੇ ਟਰਾਲੇ ਦੀ ਜ਼ਬਰਦਸਤ ਟੱਕਰ ਵਿਚ ਮਾਂ-ਧੀ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਾਲੇ ਪਾਸਿਉਂ ਪੋਲੋ ਕਾਰ ਵਿਚ ਮਾਖੇਵਾਲਾ ਅਤੇ ਧੰਨ ਸਿੰਘ ਵਾਲਾ ਦੇ ਪਰਵਾਰ ਦੇ ਪੰਜ ਵਿਅਕਤੀ ਸਵਾਰ ਸਨ, ਪਰ ਜਦ ਕਾਰ ਕੋਟਸ਼ਮੀਰ ਅਤੇ ਕੋਟਫੱਤਾ ਲਾਗੇ ਪੁੱਜੀ ਤਦ ਮਾਨਸਾ ਵਾਲੇ ਪਾਸਿਉਂ ਆ ਰਹੇ ਘੋੜੇ ਟਰਾਲੇ ਨਾਲ ਟਕਰਾ ਗਈ। ਸੜਕ ਹਾਦਸੇ ਦਾ ਮੁੱਖ ਕਾਰਨ ਪਰਾਲੀ ਦਾ ਧੂੰਆਂ ਸੀ ਕਿਉਕਿ ਸੜਕ ਉਪਰ ਕੁੱਝ ਵੀ ਵਿਖਾਈ ਨਹੀ ਦੇ ਰਿਹਾ ਸੀ। ਜ਼ਬਰਦਸਤ ਟੱਕਰ ਵਿਚ ਕਾਰ ਦੇ ਚੀਥੜੇ ਉਡ ਗਏ ਅਤੇ ਮੌਕੇ 'ਤੇ ਹੀ ਔਰਤ ਸਣੇ ਚਾਰ ਕਾਰ ਸਵਾਰਾਂ ਦੀ ਮੌਤ ਹੋ ਗਈ ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਬੱਚੀ ਦੀ ਵੀ ਹਸਪਤਾਲ ਜਾਂਦਿਆਂ ਮੌਤ ਹੋ ਗਈ। ਹਾਦਸੇ ਵਿਚ ਮਰਨ ਵਾਲਿਆਂ ਵਿਚ ਸੁਰਜੀਤ ਸਿੰਘ ਨਾਮਕ ਪੁਲਿਸ ਮੁਲਾਜ਼ਮ ਵੀ ਸੀ। ਉਧਰ ਘਟਨਾ ਸਥਾਨ 'ਤੇ ਪੁੱਜੇ ਪੁਲਿਸ ਅਧਿਕਾਰੀ ਚਿਮਨ ਲਾਲ ਨੇ ਦਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
image